ਸਿਆਸੀ ਪਾਰਟੀਆਂ, ਨਿਆਂਪਾਲਿਕਾ ਅਤੇ ਸਰਕਾਰਾਂ ਦੇ ਦੋਹਰੇ ਮਾਪਦੰਡ ਲੋਕਤੰਤਰ ਲਈ ਖਤਰਨਾਕ

author
0 minutes, 1 second Read

ਬਾਰਾਮੂਲਾ ਤੋਂ ਚੁਣੇ ਗਏ ਸਾਂਸਦ ਸ਼ੇਖ ਅਬਦੁਲ ਰਸ਼ੀਦ ਨੂੰ ਰਿਹਾਅ ਕਰਨ ਦੀ ਮੰਗ ਦੇਸ਼-ਦੁਨੀਆ ਵਿੱਚ ਜ਼ੋਰ ਫੜਨ ਲੱਗੀ

ਮਲੇਰਕੋਟਲਾ, 26 ਜੂਨ (ਬਿਉਰੋ): ਭਾਰਤ ਦੀ 18ਵੀਂ ਲੋਕ ਸਭਾ ਦੇ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਪਰੰਤੂ ਦੋ ਚਿਹਰੇ ਗਾਇਬ ਰਹੇ ਜਿਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਤਲਾਸ਼ ਕਰਦੀਆਂ ਰਹੀਆਂ । ਦੇਸ਼ ਦੀ ਜਨਤਾ ਅਤੇ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਇਸ ਗੱਲ ਦੇ ਇੰਤਜ਼ਾਰ ਵਿੱਚ ਸਨ ਕਿ ਆਖਰ ਸਰਕਾਰ, ਸਿਆਸੀ ਆਗੂ, ਨਿਆਂਪਾਲਿਕਾ ਅਤੇ ਬੁੱਧੀਜੀਵੀ ਬਾਰਾਮੂਲਾ (ਜੰਮੂ ਕਸ਼ਮੀਰ) ਤੋਂ ਸੰਸਦ ਮੈਂਬਰ ਇੰਜਨੀਅਰ ਸ਼ੇਖ ਅਬਦੁਲ ਰਸ਼ੀਦ ਅਤੇ ਖਡੂਰ ਸਾਹਿਬ (ਪੰਜਾਬ) ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਸਲਾ ਬਾਰੇ ਕੀ ਵਿਚਾਰ ਰੱਖਦੇ ਹਨ । ਅੱਜ ਜਦੋਂ ਸਾਰੇ ਸੰਸਦ ਮੈਂਬਰਾਂ ਨੇ ਸਹੁੰ ਚੁੱਕ ਲਈ ਤਾਂ ਦੋਵਾਂ ਸਾਂਸਦਾਂ ਦੀ ਕਮੀ ਦੇਸ਼ ਅਤੇ ਦੁਨੀਆ ਵਿੱਚ ਮਹਿਸੂਸ ਕੀਤੀ ਗਈ । ਦੂਜੇ ਪਾਸੇ ਕਿਸੇ ਵੀ ਸਿਆਸੀ ਆਗੂ, ਸੰਸਦ ਮੈਂਬਰ, ਬੁੱਧੀਜੀਵੀ, ਸਰਕਾਰ ਅਤੇ ਨਿਆਂਪਾਲਿਕਾ ਵੱਲੋਂ ਇਸ ਬਾਰੇ ਚੁੱਪੀ ਵੱਟੀ ਗਈ ਜੋ ਕਿ ਲੋਕਤੰਤਰ ਲਈ ਬਹੁਤ ਵੱਡਾ ਘਾਟਾ ਹੈ । ਦੋਵਾਂ ਸੰਸਦ ਮੈਂਬਰਾਂ ਨੂੰ ਲੋਕਾਂ ਨੇ ਲੱਖਾਂ ਵੋਟਾਂ ਦੀ ਲੀਡ ਦਿਲਵਾ ਕੇ ਫਤਵਾ ਦਿੱਤਾ ਹੈ । ਲੋਕਤੰਤਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਸਰਕਾਰ ਮੰਨੀ ਜਾਂਦੀ ਹੈ । ਇਨਸਾਨੀ ਹਕੂਕ ਦੀ ਦੁਹਾਈ ਦੇਣ ਵਾਲੀਆਂ ਸੰਸਥਾਵਾਂ ਵੀ ਇਸ ਮੁੱਦੇ ‘ਤੇ ਗੂੰਗੀਆਂ, ਬੋਲੀਆਂ ਅਤੇ ਅੰਨ੍ਹੀਆਂ ਹੋ ਚੁੱਕੀਆਂ ਹਨ ।

