ਮਲੇਰਕੋਟਲਾ, 13 ਮਾਰਚ (ਅਬੂ ਜ਼ੈਦ): ਪੰਜਾਬ ਵਕਫ ਬੋਰਡ ਨਿਰੋਲ ਮੁਸਲਮਾਨਾਂ ਦਾ ਅਦਾਰਾ ਹੈ ਜੋ 2 ਸਤੰਬਰ 1961 ਨੂੰ ਵਕਫ ਐਕਟ 1954 ਦੀ ਧਾਰਾ 9 ਤਹਿਤ ਸਥਾਪਿਤ ਕੀਤਾ ਗਿਆ । ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਬਨਣ ਤੋਂ 3 ਸਾਲ ਤੱਕ ਬੋਰਡ ਦਾ ਗਠਨ ਨਾ ਹੋਇਆ ਹੋਵੇ । ਅੱਜ ਚੰਡੀਗੜ੍ਹ ਦਫਤਰ ਵਿਖੇ ਹੋਈ ਪੰਜਾਬ ਵਕਫ ਬੋਰਡ ਦੀ ਮੀਟਿੰਗ ਵਿੱਚ ਚਿਰਾਂ ਤੋਂ ਲਟਕਦਾ ਆ ਰਿਹਾ ਚੇਅਰਮੈਨੀ ਦਾ ਮਸਲਾ ਹੱਲ ਹੋ ਗਿਆ ਜਦੋਂ ਪ੍ਰਸਿੱਧ ਉਦਯੋਗਪਤੀ ਅਤੇ ਸਮਾਜਸੇਵੀ ਮੁਹੰਮਦ ਉਵੈਸ ਨੂੰ ਸਰਵਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ । ਭਾਵੇਂ ਕੁਝ ਲੋਕਾਂ ਦੇ “ਦਿਲ ਕੇ ਅਰਮਾਂ, ਆਸੂਓਂ ਮੇਂ ਬਹਿ ਗਏ” ਪਰੰਤੂ ਕੁਲ ਮਿਲਾਕੇ ਮਾਹੌਲ ਸ਼ਾਂਤ ਰਿਹਾ । ਮੁਹੰਮਦ ਉਵੈਸ ਨੇ ਵਕਫ ਬੋਰਡ ਦੇ ਚੇਅਰਮੈਨ ਬਨਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਮੁਸਲਿਮ ਕੌਮ ਦੇ ਨਿਰੋਲ ਅਦਾਰੇ ਰਾਹੀਂ ਕੌਮ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਬੋਰਡ ਦੇ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਪ੍ਰਸਨਲਟੀ ਡਿਵੈਲਪਮੈਂਟ ਉੱਤੇ ਜ਼ੋਰ ਦਿੱਤਾ ਜਾਵੇਗਾ ਕਿਉਂਕਿ ਕੋਈ ਵੀ ਵਿਅਕਤੀ ਚੰਗਾ ਇੰਜਨੀਅਰ, ਡਾਕਟਰ ਜਾਂ ਅਫਸਰ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲਾਂ ਉਹ ਚੰਗਾ ਇਨਸਾਨ ਹੋਵੇ । ਉਹਨਾਂ ਕਿਹਾ ਕਿ ਬੋਰਡ ਵੱਲੋਂ ਚਲਾਇਆ ਜਾ ਰਿਹਾ ਪੰਜਾਬ ਦਾ ਇਕਲੌਤਾ ਹਜ਼ਰਤ ਹਲੀਮਾ ਹਸਪਤਾਲ ਦੇ ਪ੍ਰਬੰਧ ਨੂੰ ਇੱਕ ਮਹੀਨੇ ਅੰਦਰ ਸੁਧਾਰਿਆ ਜਾਵੇਗਾ ਤਾਂ ਕਿ ਲੋਕਾਂ ਨੂੰ ਸਸਤਾ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਸਕੇ । ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦੀਆਂ ਹੋ ਰਹੀਆਂ ਚਰਚਾਵਾਂ ਸਬੰਧੀ ਬਾਰੀਕੀ ਨਾਲ ਜਾਂਚਿਆ ਜਾਵੇਗਾ ਜੋ ਸੁਧਾਰ ਕਰਨ ਦੀ ਲੋੜ ਹੋਵੇਗੀ ਜਰੂਰ ਕੀਤੇ ਜਾਣਗੇ ।
ਦੱਸਣਯੋਗ ਹੈ ਕਿ ਨਵਨਿਯੁਕਤ ਚੇਅਰਮੈਨ ਮੁਹੰਮਦ ਉਵੈਸ ਬਹੁਤ ਵੱਡੇ ਸਮਾਜਸੇਵੀ ਅਤੇ ਦਾਨੀ ਸੱਜਣ ਹਨ । ਉਹਨਾਂ ਦਾ ਟੀਚਾ ਹੈ ਕਿ ਉਹ ਆਪਣੀ ਸਮਰੱਥਾ ਮੁਤਾਬਕ ਹਰ ਮੁਸਲਮਾਨ ਨੂੰ ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ । ਇਸ ਲਈ ਉਹਨਾਂ ਨੇ ‘ਦ ਟਾਉਨ ਸਕੂਲ’, ਅਹਿਲ ਹਦੀਸ ਸਮੇਤ ਮਿਆਰੀ ਸਿੱਖਿਆ ਵਾਲੇ 12 ਸਕੂਲ ਆਪਣੇ ਖਰਚੇ ਨਾਲ ਖੋਲੇ ਜਿੱਥੇ ਹਜ਼ਾਰਾਂ ਦੀ ਗਿਣਤੀ ‘ਚ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ ਉੱਥੇ ਹੀ ਸੈਂਕੜੇ ਪੜ੍ਹੇਲਿਖੇ ਲੜਕੇ-ਲੜਕੀਆਂ ਨੂੰ ਅਧਿਆਪਨ ਦੇ ਖੇਤਰ ‘ਚ ਰੋਜ਼ਗਾਰ ਮਿਲਿਆ ਹੋਇਆ ਹੈ । ਉਹਨਾਂ ਦੀ ਆਪਣੀ ਸ਼ੂਜ ਫੈਕਟਰੀ ਸਟਾਰ ਇੰਮਪੈਕ ਰਾਹੀਂ ਹਜ਼ਾਰਾਂ ਪਰਿਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੇ ਹਨ । ਲੰਬੇ ਸਮੇਂ ਤੱਕ ਆਪਣੇ ਖਰਚ ਉੱਤੇ ਇਲਾਕੇ ਦੇ ਲੋਕਾਂ ਨੂੰ ਸੀਐਮਸੀ ਹਸਪਤਾਲ ਦੇ ਅਨੁਭਵੀ ਡਾਕਟਰਾਂ ਦੀ ਟੀਮ ਰਾਹੀਂ ਸਸਤਾ ਇਲਾਜ ਮੁਹੱਈਆ ਕਰਵਾਇਆ ।
ਪੰਜਾਬ ਵਕਫ ਬੋਰਡ ਦੇ ਚੇਅਰਮੈਨ ਬਨਣ ‘ਤੇ ਮੁਹੰਮਦ ਉਵੈਸ ਨੂੰ ਜਿੱਥੇ ਸਮੁੱਚੇ ਪੰਜਾਬ ਵਿੱਚੋਂ ਮੁਬਾਰਕਾਂ ਮਿਲ ਰਹੀਆਂ ਹਨ ਉੱਤੇ ਹੀ ਵੱਡੀਆਂ ਚੁਨੌਤੀਆਂ ਵੀ ਸਾਹਮਣੇ ਹਨ । ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ ਟਰਮ ਦਾ ਸਮਾਂ ਦੋ ਸਾਲ ਤੋਂ ਵੀ ਘੱਟ ਰਹਿ ਗਿਆ ਹੈ ਯਾਨੀ ਕੰਮ ਕਰਨ ਲਈ ਸਿਰਫ ਡੇਢ ਸਾਲ ਹੀ ਬਚਿਆ ਹੈ ਕਿਉਂਕਿ 6 ਮਹੀਨੇ ਪਹਿਲਾਂ ਤਾਂ ਕੌਂਸਲਰਾਂ, ਵਿਧਾਇਕਾਂ ਅਤੇ ਵਰਕਰਾਂ ਦਾ ਘਰ ਵਾਪਸੀ ਦਾ ਰੁਝਾਣ ਸ਼ੁਰੂ ਹੋ ਜਾਂਦਾ ਹੈ । ਵੈਸੇ ਵੀ ਚੰਗਾ ਸਮਾਂ ਪਲਕ ਝਪਕਦੇ ਹੀ ਬੀਤ ਜਾਂਦਾ ਹੈ । ਅਦਾਰਾ ਅਬੂ ਜ਼ੈਦ ਵੱਲੋਂ ਚੇਅਰਮੈਨ ਮੁਹੰਮਦ ਉਵੈਸ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਜਾਂਦੀ ਹੈ ਉੱਥੇ ਹੀ ਕੁਝ ਬੇਨਤੀਆਂ ਵੀ ਹਨ ਜੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਮੁਸਲਿਮ ਕੌਮ ਦੀ ਹਾਲਤ ਕਾਫੀ ਸੁਧਰ ਸਕਦੀ ਹੈ ।
ਬੋਰਡ ਦੇ ਹੋਣ ਵਾਲੇ ਕੁਝ ਕੰਮ ਜਿਹਨਾਂ ਦੀ ਮੁਸਲਿਮ ਕੌਮ ਨੂੰ ਬਹੁਤ ਲੋੜ ਹੈ:
- ਹਜ਼ਰਤ ਹਲੀਮਾ ਹਸਪਤਾਲ ਬੋਰਡ ਦਾ ਇਕਲੌਤਾ ਹਸਪਤਾਲ ਹੈ ਜਿਸ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰੰਤੂ ਮੁਸਲਿਮ ਕੌਮ ਨੂੰ ਇਸ ਦਾ ਕੋਈ ਲਾਭ ਨਹੀਂ ਹੋਇਆ । ਇੱਥੇ ਇਲਾਜ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਮਹਿੰਗਾ ਹੈ । ਡਾਕਟਰ ਲੱਖਾਂ ਦੀਆਂ ਤਨਖਾਹਾਂ ਲੈ ਕੇ ਇਸ ਨੂੰ ਸਿਰਫ ਆਪਣੇ ਪ੍ਰਾਈਵੇਟ ਪ੍ਰੈਕਟਿਸ ਚਲਾਉਣ ਲਈ ਪਲੇਟਫਾਰਮ ਵੱਲੋਂ ਵਰਤੋਂ ਕਰਦੇ ਹਨ ਅਤੇ ਨਾਮ ਚਲਦੇ ਹੀ ਆਪਣਾ ਹਸਪਤਾਲ ਖੋਲਕੇ ਬੈਠ ਜਾਂਦੇ ਨੇ । ਹਲੀਮਾ ਹਸਪਤਾਲ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਇਲਾਜ ਸਸਤਾ ਕੀਤਾ ਜਾਵੇ ।
- ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਦਰਜਨਾਂ ਸਕੂਲ ਚਲਦੇ ਹਨ ਜੋ ਸਿਰਫ ਨਾਂਅ ਦੇ ਹੀ ਸਕੂਲ ਹਨ । ਸਿੱਖਿਆ ਦਾ ਮਿਆਰ ਬਹੁਤ ਹੀ ਨਿਚਲੇ ਪੱਧਰ ਉੱਤੇ ਪਹੁੰਚ ਚੁੱਕਾ ਹੈ । ਅਧਿਆਪਕਾਂ ਦੀ ਤਨਖਾਹਾਂ ਬਹੁਤ ਹੀ ਘੱਟ ਹਨ ਅਤੇ ਸਾਲਾਂ ਤੋਂ ਪੱਕੇ ਨਹੀਂ ਕੀਤੇ ਗਏ । ਅਧਿਆਪਕਾਂ ਨੂੰ ਪੱਕੇ ਕਰਕੇ ਮਾਕੂਲ ਤਨਖਾਹ ਦੇ ਕੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਿਆ ਜਾਵੇ ।
