ਦੋ ਦਿਨਾਂ ਤੋਂ ਰਜਿਸਟਰੀਆਂ ਕਰਵਾਉਣ ਲਈ ਤਹਿਸੀਲਦਾਰ ਦਾ ਇੰਤਜ਼ਾਰ ਕਰ ਰਹੇ ਲੋਕ
ਮਲੇਰਕੋਟਲਾ, 20 ਜੂਨ (ਅਬੂ ਜ਼ੈਦ): ‘ਹਾਅ ਦਾ ਨਾਅਰਾ’ ਦੀ ਧਰਤੀ ਮਲੇਰਕੋਟਲਾ ਨੂੰ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਬਨਾਉਣ ‘ਤੇ ਵਿਸ਼ਵ ਭਰ ‘ਚ ਲੋਕਾਂ ਵੱਲੋਂ ਖੁਸ਼ੀ ਮਨਾਈ ਗਈ ਕਿ ਗੁਰੂਆਂ-ਪੀਰਾਂ ਦੀ ਧਰਤੀ ਨੂੰ ਸਨਮਾਨ ਦਿੱਤਾ ਗਿਆ । ਜ਼ਿਲ੍ਹਾ ਬਨਣ ਨਾਲ ਲੋਕਾਂ ਦੇ ਰੋਜ਼ਮੱਰਾ ਦੇ ਕੰਮਾਂ ਵਿੱਚ ਆਸਾਨੀ ਆ ਜਾਵੇਗੀ । ਪਰੰਤੂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਕੇ ਸਿਆਸੀ ਲੀਡਰਾਂ ਨੇ ਜਨਤਾ ਨਾਲ ਧ੍ਰੋਹ ਹੀ ਕਮਾਇਆ ਹੈ । ਸਰਕਾਰੀ ਦਫਤਰ ਬਿਨ੍ਹਾਂ ਬਾਬੂਆਂ ਤੋਂ ਚੱਲ ਰਹੇ ਹਨ । ਜਨਤਾ ਤਰਾਹ-ਤਰਾਹ ਕਰ ਰਹੀ ਹੈ ਕੋਈ ਉਨਾਂ ਦੀ ਫਰਿਆਦ ਸੁਨਣ ਵਾਲਾ ਨਹੀਂ ਹੈ । ਨਾਇਬ ਤਹਿਸੀਲਦਾਰ ਦੀ ਪਾਵਰਾਂ ਖੋਹ ਲਈਆਂ ਸਨ ਕਈ ਹਫਤਿਆਂ ਤੋਂ ਉਹ ਸਿਰਫ ਦਫਰਤ ਦੇ ਸਟੈਚੂ ਬਣੇ ਹੋਏ ਹਨ । ਪਿਛਲੇ ਦੋ ਦਿਨਾਂ ਤੋਂ ਤਹਿਸੀਲਦਾਰ ਮਲੇਰਕੋਟਲਾ ਵੀ ਛੁੱਟੀ ਤੇ ਚੱਲ ਰਹੇ ਹਨ । ਸਿਵਲ ਪ੍ਰਸ਼ਾਸਨ ਵੱਲੋਂ ਕੋਈ ਬਦਲਵਾਂ ਪ੍ਰਬੰਧ ਨਾ ਕਰਨ ਕਾਰਣ ਜਨਤਾ ਅੰਤਾਂ ਦੀ ਗਰਮੀ ‘ਚ ਖੱਜਲ-ਖੁਆਰ ਹੋ ਰਹੀ ਹੈ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਰਜਿਸਟਰੀ ਕਰਵਾਉਣ ਆਏ ਇੱਕ ਸੱਜਣ ਨੇ ਦੱਸਿਆ ਕਿ ਉਹ ਆਪਣੇ ਘਰੇਲੂ ਅਤੇ ਕਾਰੋਬਾਰੀ ਰੁਝੇਵੇ ਛੱਡ ਕੇ ਐਤਵਾਰ ਨੂੰ ਮਲੇਰਕੋਟਲਾ ਆਏ, ਸੋਮਵਾਰ ਤਹਿਸੀਲਦਾ ਸਾਹਿਬ ਛੁੱਟੀ ਤੇ ਸਨ, ਅਤੇ ਮੰਗਲਵਾਰ ਵੀ ਨਹੀਂ ਆਏ । ਤਹਿਸੀਲਦਾਰ, ਐਸ.ਡੀ.