ਕੌਮੀ ਇਨਸਾਫ ਮੋਰਚੇ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਪਹਿਲਾ 31 ਮੈਂਬਰੀ ਜੱਥਾ ਭੇਜਿਆ
ਮੋਹਾਲੀ/ਮਲੇਰਕੋਟਲਾ, 04 ਅਪ੍ਰੈਲ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ ਪਿਛਲੇ 88 ਦਿਨਾਂ ਤੋਂ ‘ਕੌਮੀ ਇਨਸਾਫ ਮੋਰਚੇ’ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਬਹਿਬਲ ਕਲਾਂ ਅਤੇ ਕੋਟਕਪੂਰਾ ਦੇ ਇਨਸਾਫ, ਲਾਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਇਨਸਾਫ ਲਈ ਲਗਾਏ ਪੱਕੇ ਮੋਰਚੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ 3 ਅਪ੍ਰੈਲ ਤੋਂ 31 ਮੈਂਬਰੀ ਜੱਥਾ ਰੋਜ਼ਾਨਾ ਮੋਰਚੇ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਭੇਜਣਾ ਸ਼ੁਰੂ ਕਰ ਦਿੱਤਾ ਹੈ । ਇਸ ਸਬੰਧੀ ਪ੍ਰੈਸ ਨਾਲ ਗਲੱਬਾਤ ਕਰਦਿਆਂ ਬਾਪੂ ਗੁਰਚਰਨ ਸਿੰਘ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਮੋਰਚੇ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਰਾਜੋਈ ਦਾ ਭਰੋਸਾ ਅਤੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਲਿਆਉਣ ਦੇ ਭਰੋਸੇ ਤੋਂ ਬਾਦ 31 ਮੈਂਬਰੀ ਜੱਥਾ ਭੇਜਣਾ ਬੰਦ ਕਰ ਦਿਤਾ ਸੀ । ਪਰੰਤੂ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਸਰਕਾਰ ਨੇ ਇਸ ਸਬੰਧੀ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ।
ਉਨਾਂ ਕਿਹਾ ਕਿ ਜੱਥਾ ਲਗਾਤਾਰ ਅਮਨ-ਸ਼ਾਂਤੀ ਨਾਲ ਜਾਂਦਾ ਰਹੇਗਾ, ਜਿੱਥੇ ਵੀ ਪੁਲਿਸ ਪ੍ਰਸ਼ਾਸਨ ਜੱਥੇ ਨੂੰ ਰੋਕੇਗਾ ਉਥੇ ਹੀ ਧਰਨਾ ਲਗਾ ਕੇ ਗੁਰਬਾਣੀ ਦਾ ਜਾਪ ਕਰਦਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਦੂਜੀਆਂ ਮੰਗਾਂ ਲਈ ਅਰਦਾਸ ਕਰਦਾ ਰੁੱਕ ਜਾਵੇਗਾ, ਇਸ ਤਰ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਮੋਰਚੇ ਵੱਲੋਂ ਸੰਗਤਾਂ ਦੀ ਹਾਜ਼ਰੀ ਵਧਾਉਣ ਲਈ ਹੋਰ ਵੀ ਵੱਡੇ ਪ੍ਰੋਗਰਾਮ ਦਿੱਤੇ ਜਾਣਗੇ।



