ਮਲੇਰਕੋਟਲਾ, 05 ਅਪ੍ਰੈਲ (ਅਬੂ ਜ਼ੈਦ ਬਿਉਰੋ): ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੇ ਤਹਿਤ ਜੇਲ ‘ਚ ਬੰਦ ਵਿਸ਼ਵ ਪ੍ਰਸਿੱਧ ਇਸਲਾਮਿਕ ਵਿਦਵਾਨ ਮੌਲਾਨਾ ਕਲੀਮ ਸਿੱਦੀਕੀ ਨੂੰ ਬੁੱਧਵਾਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ । ਜਿਸ ਤੇ ਮੁਸਲਿਮ ਸਮੁਦਾਇ ਦੇ ਲੋਕਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਮਾਣਯੋਗ ਹਾਈਕੋਰਟ ਦਾ ਧੰਨਵਾਦ ਕੀਤਾ ਹੈ ।
ਮਕਤੂਬ ਮੀਡੀਆ ਦੇ ਹਵਾਲੇ ਅਨੁਸਾਰ ਮੌਲਾਨਾ ਸਿੱਦੀਕੀ ਨੂੰ ਉੱਤਰ ਪ੍ਰਦੇਸ਼ ਦੇ (ਏਟੀਐਸ) ਅੱਤਵਾਦ ਵਿਰੋਧੀ ਦਸਤੇ ਨੇ 21 ਸਤੰਬਰ 2021 ਨੂੰ ਗ੍ਰਿਫਤਾਰ ਕੀਤਾ ਸੀ । ਜੇਲ ਵਿੱਚ ਬੰਦ ਮੁਸਲਿਮ ਵਿਦਵਾਨ ਵੱਲੋਂ ਵਕੀਲ ਐਸ ਐਮ ਰਹਿਮਾਨ ਫੈਜ਼, ਬ੍ਰਿਜ ਮੋਹਨ ਸਹਾਏ ਅਤੇ ਜ਼ਿਆ ਉਲ ਕਯੂਮ ਜਿਲਾਨੀ ਪੇਸ਼ ਹੋਏ ।
ਮੌਲਾਨਾ ਸਿੱਦੀਕੀ ਪੱਛਮੀ ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਆਲਿਮਾਂ ਵਿੱਚੋਂ ਇੱਕ ਹਨ ਅਤੇ ਗਲੋਬਲ ਪੀਸ ਸੈਂਟਰ ਦੇ ਨਾਲ-ਨਾਲ ਜਾਮੀਆ ਇਮਾਮ ਵਲੀਉੱਲ੍ਹਾ ਟਰੱਸਟ ਦੇ ਪ੍ਰਧਾਨ ਹਨ ।
ਇਨ੍ਹਾਂ ਤੋਂ ਇਲਾਵਾ ਦੋ ਮੁਸਲਿਮ ਵਿਦਵਾਨ ਮੁਹੰਮਦ ਉਮਰ ਗੌਤਮ ਅਤੇ ਮੁਫਤੀ ਕਾਜ਼ੀ ਜਹਾਂਗੀਰ ਕਾਸਮੀ ਸਮੇਤ ਦਰਜਨ ਤੋਂ ਵੱਧ ਮੁਸਲਮਾਨ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਦੇ ਤਹਿਤ ਇਸੇ ਤਰ੍ਹਾਂ ਜੇਲ੍ਹ ਵਿੱਚ ਬੰਦ ਹਨ ।