ਐਮ. ਅਤੇ ਡਿਪਟੀ ਕਮਿਸ਼ਰਨ ਦਫਤਰਾਂ ਦੇ ਧੱਕੇ ਖਾ ਕੇ ਤਿੰਨ ਦਿਨ ਤੋਂ ਹੋਟਲਾਂ ਦੇ ਖਰਚੇ ਝੱਲ ਕੇ ਇੱਕ ਮਾਮੂਲੀ ਰਜਿਸਟਰੀ ਕਰਵਾਉਣ ਲਈ ਮਜਬੂਰ ਹਨ, ਜੇਕਰ ਕੋਈ ਸ਼ਿਕਾਇਤ ਕਰਨ ਲਈ ਵੱਡੇ ਅਫਸਰਾਂ ਕੋਲ ਜਾਵੇ ਤਾਂ ਮਿਲਣ ਨਹੀਂ ਦਿੱਤਾ ਜਾਂਦਾ, ਫੋਨ ਕਰਨ ਤੇ ਕੋਈ ਫੋਨ ਨਹੀਂ ਚੁੱਕਦਾ । ਇਸ ਤੋਂ ਇਲਾਵਾ ਬੱਚਿਆਂ ਦੇ ਸਕੂਲਾਂ ਦੇ ਦਸਤਾਵੇਜ਼, ਲੋਨ ਸਬੰਧੀ ਮਾਮਲੇ, ਜਮਾਨਤਾਂ ਵਗੈਰਾ ਲਈ ਦਸਤਾਵੇਜ਼ ਤਿਆਰ ਕਰਵਾਉਣ ਲਈ ਲੋਕ ਡਾਹਢੇ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ । ਭਾਵੇਂ ਕਿ ਲੰਬੇ ਸਮੇਂ ਤੋਂ ਜਨਤਾ ਦੀ ਮੰਗ ਤੇ ਵਿਧਾਇਕ ਸਥਾਨਕ ਵੀ ਬਣਾ ਲਿਆ ਹੈ ਪਰੰਤੂ ਜਨਤਾ ਦੀ ਹਾਲਤ ਜਿਉਂ ਦੀ ਤਿਉਂ ਹੈ । ਫਰਦ ਕੇਂਦਰ ਵਿੱਚ ਫਰਦਾਂ ਲੈਣ ਲਈ ਲੋਕ ਸਵੇਰੇ 6 ਵਜੇ ਤੋਂ ਲਾਈਨਾਂ ਲਗਾਕੇ ਟੋਕਨ ਲੈਂਦੇ ਹਨ ਪਰੰਤੂ ਸਿਰਫ ਇੱਕ ਹੀ ਕਾਉਂਟਰ ਚੱਲਣ ਕਾਰਣ ਸਾਰਾ ਦਿਨ ਗਰਮੀ ‘ਚ ਇੰਤਜਾਰ ਕਰਨ ਤੋਂ ਬਾਦ ਵੀ ਕਈ ਲੋਕਾਂ ਨੂੰ ਵਾਪਸ ਜਾਣਾ ਪੈਂਦਾ ਹੈ ।
ਤਹਿਸੀਲ ਕੰਪਲੈਕਸ ਆਪਣੇ ਨਿੱਜੀ ਕੰਮਾਂ ਲਈ ਖੱਜਲ-ਖੁਆਰ ਹੋ ਰਹੇ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਰਨ ਮਲੇਰਕੋਟਲਾ ਨੂੰ ਗੁਹਾਰ ਲਗਾਈ ਹੈ ਕਿ ਤਹਿਸੀਲ ਦਫਤਰ ਵੱਲ ਖਾਸ ਧਿਆਨ ਦਿੱਤਾ ਜਾਵੇ, ਹਫਤੇ ਦੇ ਪੰਜ ਦਿਨ ਦੋਵੇਂ ਤਹਿਸੀਲਦਾਰਾਂ, ਫਰਦ ਕੇਂਦਰ ‘ਚ ਪੂਰਾ ਅਮਲਾ ਅਤੇ ਵਾਧੂ ਕਾੳਂੁਟਰ ਲਗਾ ਕੇ ਜਨਤਾ ਨੂੰ ਰਾਹਤ ਦਿੱਤੀ ਜਾਵੇ । ਇਸ ਤੋਂ ਇਲਾਵਾ ਜਲਦ ਹੀ ਸ਼ਹਿਰ ਦੇ ਪਤਵੰਤਿਆਂ ਦਾ ਇੱਕ ਵਫਦ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਜਾਣੂ ਕਰਵਾਏਗਾ ।