- ਵਕਫ ਬੋਰਡ ਦਾ ਨਾਮ ਲੈਂਦੇ ਹੀ ਭ੍ਰਿਸ਼ਟਾਚਾਰ ਸ਼ਬਦ ਦਿਮਾਗ ਵਿੱਚ ਘੁੰਮਣ ਲਗਦਾ ਹੈ । ਪਿਛਲੇ ਸਮੇਂ ਵਿੱਚ ਵੱਡੇ ਪੱਧਰ ਉੱਤੇ ਭ੍ਰਿਸ਼ਟਾਚਾਰ ਹੁੰਦਾ ਰਿਹਾ ਹੈ ਉਸਨੂੰ ਠੱਲ ਪਾਉਣ ਲਈ ਪੈਨੀ ਨਜ਼ਰ ਰੱਖਣ ਦੀ ਲੋੜ ਹੈ, ਆਮਦਨ ਤੋਂ ਵੱਧ ਜਾਇਦਾਦ ਬਣਾ ਚੁੱਕੇ ਮੁਲਾਜ਼ਮਾਂ ਉੱਤੇ ਵੀ ਸ਼ਿਕੰਜਾ ਕਸਿਆ ਜਾਵੇ । ਕਿਉਂਕਿ 88 ਲੱਖ ਰੁਪਏ ਚੇਕ ਰਾਹੀਂ ਬੋਰਡ ਦੇ ਖਾਤੇ ਵਿੱਚੋਂ ਕੱਢਵਾ ਕੇ ਘਪਲਾ ਕਰਨ ਵਾਲੇ ਅੱਜ ਵੀ ਅੰਦਰ ਹੀ ਮੌਜੂਦ ਹਨ ।
- ਕਈ ਲੋੜਵੰਦ ਅਦਾਰੇ ਵਕਫ ਬੋਰਡ ਦੀ ਇਮਦਾਦ ਤੋਂ ਵਾਂਝੇ ਹਨ ਅਤੇ ਅਨੇਕਾਂ ਅਦਾਰੇ ਜੋ ਮੁਨਾਫਾ ਕਮਾ ਰਹੇ ਹਨ ਅਤੇ ਵਕਫ ਬੋਰਡ ਤੋਂ ਇਮਦਾਦ ਵੀ ਹਾਸਲ ਕਰ ਰਹੇ ਹਨ ਅਜਿਹੇ ਅਦਾਰਿਆਂ ਦੀ ਛਾਨਬੀਨ ਕਰਕੇ ਇਮਦਾਦ ਦੇਣੀ ਚਾਹੀਦੀ ਹੈ ।
- ਪੰਜਾਬ ਦੇ ਦਰਜਨਾਂ ਪਿੰਡਾਂ ਵਿਚ ਮੁਰਦਿਆਂ ਨੂੰ ਦਫਨਾਉਣ ਲਈ ਕਬਰਿਸਤਾਨ ਨਹੀਂ ਹਨ ਉੱਥੇ ਜਮੀਨ ਖਰੀਦਕੇ ਪ੍ਰਬੰਧ ਕਰਨ ਦੀ ਲੋੜ ਹੈ ।
- ਪੰਜਾਬ ਦੇ ਵੱਡੀ ਗਿਣਤੀ ‘ਚ ਪਿੰਡਾਂ ਦੀਆਂ ਮਸਜਿਦਾਂ ਨੂੰ ਏਡ ਨਹੀਂ ਲੱਗੀ ਹੋਈ ਜਿੱਥੇ ਮੁਸਲਿਮ ਅਬਾਦੀ ਘੱਟ ਹੋਣ ਕਾਰਣ ਉਹ ਲੋਕ ਇਮਾਮ ਦੀ ਤਨਖਾਹ ਵੀ ਨਹੀਂ ਦੇ ਸਕਦੇ ਅਜਿਹੇ ਵਿੱਚ ਬਿਨਾਂ ਇਮਾਮ ਤੋਂ ਨਮਾਜ ਲਈ ਅਤੇ ਬੱਚਿਆਂ ਦੀ ਅਰਬੀ ਪੜਾਈ ਲਈ ਵੱਡੀ ਸਮੱਸਿਆ ਬਣੀ ਹੋਈ ਹੈ । ਅਜਿਹੇ ਕਈ ਕੇਸ ਖੰਨਾ ਦਫਤਰ ਨਾਲ ਸਬੰਧਤ ਅਮਲੋਹ ਨੇੜਲੇ ਪਿੰਡਾਂ ਦੇ ਹਨ ਜੋ ਸਾਲਾਂ ਤੋਂ ਦਫਤਰ ਦੇ ਚੱਕਰ ਕੱਟ ਰਹੇ ਹਨ ਪਰੰਤੂ ਬਾਬੂ ਕੋਈ ਰਾਹ ਨਹੀਂ ਦੇ ਰਹੇ ਅਤੇ ਸ਼ਹਿਰਾਂ ਵਿੱਚ ਅਮੀਰ ਜਾਇਦਾਦਾਂ ਵਾਲੀਆਂ ਮਸਜਿਦਾਂ ਨੂੰ ਵੀ ਏਡ ਲੱਗੀ ਹੋਈ ਹੈ ।



