ਕੁਰਆਨ ਪਾਕ ਪੜ੍ਹਨ ਦੇ ਨਾਲ-ਨਾਲ ਸਮਝਕੇ ਮੁਕੱਦਸ ਕਿਤਾਬ ਦੇ ਮੁਤਾਬਿਕ ਜ਼ਿੰਦਗੀ ਗੁਜਾਰਨ ਦੀ ਪ੍ਰੇਰਣਾ ਲਈ ਜਾਵੇ-ਡਾ. ਮੁਹੰਮਦ ਸ਼ਬੀਰ
ਮਲੇਰਕੋਟਲਾ, 06 ਫਰਵਰੀ (ਅਬੂ ਜ਼ੈਦ): ਅਲ ਹੱਕ ਐਜ਼ੂਕੇਸ਼ਨਲ ਟਰਸਟ (ਰਜਿ.) ਦੇ ਪ੍ਰਬੰਧ ਅਧੀਨ ਚੱਲ ਰਿਹਾ ਮਦਰਸਾ ਤਹਿਫੀਜ਼ ਉਲ ਕੁਰਆਨ ਜਮਾਲਪੁਰਾ ਵਿਖੇ ਕੁਰਆਨ ਪਾਕ ਹਿਫਜ਼ ਮੁਕੰਮਲ ਕਰਨ ਵਾਲੇ ਬੱਚਿਆਂ ਸਨਮਾਨਿਤ ਕਰਨ ਲਈ ਮਜਲਿਸ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਮਦਰਸੇ ਦੇ ਵਿਦਿਆਰਥੀ ਮੁਹੰਮਦ ਕਾਸਿਮ ਪੁੱਤਰ ਮੁਹੰਮਦ ਸ਼ਫੀਕ ਵਾਸੀ ਰਮਜ਼ਾਨ ਬਸਤੀ ਜਮਾਲਪੁਰਾ ਨੇ ਮੁਕੰਮਲ ਕੁਰਆਨ ਮਜੀਦ ਹਿਫਜ਼ ਕਰਨ ਉੱਥੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਮੁਹੰਮਦ ਕਾਸਿਮ ਨੇ ਆਪਣਾ ਆਖਰੀ ਸਬਕ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਯੂਨਸ ਸਾਹਿਬ ਬਿੰਜੋਕੀ ਖੁਰਦ ਦੀ ਮੌਜੂਦਗੀ ਨੇ ਸੁਣਾਕੇ ਹਿਫਜ਼ ਕੁਰਆਨ ਮਜੀਦ ਮੁਕੰਮਲ ਕੀਤਾ ।
ਇਹ ਕੁਰਆਨੀ ਮਜਲਿਸ ਹਜ਼ਰਤ ਮੌਲਾਨਾ ਮੁਫਤੀ ਨਜ਼ੀਰ ਅਹਿਮਦ ਕਾਸਮੀ ਦੀ ਸਰਪ੍ਰਸਤੀ ‘ਚ ਆਯੋਜਿਤ ਕੀਤੀ ਗਈ ਜਿਸ ਵਿੱਚ ਡਾਕਟਰ ਮੁਹੰਮਦ ਸ਼ਬੀਰ (ਡੈਂਟਲ) ਸਾਬਕਾ ਸੀ.ਐਮ.ਓ. ਮਲੇਰਕੋਟਲਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ । ਇਸ ਮੁਬਾਰਕ ਮੌਕੇ ਉੱਤੇ ਮਦਰਸੇ ਦੇ ਮੋਹਤਮੀਮ ਕਾਰੀ ਅਨਵਾਰ ਅਹਿਮਦ ਰਹਿਮਾਨੀ ਨੇ ਦੱਸਿਆ ਕਿ ਜਿਸ ਬੱਚੇ ਨੇ ਅੱਜ ਮੁਕੰਮਲ ਕੁਰਆਨ ਪਾਕ ਹਿਫਜ਼ ਕੀਤਾ ਹੈ ਉਹ 10ਵੀਂ ਕਲਾਸ ਦਾ ਵਿਦਿਆਰਥੀ ਵੀ ਹੈ, ਉਸਨੇ ਤਿੰਨ ਸਾਲਾਂ ਵਿੱਚ ਮੁਕੰਮਲ ਕੁਰਆਨ ਮਜੀਦ ਹਿਫਜ਼ ਕਰ ਲਿਆ ਹੈ । ਇਸ ਮੌਕੇ ਮੁਹੰਮਦ ਕਾਸਿਮ ਨੂੰ ਵਿਸ਼ੇਸ਼ ਮਹਿਮਾਨ ਅਤੇ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਦੇ ਹੌਸਲਾ ਅਫਜ਼ਾਈ ਕੀਤੀ, ਉਸਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਇਸ ਮੁਕੱਦਸ ਕੰਮ ਲਈ ਮੁਬਾਰਕਬਾਦ ਦਿੱਤੀ ਗਈ ।
