ਸੰਯੁਕਤ ਕਿਸਾਨ ਮੋਰਚੇ ਦੇ ‘ਗ੍ਰਾਮੀਨ ਭਾਰਤ ਬੰਦ’ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ

author
0 minutes, 3 seconds Read

ਮਲੇਰਕੋਟਲਾ ਵਿਖੇ ਸਬਜ਼ੀ ਮੰਡੀ, ਪ੍ਰਾਈਵੇਟ ਟਰਾਂਸਪੋਟਰ, ਸਕੂਲ, ਅਦਾਰੇ ਬੰਦ ਕਰਕੇ ਭਾਰਤ ਬੰਦ ਨੂੰ ਪੂਰਨ ਸਹਿਯੋਗ ਕੀਤਾ

ਮਲੇਰਕੋਟਲਾ, 16 ਫਰਵਰੀ (ਬਿਉਰੋ): ਸੰਯੁਕਤ ਕਿਸਾਨ ਮੋਰਚੇ ਦੇ ‘ਗ੍ਰਾਮੀਨ ਭਾਰਤ ਬੰਦ’ ਦੇ ਸੱਦੇ ਨੂੰ ਅੱਜ ਦੇਸ਼ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ, ਬੰਦ ਦੀ ਇਸ ਕਾਲ ਵਿੱਚ ਸਾਰੇ ਕਿਸਾਨ ਸੰਗਠਨ ਅਤੇ ਸਮਾਜ ਸੇੇਵੀ ਜੱਥੇਬੰਦੀਆਂ ਨੇ ਭਰਪੂਰ ਸਾਥ ਦਿੱਤਾ । ਦੁਕਾਨਾਂ, ਫੈਕਟਰੀਆਂ, ਸਕੂਲ, ਬੈਂਕ ਸਮੇਤ ਵੱਖ-ਵੱਖ ਅਦਾਰੇ ਸਵੇਰ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇ, ਬਾਜ਼ਾਰਾਂ ਅਤੇ ਵਪਾਰਕ ਅਦਾਰਿਆਂ ‘ਚ ਸੰਨਾਟਾ ਛਾਇਆ ਰਿਹਾ । ਕਿਸਾਨ ਯੂਨੀਅਨ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਹਰ ਸ਼ਹਿਰ ‘ਚ ਇੱਕ ਜਾਂ ਦੋ ਮੇਨ ਚੌਂਕਾਂ ਵਿੱਚ 12 ਵਜੇ ਤੋਂ 4 ਵਜੇ ਤੱਕ ਧਰਨਾ ਲਗਾ ਕੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀਆਂ ਵਧੀਕੀਆਂ ਦੇ ਵਿਰੋਧ ਵਿੱਚ ਰੋਸ ਪ੍ਰਗਟ ਕੀਤਾ । ਆਵਾਜ਼ਾਈ ਦੇ ਸਾਧਨ ਵੀ ਬੰਦ ਰਹੇ । ਭਾਵੇਂ ਆਮ ਲੋਕਾਂ ਨੂੰ ਕੁਝ ਘੰਟਿਆਂ ਲਈ ਅਸੁਵਿਧਾ ਰਹੀ ਪਰੰਤੂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਦੇਖਦੇ ਦੇਸ਼ ਵਾਸੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ । ਦਰਅਸਲ 13 ਫਰਵਰੀ ਨੂੰ ਕਿਸਾਨ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਐਮ.ਐਸ.ਪੀ. ਦੀ ਗਾਰੰਟੀ ਉੱਤੇ ਕਾਨੂੰਨ ਬਣਾਉਣਾ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ ਮਾਫੀ, ਬਿਜਲੀ ਦੇ ਨਿੱਜੀਕਰਣ ਨੂੰ ਰੋਕਣਾ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਾ ਆਦਿ ਨਾ ਪੂਰੀਆਂ ਹੋਣ ਕਾਰਣ ‘ਦਿੱਲੀ ਚੱਲੋ’ ਦੀ ਕਾਲ ਦਿੱਤੀ ਗਈ ਸੀ ਜਿਸ ‘ਤੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨ ਟਰੈਕਟਰ-ਟਰਾਲੀਆਂ, ਗੱਡੀਆਂ ਲੈ ਕੇ ਦਿੱਲੀ ਲਈ ਨਿੱਕਲ ਗਏ । ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਉੱਤੇ ਬੈਰੀਕੇਡ ਲਗਾ ਕੇ ਰੋਕ ਲਿਆ ਜੋ ਅੱਜ ਤੱਕ ਰੋਕੇ ਹੋਏ ਹਨ । ਪੁਲਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਉੱਤੇ ਕਈ ਵਾਰ ਬਲ ਪ੍ਰਯੋਗ ਵੀ ਕੀਤਾ ਗਿਆ । ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਨਾਲ ਸੈਂਕੜੇ ਕਿਸਾਨ ਜ਼ਖਮੀ ਹੋ ਗਏ ।

ਇਸੇ ਤਹਿਤ ਅੱਜ ਮਲੇਰਕੋਟਲਾ ਦੇ ਧੁਰੀ ਰੋਡ ‘ਤੇ ਟਰੱਕ ਯੂਨੀਅਨ ਚੌਂਕ ਅਤੇ ਲੁਧਿਆਣਾ ਰੋਡ ਬਾਈਪਾਸ ਉੱਤੇ 12 ਵਜੇ ਤੋਂ 4 ਵਜੇ ਤੱਕ ਕਿਸਾਨ ਯੂਨੀਅਨ ਵੱਲੋਂ ਮੁਸਲਿਮ ਫੈਡਰੇਸ਼ਨ ਆਫ ਪੰਜਾਬ, ਮੁਸਲਿਮ ਸਿੱਖ ਫਰੰਟ ਸਮੇਤ ਅਨੇਕਾਂ ਸਥਾਨਕ ਸਮਾਜਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ । ਜਿਸ ਨੂੰ ਸ਼ਹਿਰ ਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ । ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਮੁਕੰਮਲ ਬੰਦ ਰਹੀ, ਪ੍ਰਾਈਵੇਟ ਟਰਾਂਸਪੋਟਰਾਂ ਵੱਲੋਂ ਮੁਕੰਮਲ ਬੰਦ ਕਰਕੇ ਭਾਰਤ ਬੰਦ ਨੂੰ ਪੂਰਨ ਸਹਿਯੋਗ ਕੀਤਾ । ਸ਼ਹਿਰ ਦੇ ਬਜ਼ਾਰ, ਇੰਡਸਟਰੀ ਏਰੀਆ, ਮੁਹੱਲਿਆਂ ਦੀਆਂ ਦੁਕਾਨਾਂ ਤੱਕ ਬੰਦ ਰਹੀਆਂ ।

Similar Posts

Leave a Reply

Your email address will not be published. Required fields are marked *