5 ਫੁੱਟ ਦਾ ਮੁਹੱਲਾ ਨਵੀਂ ਬਸਤੀ ਜੋ ਮਹੀਨਿਆਂ ਤੋਂ ਪੁੱਟਿਆ ਪਿਐ
ਮਲੇਰਕੋਟਲਾ, 21 ਮਈ (ਅਬੂ ਜ਼ੈਦ): ਪਾਕਿਸਤਾਨ ਵਿੱਚ ਇੱਕ ਖਿੱਤਾ ਅਜਿਹਾ ਹੈ ਜਿਸ ਨੂੰ ‘ਇਲਾਕਾ ਗੈਰ’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਉਸ ਖਿੱਤੇ ਬਾਰੇ ਇਹ ਕਹਾਵਤ ਹੈ ਕਿ ਉੱਥੇ ਕੋਈ ਸਰਕਾਰ ਰਾਜ ਨਹੀਂ ਕਰਨਾ ਚਾਹੁੰਦੀ, ਉੱਥੇ ਵਿਕਾਸ ਸ਼ਬਦ ਬੇਮਾਇਨੇ ਜਾਪਦਾ ਹੈ । ਨਾ ਕੋਈ ਸਕੂਲ, ਹਸਪਤਾਲ, ਬਿਜਲੀ, ਪਾਣੀ, ਸੀਵਰੇਜ, ਗਲੀਆਂ ਨਾਲੀਆਂ ਆਦਿ ਵਰਗੀਆਂ ਸਹੂਲਤਾਂ ਨਾਮ ਦੀ ਕੋਈ ਚੀਜ਼ ਨਹੀਂ ਹੈ । ਅੱਜ ਅਸੀਂ ਜਿਸ ਮੁਹੱਲੇ ਦੀ ਗੱਲ ਕਰਨ ਜਾ ਰਹੇ ਹਾਂ ਉਸਦਾ ਉਕਤ ਇਲਾਕੇ ਨਾਲ ਕੋਈ ਸਬੰਧ ਨਹੀਂ ਹੈ ਪਰੰਤੁ ਸਿਆਸਤ ਦੀ ਭੇਂਟ ਚੜੇ ਇਸ ਮੁਹੱਲੇ ਦੇ ਵਾਸੀ ਦੁਬਿਧਾ ‘ਚ ਫਸੇ ਹਨ ਕਿ ਉਨਾਂ ਕੋਲੋਂ ਕਿੱਥੇ ਕੋਈ ਗਲਤੀ ਹੋਈ ਹੈ ਕਿ ਉਨ੍ਹਾਂ ਦੀ ਕਿਰਪਾ ਰੁੱਕ ਗਈ । 2022 ‘ਚ ਜਿੱਥੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਬਣੀ ਉੱਥੇ ਹੀ ਮਲੇਰਕੋਟਲਾ ਤੋਂ ਵੀ ‘ਆਪ’ ਦੇ ਵਿਧਾਇਕ ਨੂੰ ਸ਼ਾਨਦਾਰ ਜਿੱਤ ਮਿਲੀ । ਉਪਰੋਕਤ ਮੁਹੱਲਾ ਨਵੀਂ ਬਸਤੀ ਕਿਲ੍ਹਾ ਰਹਿਮਤਗੜ੍ਹ ਕਰੀਬ 30 ਘਰਾਂ ਵਾਲਾ 300 ਫੁੱਟ ਲੰਬਾਈ ਅਤੇ 5-6 ਫੁੱਟ ਚੌੜਾ ਹੈ ਜੋ ਕਿ ਮਲੇਰਕੋਟਲਾ ਦੇ ਵਾਰਡ ਨੰਬਰ 8 ਦਾ ਹਿੱਸਾ ਹੈ । ਦੱਸਣਯੋਗ ਹੈ ਕਿ ਇਸੇ ਮੁਹੱਲੇ ਦੇ ਦੂਜੇ ਹਿੱਸੇ ਵਿੱਚ ਨਗਰ ਕੌਂਸਲ ਦੇ ਦੋ ਸਾਬਕਾ ਪ੍ਰਧਾਨ, ਅਕਾਲੀ ਦਲ ਦੇ ਸੀਨੀਅਰ ਆਗੂ, ਮਸ਼ਹੂਰ ਡਾਕਟਰ, ਸੀਨੀਅਰ ਪੱਤਰਕਾਰਾਂ ਦੀ ਰਿਹਾਇਸ਼ ਵੀ ਹੈ। ‘ਆਪ’ ਦੇ ਫਾਉਂਡਰ ਮੈਂਬਰ ਦੀ ਰਿਹਾਇਸ਼ ਹੈ ਜਿਸਨੇ ਚੋਣਾਂ ਜਿੱਤਣ ਤੋਂ ਤੁਰੰਤ ਬਾਦ ਹੀ ਮੁਹੱਲੇ ਦੇ ਫਰਸ਼, ਨਾਲੀਆਂ, ਸੀਵਰੇਜ ਦੇ ਕੰਮ ਨੂੰ ਬਿਹਤਰ ਤਰੀਕੇ ਨਾਲ ਕਰਵਾਉਣ ਦਾ ਬੀੜ੍ਹਾ ਚੁੱਕ ਲਿਆ, ਕੁਝ ਪੱਟ-ਪਟਾਈ ਅਤੇ ਅਧੂਰਾ ਨਾਲੀਆਂ ਦੇ ਪਾਈਪਾਂ ਦਾ ਕੰਮ ਕਰਨ ਤੱਕ ਸੱਤਾਧਾਰੀ ਧਿਰ ਨਾਲ ਉਸਦੇ ਸਬੰਧ ਅਣਸੁਖਾਵੇਂ ਬਣ ਗਏ ਅਤੇ ਕੰਮ ਬੰਦ ਹੋ ਗਿਆ । ਮੁਹੱਲੇ ‘ਚ ਨਿੱਜੀ ਵਿਆਹ ਸ਼ਾਦੀਆਂ ਲਈ ਅਤੇ ਦੋ ਪਹੀਆ ਵਾਹਨਾਂ ਨੂੰ ਆਉਣ ਜਾਣ ਲਈ ਆ ਰਹੀ ਸਮੱਸਿਆ, ਆਏ ਦਿਨ ਨਾਲੀਆਂ ਦਾ ਪਾਣੀ ਮੁਹੱਲੇ ‘ਚ ਖੜ੍ਹਨ ਕਾਰਨ ਮੁਹੱਲਾ ਵਾਸੀਆਂ ਨੇ ਫਿਰ ਤੋਂ ਖੱਡੇ ਬੰਦ ਕਰਕੇ ਪੱਧਰ ਕਰ ਲਿਆ ਜੋ ਅੱਜ 14 ਮਹੀਨੇ ਬੀਤ ਜਾਣ ਤੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਵੈਸੇ ਤਾਂ ਸਾਡੇ ‘ਆਪ’ ਨੇਤਾ ਜੀ ਦੀ ਪਹੁੰਚ ਮੁੱਖ ਮੰਤਰੀ ਪੰਜਾਬ ਤੱਕ ਹੈ ਪਰੰਤੂ ਕਹਾਵਤ ਕਿ “ਦੀਵੇ ਥੱਲੇ ਹਨੇਰਾ” ਵਾਲੀ ਸੱਚ ਜਾਪਦੀ ਹੈ । ਮੁਹੱਲਾ ਨਿਵਾਸੀ ਕਈ ਵਾਰ ਸਬੰਧਤ ਕੌਂਸਲਰ, ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਿਧਾਇਕ ਕੋਲ ਵੀ ਇਸ ਸਬੰਧੀ ਬੇਨਤੀ ਕਰ ਚੁੱਕੇ ਹਨ ਪਰੰਤੂ ਸਿਆਸਤ ਦੀ ਭੇਂਟ ਚੜ੍ਹੇ ਇਸ 5 ਫੁੱਟ ਦੇ ਮੁਹੱਲੇ ਦੀ ਸਾਰ ਕਿਸੇ ਨੇ ਨਹੀਂ ਲਈ । ਮੁਹੱਲਾ ਨਿਵਾਸੀਆਂ ਦੀ ਪ੍ਰੈਸ ਦੇ ਮਾਧਿਅਮ ਰਾਹੀਂ ਸਬੰਧਤ ਕੌਂਸਲਰ, ਵਿਧਾਇਕ ਮਲੇਰਕੋਟਲਾ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਆਪਣੀਆਂ ਸਿਆਸੀ ਕਿੜ੍ਹਾਂ ਕਿਸੇ ਵੱਡੇ ਕੰਮ ‘ਚ ਕੱਢ ਲੈਣਾ ਅਤੇ ਇਸ ਮਾਮੂਲੀ ਕੰਮ ਨੂੰ ਪਹਿਲ ਦੇ ਅਧਾਰ ਤੇ ਨੇਪਰੇ ਚਾੜਿਆ ਜਾਵੇ ਤਾਂ ਜੋ ਮੁਹੱਲਾ ਵਾਸੀਆਂ ਨੂੰ ਸੁੱਖ ਦਾ ਸਾਹ ਆਵੇ।
ਕੈਪਸ਼ਨ: ਕਿਲ੍ਹਾ ਰਹਿਮਤਗੜ੍ਹ ਦੇ ਮੁਹੱਲਾ ਨਵੀਂ ਬਸਤੀ ਦੀ ਤਸਵੀਰ ।