ਉਮਰ ਅਬਦੁੱਲਾ ਅਤੇ ਅਲਤਾਫ ਬੁਖਾਰੀ ਨੇ ਇੰਜੀਨੀਅਰ ਰਸ਼ੀਦ ਦੀ ਰਿਹਾਈ ਦੀ ਮੰਗ ਕੀਤੀ ਤਾਂ ਜੋ ਉਹ ਸੰਸਦ ਵਿੱਚ ਬਾਰਾਮੂਲਾ ਅਤੇ ਕਸ਼ਮੀਰ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਣ ਜਦੋਂਕਿ ਕਿਸੇ ਵੀ ਸਿਆਸੀ ਪਾਰਟੀ ਦੇ ਵੱਡੇ ਆਗੂ ਨੇ ਇਸ ਬਾਰੇ ਕੁਝ ਵੀ ਬੋਲਣਾ ਜਰੂਰੀ ਨਹੀਂ ਸਮਝਿਆ । ਜਿਵੇਂ ਹੀ ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕੀ, ਬਾਰਾਮੂਲਾ ਲੋਕ ਸਭਾ ਸੀਟ ਤੋਂ ਚੁਣੇ ਗਏ ਸੰਸਦ ਮੈਂਬਰ, ਸ਼ੇਖ ਅਬਦੁਲ ਰਸ਼ੀਦ ਉਰਫ਼ ਇੰਜੀਨੀਅਰ ਰਸ਼ੀਦ, ਜੋ ਕਿ 2019 ਤੋਂ ਯੂਏ (ਪੀ)ਏ ਦੇ ਦੋਸ਼ਾਂ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹੈ ਦੀ ਰਿਹਾਈ ਦੀ ਮੰਗ ਨੇ ਜ਼ੋਰ ਫੜ ਲਿਆ, ਕਿਉਂਕਿ ਚੋਟੀ ਦੇ ਨੇਤਾਵਾਂ ਨੇ ਉਸਦੀ ਰਿਹਾਈ ਦੀ ਮੰਗ ਕੀਤੀ । ਅਬਦੁਲ ਰਸ਼ੀਦ ਨੇ ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 2.4 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਸੀ ।

