ਚੰਡੀਗੜ੍ਹ/ਮਲੇਰਕੋਟਲਾ, 18 ਮਈ (ਬਿਉਰੋ): ਪੰਜਾਬ ਵਿੱਚ ਦੇਰ ਰਾਤ ਆਏ ਹਨੇਰੀ-ਤੂਫਾਨ ਕਾਰਨ ਸੈਂਕੜੇ ਟਰਾਂਸਫਾਰਮਰ ਅਤੇ ਬਿਜਲੀ ਦੇ ਖੰਭਿਆਂ ਸਮੇਤ ਘਰਾਂ, ਸ਼ੈਡ ਅਤੇ ਦਰਖਤਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ । ਇਸ ਕਾਰਨ ਰਾਤ ਵੇਲੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ । ਵੀਰਵਾਰ ਨੂੰ ਵੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਵੀਰਵਾਰ ਨੂੰ ਪਾਵਰਕਾਮ ਨੂੰ ਹਜ਼ਾਰਾਂ ਦੀ ਗਿਣਤੀ ‘ਚ ਸ਼ਿਕਾਇਤਾਂ ਮਿਲੀਆਂ ।
ਨਾਭਾ ‘ਚ ਇੱਕ ਦੀਵਾਰ ਗਿਰ ਜਾਣ ਕਾਰਣ ਨਵੀਂ ਕਾਰ ਬਿਲਕੁਲ ਨਸ਼ਟ ਹੋ ਗਈ । ਮਲੇਰਕੋਟਲਾ ਦੇ ਨੇੜਲੇ ਪਿੰਡਾਂ ਦਲੇਲਗੜ੍ਹ, ਨੌਧਰਾਣੀ, ਸੱਦੋਪੁਰ, ਹਿੰਮਤਾਣਾ, ਸੰਗਾਲਾ, ਭੈਣੀ ਦਾ ਦੌਰਾ ਕੀਤਾ ਗਿਆ ਤਾਂ ਖੇਤਾਂ ‘ਚ ਮੋਟਰਾਂ ਤੇ ਲੱਗੇ ਟਰਾਂਸਫਾਰਮ ਅਤੇ ਖੰਭੇ ਕੱਖਾਂ ਕਾਨਿਆਂ ਵਾਂਗ ਗਿਰ ਪਏ ਦੇਖੇ ਗਏ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਕੜਿਆਂ ਮੁਤਾਬਕ ਪਟਿਆਲਾ, ਮੋਹਾਲੀ, ਸੰਗਰੂਰ, ਬਰਨਾਲਾ ਅਤੇ ਰੋਪੜ ਜ਼ਿਲ੍ਹਿਆਂ ਵਿੱਚ 1000 ਟਰਾਂਸਫਾਰਮਰ ਨੁਕਸਾਨੇ ਗਏ ਅਤੇ 4000 ਬਿਜਲੀ ਦੇ ਖੰਭੇ ਡਿੱਗ ਗਏ। ਇਸ ਕਾਰਨ ਪਾਵਰਕਾਮ ਨੂੰ 11 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।ਦੂਜੇ ਪਾਸੇ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਵਿੱਚ 50 ਟਰਾਂਸਫਾਰਮਰ ਨੁਕਸਾਨੇ ਗਏ ਹਨ ਅਤੇ 194 ਬਿਜਲੀ ਦੇ ਖੰਭੇ ਡਿੱਗ ਗਏ ਹਨ। ਜ਼ਿਆਦਾਤਰ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਵਰਕਾਮ ਨੂੰ ਸੂਬੇ ਭਰ ਵਿੱਚੋਂ 93 ਹਜ਼ਾਰ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 9800 ਸ਼ਿਕਾਇਤਾਂ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਆਈਆਂ ਹਨ।



