ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ੇਸ਼ ਅਰਦਾਸ ਅਤੇ ਕੌਮੀ ਇਨਸਾਫ ਮੋਰਚੇ ਨੂੰ ਮਜ਼ਬੂਤ ਕਰਕੇ ਸਰਕਾਰਾਂ ਉੱਤੇ ਦਬਾਅ ਬਣਾਉਣ ਦੀ ਅਪੀਲ
ਚੰਡੀਗੜ੍ਹ/ਮਲੇਰਕੋਟਲਾ, 28 ਮਾਰਚ (ਬਿਉਰੋ): ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਪੱਕਾ ਧਰਨਾ ਲਗਾਇਆ ਹੋਇਆ ਹੈ । ਜਿਸ ਦੇ ਨਤੀਜੇ ਵਜੋਂ ਕਈ ਬੰਦੀ ਸਿੰਘਾਂ ਨੂੰ ਪੈਰੋਲ ਅਤੇ ਪੱਕੀਆਂ ਜ਼ਮਾਨਤਾਂ ਮਿਲ ਚੁੱਕੀਆਂ ਹਨ । ਇਸੇ ਲੜੀ ਤਹਿਤ ਬੰਦੀ ਸਿੰਘ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਸਾਢੇ ਛੇ ਮਹੀਨੇ ਪਹਿਲਾਂ ਜ਼ਮਾਨਤ ਮਿਲ ਗਈ ਸੀ ਪਰੰਤੂ ਕੇਸਾਂ ਦੀ ਪੈਰਵੀ ਕਰ ਰਹੇ ਵਕੀਲਾਂ ਦੀ ਅਣਗਹਿਲੀ ਕਾਰਣ ਉਹਨਾਂ ਦੀ ਜ਼ਮਾਨਤ ਰੱਦ ਹੋ ਗਈ ਅਤੇ ਅੱਜ ਉਹਨਾਂ ਨੂੰ ਫਿਰ ਤੋਂ ਜੇਲ੍ਹ ਵਿੱਚ ਜਾਣ ਪੈ ਗਿਆ ।
ਇਸ ਮੌਕੇ ਅਦਾਰਾ ਅਬੂ ਜ਼ੈਦ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਨੇ ਬੇਹੱਦ ਦੁਖੀ ਹਿਰਦੇ ਨਾਲ ਦੱਸਿਆ ਕਿ ਸਾਡੇ ਆਪਣਿਆਂ ਨੇ ਹੀ ਅਣਗਹਿਲੀ ਕੀਤੀ ਹੈ ਜੋ ਭਾਈ ਗੁਰਮੀਤ ਸਿੰਘ ਨੂੰ ਮੁੜ ਤੋਂ ਜੇਲ੍ਹ ਦੀਆਂ ਸਲਾਖਾਂ ਦੇ ਪਿਛੇ ਜਾਣਾ ਪਿਆ ਹੈ । ਉਹਨਾਂ ਕਿਹਾ ਕਿ ਅਸੀਂ ਉਹਨਾਂ ਦਾ ਕੇਸ ਅਦਾਲਤ ਸਾਹਮਣੇ ਠੀਕ ਢੰਗ ਨਾਲ ਪੇਸ਼ ਨਹੀਂ ਕਰ ਸਕੇ । ਮੋਰਚੇ ਦੇ ਅਖੌਤੀ ਚੌਧਰੀ ਬਣੇ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਕੇਸਾਂ ਨੂੰ ਰਸਤੇ ਤੋਂ ਭਟਕਾ ਦਿੱਤਾ । ਇਸ ਤੋਂ ਪਹਿਲਾਂ ਜਸਪਾਲ ਸਿੰਘ ਮੱਝਪੁਰ ਨੇ ਬੰਦੀ ਸਿੰਘਾਂ ਦੇ ਕੇਸ ਵਿੱਚ ਬਹੁਤ ਮਿਹਨਤ ਕੀਤੀ ਸੀ ਪਰੰਤੂ ਮੋਰਚੇ ਦੇ ਅਖੌਤੀ ਪ੍ਰਬੰਧਕਾਂ ਨੇ ਆਪਣੀ ਮਨਮਾਨੀ ਕਰਦਿਆਂ ਕੇਸਾਂ ਨੂੰ ਲੀਹਾਂ ਲਾਹ ਦਿੱਤਾ । ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜੱਥੇਦਾਰ ਹਵਾਰਾ ਦੇ ਚਿੱਠੀ ਭੇਜਕੇ ਦਿੱਤੇ ਦਿਸ਼ਾ ਨਿਰਦੇਸ਼ਾਂ ਨੂੰ ਅਣਗੌਲਿਆਂ ਕਰ ਸਿੱਖ ਕੌਮ ਨਾਲ ਧੋਖਾ ਕੀਤਾ ਹੈ । ਉਹਨਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਭਾਈ ਗੁਰਮੀਤ ਸਿੰਘ ਦੇ ਕੇਸ ਨੂੰ ਸੰਜੀਦਗੀ ਨਾਲ ਲੈਣ ਲਈ ਬੇਨਤੀ ਕਰਦੇ ਆ ਰਹੇ ਸਨ ਪਰੰਤੂ ਵਕੀਲਾਂ ਨੇ ਆਪਣੀ ਮਨਮਰਜੀ ਕੀਤੀ ਜਿਸ ਦਾ ਨਤੀਜਾ ਕੌਮ ਦੇ ਸਾਹਮਣੇ ਹੈ ਕਿ ਭਾਈ ਗੁਰਮੀਤ ਸਿੰਘ ਫਿਰ ਤੋਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਪਹੁੰਚ ਗਏ ਹਨ ।
ਬਾਪੂ ਗੁਰਚਰਨ ਸਿੰਘ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ੇਸ਼ ਅਰਦਾਸ ਕਰੇ ਅਤੇ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀ ਭਰਕੇ ਉਸ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਸਰਕਾਰਾਂ ਉੱਤੇ ਦਬਾਅ ਬਣਾਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ ।