ਦੇਸ਼ ਸੰਵਿਧਾਨ ਨਾਲ ਚੱਲਦਾ ਹੈ, ਨਵੀਂ ਸੰਸਦ ਵਿੱਚ 46% ਚੁਣੇ ਗਏ ਸੰਸਦ ਮੈਂਬਰਾਂ ਉੱਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ, ਫਿਰ “ਜਨਤਕ ਨੁਮਾਇੰਦਿਆਂ ਪ੍ਰਤੀ ਅਸਮਾਨਤਾ ਵਾਲਾ ਵਤੀਰਾ ਕਿਉਂ? ਅਨੇਕਾਂ ਮਿਸਾਲਾਂ ਹਨ ਜਦੋਂ ਗੈਰ ਸਿੱਖ ਅਤੇ ਮੁਸਲਿਮ ਨੁਮਾਇੰਦਿਆਂ ਨੂੰ ਸਰਕਾਰਾਂ ਅਤੇ ਅਦਾਲਤਾਂ ਵੱਲੋਂ ਵੱਡੀਆਂ ਰਾਹਤਾਂ ਦਿੱਤੀਆਂ ਗਈਆਂ ਪਰੰਤੂ ਇਹਨਾਂ ਦੀ ਵਾਰੀ ਸਭ ਅੱਖਾਂ ਮੀਟ ਕੇ ਬੈਠ ਜਾਂਦੇ ਨੇ, ਜਿਸ ਨੂੰ ਦੁਨੀਆ ਦੇਖ ਰਹੀ ਹੈ । ਇਸ ਤੋਂ ਇਲਾਵਾਂ ਇੱਕ ਪੂਰੇ ਜਹਾਨ ਦਾ ਮਾਲਿਕ ਜੋ ਹਰ ਕਿਸੇ ਦੀ ਅੱਛਾਈ ਅਤੇ ਬੁਰਾਈ ਦਾ ਹਿਸਾਬ ਲੈਣ ਵਾਲਾ ਹੈ ਵੀ ਦੇਖ ਰਿਹਾ ਹੈ । ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਰਿਹਾਅ ਕੀਤਾ ਗਿਆ ਸੀ ਅਤੇ ਅਬਦੁਲ ਰਸ਼ੀਦ ਨੂੰ ਇੱਕ ਵਿਸ਼ਾਲ ਜਨਤਕ ਫਤਵਾ ਮਿਲਣ ਦੇ ਬਾਵਜੂਦ, ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕਣ ਲਈ ਹੁਣ ਤੱਕ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਹੈ । ਮਾਲੇਗਾਂਓ ਬੰਬ ਬਲਾਸਟ ਕੇਸ ਜਿਸ ਵਿੱਚ 10 ਲੋਕਾਂ ਦੀ ਮੌਤ ਅਤੇ 82 ਵਿਅਕਤੀ ਜ਼ਖਮੀ ਹੋ ਗਏ ਸੀ, ਅੱਤਵਾਦੀ ਗਤੀਵਿਧੀਆਂ ਤਹਿਤ ਜੇਲ੍ਹ ਵਿੱਚ ਬੰਦ ਸਾਧਵੀ ਪਰੱਗਿਆ ਸਿੰਘ ਠਾਕੁਰ ਨੂੰ ਮੁਖ ਦੋਸ਼ੀ ਹੁੰਦਿਆਂ ਵੀ ਅਦਾਲਤ ਵੱਲੋਂ ਜਮਾਨਤ ਦਿੱਤੀ ਗਈ, ਉਹ ਭੋਪਾਲ ਤੋਂ ਚੋਣ ਲੜੀ, ਸਾਂਸਦ ਬਣੀ, ਦੇਸ਼ ਦੀ ਡੀਫੈਂਸ ਐਡਵਾਈਜ਼ਰੀ ਕਮੇਟੀ ਦੀ ਮੈਂਬਰ ਤੱਕ ਬਣੀ, ਜੋ ਕਿ ਅੱਜ ਤੱਕ ਅਜ਼ਾਦ ਘੁੰਮ ਰਹੀ ਹੈ ਪਰੰਤੂ ਜਦੋਂ ਕੋਈ ਘੱਟਗਿਣਤੀਆਂ ਦੀ ਗੱਲ ਹੁੰਦੀ ਹੈ ਤਾਂ ਸਾਰੇ ਕਾਨੂੰਨ ਅੰਨ੍ਹੇ ਹੋ ਜਾਂਦੇ ਨੇ ।

ਜੇਕਰ ਇਹ ਕਿਹਾ ਜਾਵੇ ਕਿ ਦੇਸ਼ ਅੰਦਰ ਸਿੱਖਾਂ ਅਤੇ ਮੁਸਲਮਾਨਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਜਾਂਦਾ ਹੈ ਤਾਂ ਕੋਈ ਗਲਤ ਨਹੀਂ ਹੋਵੇਗਾ । ਇਸ ਤੋਂ ਵੱਧ ਕਸ਼ਮੀਰੀ ਮੁਸਲਮਾਨਾਂ ਨਾਲ ਤਾਂ ਬਿਲਕੁਲ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ।

 

Similar Posts

Leave a Reply

Your email address will not be published. Required fields are marked *