ਮਲੇਰਕੋਟਲਾ, 24 ਜੂਨ (ਅਬੂ ਜ਼ੈਦ): ਮਾਨ ਸਾਹਬ! ਖੁਦੀ ਖੁਦਾ ਦਾ ਵੈਰ ਹੁੰਦੈ, ਅੱਤ ਅਤੇ ਅੰਤ ਵਿੱਚ ਮਾਮੂਲੀ ਅੱਧਕ ਅਤੇ ਟਿੱਪੀ ਦਾ ਫਰਕ ਹੁੰਦੈ ਪਰੰਤੂ ਇਹ ਮਾਮੂਲੀ ਸ਼ਬਦ ਇਨਸਾਨ ਨੂੰ ਅਰਸ਼ਾਂ ਤੋਂ ਫਰਸ਼ਾਂ ‘ਤੇ ਲਿਆਕੇ ਸੁੱਟ ਦਿੰਦੇ ਹਨ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁਹੰਮਦ ਜਮੀਲ ਮਨੁੱਖੀ ਅਧਿਕਾਰ ਕਾਰਕੁੰਨ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਉਹਨਾਂ ਕਿਹਾ ਕਿ ਅੱਜਕਲ ਭਗਵੰਤ ਮਾਨ ਦੀ ਇੱਕ ਵੀਡੀਓ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਇੱਕ ਭੂਝਾਲ ਆਇਆ ਹੋਇਆ ਹੈ । ਅਕਾਲ ਤਖਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪਿਛਲੇ ਦਿਨੀਂ ਉਕਤ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਕੇ ਜਨਤਕ ਕਰ ਦਿੱਤੀ ਅਤੇ ਹੁਕਮਨਾਮਾ ਜਾਰੀ ਕੀਤਾ ਕਿ ਵੀਡੀਓ ਅਸਲੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਗੁਰੂ ਦੋਖੀ ਅਤੇ ਪੰਥ ਵਿਰੋਧੀ ਹੈ । ਬਸ ਫੇਰ ਕੀ ਸੀ! ਭਗਵੰਤ ਮਾਨ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਵੀ ਵਿਰੋਧੀ ਪਾਰਟੀ ਦੇ ਬਿਆਨ ਵਾਂਗ ਹੀ ਟਿੱਚ ਸਮਝਿਆ ਅਤੇ ਸਟੇਜਾਂ ਤੋਂ ਲਲਕਾਰੇ ਮਾਰਨੇ ਸ਼ੁਰੂ ਕਰ ਦਿਤੇ । ਇੱਥੇ ਹੀ ਬਸ ਨਹੀਂ ਕੀਤੀ ਆਪਣੇ ਖਾਸਮ-ਖਾਸ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੂੰ ਵੀ ਅਕਾਲ ਤਖਤ ਸਾਹਿਬ ਦੀ ਇਸ ਬੇਅਦਬੀ ‘ਚ ਸ਼ਾਮਲ ਕਰ ਲਿਆ, ਪੁਲਸ ਦੀ ਦੁਰਵਰਤੋਂ ਕਰਕੇ ਗੁੜਗਾਓ ਤੋਂ ਜਾਅਲੀ ਫੋਰੈਂਸਿਕ ਰਿਪੋਰਟ ਵੀ ਤਿਆਰ ਕਰਵਾ ਲਈ । ਕੁਝ ਘੰਟਿਆਂ ਬਾਅਦ ਹੀ ਉਹ ਰਿਪੋਰਟ ਫੜੀ ਵੀ ਗਈ ਅਤੇ ਪਰਚਾ ਵੀ ਦਰਜ ਹੋ ਗਿਆ । ਜਿਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਥੀਆਂ ਦੀ ਸਾਰੀ ਸਿਆਣਪ ਧਰੀ ਰਹਿ ਗਈ । ਜਦੋਂਕਿ ਇਸ ਤੋਂ ਪਹਿਲਾਂ ਸਿਆਸੀ ਜਮਾਤਾਂ ਇਹ ਬਿਆਨ ਦੇ ਰਹੀਆਂ ਸਨ ਇੱਕ ਸਿੱਖ ਹਰ ਗਲਤੀ ਕਰ ਸਕਦੈ ਪਰੰਤੂ ਧਾਰਮਿਕ ਬੇਅਬਦੀ ਨਹੀਂ ਕਰ ਸਕਦਾ । ਪਰੰਤੂ ਜਾਅਲੀ ਰਿਪੋਰਟ ਕਰਵਾਉਣ ਨਾਲ ਭਗਵੰਤ ਮਾਨ ਸਿਆਸੀ ਤੌਰ ‘ਤੇ ਵੀ ਅਤੇ ਸਮਾਜਿਕ ਤੌਰ ‘ਤੇ ਵੀ ਖਤਮ ਹੋਣ ਦੀ ਕਗਾਰ ‘ਤੇ ਪਹੁੰਚ ਚੁੱਕੇ ਹਨ ।
ਮੁਹੰਮਦ ਜਮੀਲ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਨ ਮੰਗੀ ਸਲਾਹ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਰੁਤਬਾ ਸਰਵਉੱਚ ਹੈ ਉਸਨੂੰ ਸਿਆਸੀ ਕਿੜ੍ਹਾਂ ਕੱਢਣ ਲਈ ਨਾ ਵਰਤਿਆ ਜਾਵੇ ਬਲਿਕ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ । ਇਨਸਾਨ ਗਲਤੀ ਦਾ ਪੂਤਲਾ ਹੈ, ਜਿਸਨੇ ਕਦੇ ਗਲਤੀ ਨਹੀਂ ਕੀਤੀ ਉਹ ਇਨਸਾਨ ਨਹੀਂ, ਫਰਿਸ਼ਤੇ ਹੁੰਦੇ ਨੇ। ਇਤਿਹਾਸ ਗਵਾਹ ਹੈ ਜਿਸ ਨੇ ਵੀ ਅਕਾਲ ਤਖਤ ਸਾਹਿਬ ਨੂੰ ਲਲਕਾਰਿਆਂ ਹੈ ਉਸ ਦਾ ਬੇੜਾ ਗਰਕ ਹੀ ਹੋਇਆ ਹੈ । ਪੰਜਾਬ ਦੇ ਰਾਜਨੀਤਿਕ ਗਲਿਆਰਿਆਂ ‘ਚ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਜਿਹੀਆਂ ਅਨੇਕਾਂ ਮਿਸਾਲਾਂ ਮੌਜੂਦ ਹਨ । ਭਗਵੰਤ ਮਾਨ ਆਪਣੀ ਗਲਤੀ ਮੰਨਣ ਦੀ ਬਜਾਏ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਉੱਪਰ ਹੀ ਨਿੱਜੀ ਟਿੱਪਣੀਆਂ ਕਰ ਰਹੇ ਹਨ । ਅਕਾਲ ਤਖਤ ਸਾਹਿਬ ‘ਤੇ ਜੋ ਵੀ ਨਿਮਾਣਾ ਬਣਕੇ ਆਇਆ ਹੈ ਉਸਨੂੰ ਮਾਫ ਵੀ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਮੁਸਲਮਾਨਾਂ ਦਾ ਸਭ ਤੋਂ ਮੁਕੱਦਸ ਸਥਾਨ ਸਾਊਦੀ ਅਰਬ ਦੇ ਸ਼ਹਿਰ ਮੱਕਾ ‘ਚ ਸਥਿਤ ਖਾਨਾ ਕਾਅਬਾ ਹੈ । ਸਾਊਦੀ ਅਰਬ ਵਿੱਚ ਅੱਜਕਲ ਤਕਰੀਬਨ ਮੁਸਲਿਮ ਵਿਰੋਧੀ ਸਰਕਾਰ ਹੈ । ਇਸ ਦਾ ਮਤਲਬ ਇਹ ਨਹੀਂ ਕਿ ਖਾਨਾ ਕਾਅਬਾ ਦਾ ਰੁਤਬਾ ਘੱਟ ਗਿਆ ਬਲਿਕ ਦੁਨੀਆ ਭਰ ਦੇ ਕਰੋੜਾਂ ਮੁਸਲਮਾਨ ਖਾਨਾ ਕਾਅਬਾ ਦੀ ਜ਼ਿਆਰਤ (ਹੱਜ ਬੈਤੁੱਲਾ) ਕਰਨ ਲਈ ਜਾ ਰਹੇ ਹਨ ।


