ਸਿੱਖਿਆ ‘ਚ ਕ੍ਰਾਂਤੀਕਾਰੀ ਤਬਦੀਲੀ ਆਵੇਗੀ
ਚੰਡੀਗੜ੍ਹ/ਮਲੇਰਕੋਟਲਾ, 11 ਮਾਰਚ (ਅਬੂ ਜ਼ੈਦ ਬਿਉਰੋ): ਪੰਜਾਬ ਸਰਕਾਰ ਵੱਲੋਂ ਸਾਲ 2023-24 ਦਾ ਬਜ਼ਟ ਪੇਸ਼ ਕੀਤਾ ਗਿਆ । ਭਾਵੇਂ ਕਿ ਵਿਰੋਧੀ ਧਿਰਾਂ ਆਪਣੀ ਆਦਤ ਅਨੁਸਾਰ ਬਜਟ ‘ਚ ਖਾਮੀਆਂ ਤਲਾਸ਼ਨੀਆਂ ਸ਼ੁਰੂ ਕਰ ਦਿੱਤੀਆਂ ਹਨ ਪਰੰਤੂ ਇਸ ਬਜ਼ਟ ਨੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਦਾ ਰਾਹ ਪੱਧਰਾ ਹੋ ਗਿਆ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਸਾਕਿਬ ਅਲੀ ਖਾਨ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਲੇਟਕੋਟਲਾ ਨੇ ਅਦਾਰੇ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਬਿਤ ਕਰ ਦਿੱਤਾ ਹੈ ਕਿ ਸਰਕਾਰ ਸਿੱਖਿਆ ਪ੍ਰਤੀ ਕਿੰਨੀ ਜਾਗਰੂਕ ਹੈ ਅਤੇ ਸਿੱਖਿਆ ਦੇ ਖੇਤਰ ‘ਚ ਕਾਂਤੀ ਲਿਆਉਣ ਲਈ ਤਤਪਰ ਹੈ । ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਵਿੱਚ ਸਕੂਲ ਸਿੱਖਿਆ, ਉਚੇਰੀ ਸਿੱਖਿਆ ਅਤੇ ਤਕਨੀਕੀ ਸਿੱਖਿਆ ਨੂੰ ਤਰਜੀਹ ਦਿੱਤੀ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ।
ਸਾਕਿਬ ਅਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦੂਜੇ ਬਜਟ ਵਿੱਚ ਸਿੱਖਿਆ ਦੇ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ ਅਤੇ ਇਸ ਵਿੱਚ ਬੀਤੇ ਵਰ੍ਹੇ 12 ਫ਼ੀਸਦੀ ਵਾਧਾ ਹੋਇਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਸਰਕਾਰ ਪੰਜਾਬ ਦੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਉਤੇ ਮੁਕਾਬਲੇ ਦੇ ਯੋਗ ਬਣਾਉਣ ਲਈ ਸਕੂਲਾਂ ਦੇ ਬੁਨਿਆਦੀ ਢਾਂਚੇ ਦੀ ਕਾਇਆ-ਕਲਪ ਕਰਨ ਲਈ ਫੰਡ ਰੱਖੇ ਹਨ ਉਹ ਸ਼ਲਾਘਾਯੋਗ ਉਪਰਾਲਾ ਹੈ ਜਿਸ ਦੀ ਪੰਜਾਬ ਸਮੇਤ ਵਿਸ਼ਵ ਭਰ ‘ਚ ਖੂਬ ਚਰਚਾ ਹੋ ਰਹੀ ਹੈ।



