ਸੀ.ਪੀ.ਆਈ ਅਤੇ ਇੰਟਕ ਸਮੇਤ ਵੱਖ ਵੱਖ ਜਥੇਬੰਦੀਆਂ ਸਮਰਥਨ ‘ਤੇ ਆਈਆਂ
ਮਲੇਰਕੋਟਲਾ, 20 ਅਕਤੂਬਰ (ਅਬੂ ਜ਼ੈਦ): ਧਰਨਿਆਂ ਵਿੱਚੋਂ ਨਿਕਲੀ ਪਾਰਟੀ ਦਾ ਐਲਾਨ ਸੀ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਲੋਕ ਧਰਨੇ ਲਗਾਉਣੇ ਭੁੱਲ ਜਾਣਗੇ । ਪਰੰਤੂ ਅੱਜ ਸਰਕਾਰ ਦੇ 19 ਮਹੀਨੇ ਬੀਤ ਜਾਣ ਤੋਂ ਬਾਦ ਵੀ ਸਿਹਤ, ਸਿੱਖਿਆ ਅਤੇ ਹੋਰ ਵਿਭਾਗਾਂ ਵਿੱਚ ਧਰਨਿਆਂ ਦੀ ਭਰਮਾਰ ਹੈ । ਜਿਲ੍ਹਾ ਹਸਪਤਾਲ ਮਲੇਰਕੋਟਲਾ ਵਿਚ ਡਾਕਟਰਾਂ ਦੀਆਂ ਖਾਲੀ ਪੋਸਟਾਂ ਲਈ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਵੱਲੋਂ 9 ਅਕਤੂਬਰ ਤੋਂ ਸੁਰੂ ਕੀਤੇ ਰੋਸ ਧਰਨੇ ਦੇ ਅੱਜ ਬਾਰ੍ਹਵੇਂ ਦਿਨ ਸੀ.ਪੀ.ਆਈ ਅਤੇ ਇੰਟਕ ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂੰ ਸ਼ਾਮਿਲ ਹੋ ਕੇ ਜਿਥੇ ਧਰਨੇ ਦੀ ਸਰਗਰਮ ਹਿਮਾਇਤ ਦਾ ਐਲਾਨ ਕੀਤਾ ਉਥੇ ਯਕੀਨ ਦਿਵਾਇਆ ਕਿ ਜਿੱਤ ਦੇ ਅੰਜ਼ਾਮ ਤੱਕ ਧਰਨੇ ਵਿਚ ਲਗਾਤਰ ਸਮੂਲੀਅਤ ਕਰਦੇ ਰਹਿਣਗੇ। ਫਰੰਟ ਦੇ ਪ੍ਰੈਸ ਸਕੱਤਰ ਸ਼ਾਹਿਦ ਜ਼ੁਬੈਰੀ ਮੁਤਾਬਿਕ ਡਾ. ਅਬਦੁਲ ਕਲਾਮ ਵੈਲਫੇਅਰ ਫਰੰਟ ਆਫ ਪੰਜਾਬ ਦੇ ਪ੍ਰਧਾਨ ਸਮਸ਼ਾਦ ਝੋਕ ਦੀ ਅਗਵਾਈ ਹੇਠ ਧਰਨੇ ਨੂੰ ਅੱਜ ਸਮਰਥਨ ਦੇਣ ਲਈ ਸੀ.ਪੀ.ਆਈ ਦੇ ਆਗੂ ਕਾ. ਭਰਪੂਰ ਸਿੰਘ ਬੂਲਾਪੁਰ, ਏਟਕ ਆਗੂ ਕਾ. ਸੁਰਿੰਦਰ ਕੁਮਾਰ ਭੈਣੀ, ਕਾ. ਮੁਹੰਮਦ ਖਲੀਲ, ਕਾ. ਅਲੀ ਮੁਹੰਮਦ ਅਤੇ ਇੰਟਕ ਜਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਸ੍ਰੀ ਪ੍ਰਮੇਸ਼ਵਰ ਪਾਲ ਨੇ ਆਪਣੇ ਸਾਥੀਆਂ ਸਮੇਤ ਸਮੂਲੀਅਤ ਕੀਤੀ । ਉਨ੍ਹਾਂ ਧਰਨੇ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਨ੍ਹਾਂ ਦੀਆਂ ਪਾਰਟੀਆਂ ਅਤੇ ਜਥੇਬੰਦੀਆਂ ਇਸ ਧਰਨੇ ਨੂੰ ਉਦੋਂ ਤੱਕ ਸਰਗਰਮ ਹਿਮਾਇਤ ਦਿੰਦੀਆਂ ਰਹਿਣਗੀਆਂ ਜਦੋਂ ਤੱਕ ਸਰਕਾਰ ਧਰਨਾਕਾਰੀਆਂ ਦੀ ਲੋਕ ਹਿਤੈਸੀ ਸਾਰੀਆਂ ਮੰਗਾਂ ਨੂੰ ਪਰਵਾਨ ਨਹੀਂ ਕਰ ਲੈਂਦੀ। ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਅੰਦਰ ‘ਆਮ ਆਦਮੀ ਕਲੀਨਿਕ’ ਦੇ ਨਾਂ ਹੇਠ ਲਾਗੂ ਕੀਤੇ ਜਾ ਰਹੇ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਪੰਜਾਬ ਦੀਆਂ ਸਰਕਾਰੀ ਸਿਹਤ ਸੇਵਾਵਾਂ ਅਤੇ ਸਿਹਤ ਪ੍ਰਬੰਧਾਂ ਨੂੰ ਤਬਾਹ ਕਰਨ ਵਾਲਾ ਮਾਡਲ ਦੱਸਿਆ । ਜ਼ੁਬੈਰੀ ਮੁਤਾਬਿਕ ਕੱਲ੍ਹ ਸ਼ਨੀਵਾਰ ਨੂੰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਤਿਹ) ਦੇ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਹਨਸਿੰਘ ਵਾਲਾ ਸਮੇਤ ਵੱਖ ਵੱਖ ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਕਾਫਲੇ ਇਸ ਧਰਨੇ ਵਿਚ ਸਮੂਲੀਅਤ ਕਰਨਗੇ। ਧਰਨੇ ਨੂੰ ਹੋਰਨਾਂ ਤੋਂ ਇਲਾਵਾ ਫਰੰਟ ਦੇ ਪ੍ਰਧਾਨ ਸਮਸ਼ਾਦ ਝੋਕ, ਜਨਰਲ ਸਕੱਤਰ ਮੁਨਸ਼ੀ ਮੁਹੰਮਦ ਫਾਰੂਕ, ਸੀ.ਪੀ.ਐਮ. ਆਗੂ ਕਾ. ਅਬਦੁਲ ਸਤਾਰ, ਬਸਪਾ ਪ੍ਰਧਾਨ ਸਮਸ਼ਾਦ ਅਨਸਾਰੀ, ਜਿਲ੍ਹਾ ਕਾਂਗਰਸ ਦੇ ਮੀਡੀਆ ਇੰਚਾਰਜ ਮਹਿਮੂਦ ਰਾਣਾ ਅਤੇ ਟੈਂਪੂ ਯੂਨੀਅਨ ਦੇ ਸਾਬਕਾ ਪ੍ਰਧਾਨ ਯਾਸ਼ੀਨ ਘੁੱਗੀ, ਸਮੇਤ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।