ਮੁਫਤੀ ਯੂਨਸ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਾਫਿਜ਼ ਕੁਰਆਨ ਦਾ ਅੱਲ੍ਹਾ ਕੋਲ ਬਹੁਤ ਵੱਡਾ ਦਰਜਾ ਹੈ ਅਤੇ ਉਸਦੇ ਨਾਲ ਮਾਪਿਆਂ ਦਾ ਵੀ ਮੁਕਾਮ ਉੱਚਾ ਹੋ ਜਾਂਦਾ ਹੈ, ਆਖਰਤ ਵਿੱਚ ਉਹਨਾਂ ਨੂੰ ਵੀ ਕੀਮਤੀ ਲਿਬਾਸ ਅਤੇ ਚਮਕਦਾਰ ਤਾਜ ਪਹਿਨਾਇਆ ਜਾਵੇਗਾ । ਡਾਕਟਰ ਮੁਹੰਮਦ ਸ਼ਬੀਰ ਨੇ ਬਹੁਤ ਬੇਹਤਰੀਨ ਅੰਦਾਜ਼ ‘ਚ ਮੋਟੀਵੇਸ਼ਨਲ ਬਿਆਨ ਕੀਤਾ । ਉਹਨਾਂ ਕਿਹਾ ਕਿ ਕੁਰਆਨ ਪਾਕ ਪੜ੍ਹਨ ਦੇ ਨਾਲ ਅਰਬੀ ਜ਼ੁਬਾਨ ਸਿੱਖਣ ਦੀ ਵੀ ਸਖਤ ਜਰੂਰਤ ਹੈ ਤਾਂ ਕਿ ਸਾਨੂੰ ਕੁਰਆਨ ਪਾਕ ਸਮਝ ਆ ਸਕੇ ਅਤੇ ਅਸੀਂ ਇਸ ਮੁਕੱਦਸ ਕਿਤਾਬ ਦੇ ਮੁਤਾਬਿਕ ਜ਼ਿੰਦਗੀ ਗੁਜਾਰੀਏ। ਮਜਲਿਸ ਵਿੱਚ ਪਹੁੰਚੇ ਜਨਾਬ ਮੁਹੰਮਦ ਖਾਲਿਦ ਨੇ ਵੀ ਹਾਫਿਜ਼ ਬਨਣ ਵਾਲੇ ਬੱਚੇ ਨੂੰ ਇਨਾਮ ਦੇ ਕੇ ਹੌਸਲਾ ਅਫਜ਼ਾਈ ਕੀਤੀ ।
ਮਜਲਿਸ ਵਿੱਚ ਕਾਰੀ ਮੁਹੰਮਦ ਅਸ਼ਰਫ, ਮੁਹੰਮਦ ਆਰਿਫ ਬਦਰੀ, ਮੁਹੰਮਦ ਅਰਸ਼ਦ ਕਾਸਮੀ, ਮੁਹੰਮਦ ਬਸ਼ੀਰ ਕਾਸਮੀ, ਸ਼ਕੀਲ ਉਰ ਰਹਿਮਾਨ ਕਾਸਮੀ (ਸਾਰੇ ਕਾਰੀ), ਹਾਫਿਜ਼ ਮੁਹੰਮਦ ਇਦਰੀਸ, ਮੁਹੰਮਦ ਅਰਸ਼ਦ, ਅਬਦੁਲ ਰੱਜ਼ਾਕ, ਮੁਹੰਮਦ ਉਵੈਸ, ਮੁਹੰਮਦ ਕਾਸਿਮ, ਮੁਹੰਮਦ ਆਸਿਫ (ਸਾਰੇ ਹਾਫਿਜ਼), ਮੁਹੰਮਦ ਸਲੀਮ, ਯਾਸੀਨ ਮੂਨ ਟੇਲਰ, ਇਲਮਦੀਨ, ਮੁਹੰਮਦ ਹਾਰਿਸ, ਸੱਦਾਮ, ਮਾਸਟਰ ਜ਼ਿਆਨ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਨੇ ਸ਼ਿਰਕਤ ਕੀਤੀ । ਮਜਲਿਸ ਦੀ ਸਮਾਪਤੀ ‘ਤੇ ਮੁਫਤੀ ਮੁਹੰਮਦ ਯੂਨਸ ਨੇ ਆਲਮੀ ਅਮਨ-ਸ਼ਾਂਤੀ ਲਈ ਦੁਆ ਕਰਵਾਈ ।



