ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਪੈਰੋਲ ‘ਤੇ ਜੇਲ੍ਹੋਂ ਆਏ ਬਾਹਰ
ਮਲੇਰਕੋਟਲਾ, 08 ਅਗਸਤ (ਬਿਉਰੋ): “ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ” ਜੋ ਕੌਮਾਂ ਹਿੰਮਤ ਰੱਖਦੀਆਂ ਹਨ ਉਨਾਂ ਨੂੰ ਭਾਵੇਂ ਦੇਰ ਨਾਲ ਹੀ ਮਿਲੇ ਜਿੱਤ ਜ਼ਰੂਰ ਮਿਲਦੀ ਹੈ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਲਗਾਏ ਗਏ ਮੋਰਚੇ ਨੂੰ ਦਿਨੋਂ-ਦਿਨ ਫਲ ਲੱਗਦਾ ਨਜ਼ਰ ਆ ਰਿਹਾ ਹੈ । ਸੱਤ ਮਹੀਨੇ ਤੋਂ ਭਾਵੇਂ ਕਿ ਸਰਕਾਰ ਮੋਰਚੇ ਨੂੰ ਅਣਗੌਲਿਆ ਕਰ ਰਹੀ ਹੈ ਪਰੰਤੂ ਮੋਰਚਾ ਪੰਜਾਬ ਸਰਕਾਰ ਅਤੇ ਕੇਂਦਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ । ਸ਼ੋਸ਼ਲ ਮੀਡੀਆ ਨੇ ਵਿਸ਼ਵ ਭਰ ਵਿੱਚ ਭਾਰਤੀ ਕਾਨੂੰਨ ਦੇ ਦੋਹਰੇ ਮਾਪਦੰਡ ਦਾ ਭਾਂਡਾ ਭੰਨ ਦਿੱਤਾ ਹੈ । ਮੋਰਚਾ ਲੱਗਣ ਤੋਂ ਬਾਦ ਦੋ ਬੰਦੀ ਸਿੰਘਾਂ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ ਅਤੇ ਕਈਆਂ ਨੂੰ ਪੈਰੋਲ ਦਾ ਰਸਤਾ ਖੁੱਲ ਗਿਆ ਹੈ । ਇਸੇ ਲੜੀ ਤਹਿਤ ਬੰਦੀ ਸਿੰਘ ਭਾਈ ਸ਼ਮਸ਼ੇਰ ਸਿੰਘ ਨੂੰ 42 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਨਾਲ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ । ਭਾਈ ਸ਼ਮਸ਼ੇਰ ਸਿੰਘ ਨੂੰ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਬਾਪੂ ਗੁਰਚਰਨ ਸਿੰਘ ਅਤੇ ਪਾਲ ਸਿੰਘ ਫਰਾਂਸ ਨੇ ਮਿਲ ਕੇ ਮੁਬਾਰਕਬਾਦ ਦਿੱਤੀ । ਇਸ ਮੌਕੇ ਮੀਡੀਆ ਅਦਾਰੇ ਸਿੱਖ ਨਿਊਜ਼ ਅਪਡੇਟ ਨਾਲ ਗੱਲਬਾਤ ਕਰਦਿਆਂ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ । ਸਰਕਾਰਾਂ ਮੋਰਚੇ ਨੂੰ ਖਤਮ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ ਪਰੰਤੂ ਸੰਗਤ ਦਾ ਵੱਧ ਰਿਹਾ ਇਕੱਠ ਅਤੇ 15 ਅਗਸਤ ਦੇ ਰੋਸ ਮਾਰਚ ਦੀ ਕਾਲ ਨੇ ਮੋਰਚੇ ਨੂੰ ਜਵਾਨ ਕਰ ਦਿੱਤਾ ਹੈ । ਨੌਜਵਾਨ 15 ਅਗਸਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਗੂੰਗੀ, ਬੋਲੀ ਅਤੇ ਅੰਨ੍ਹੀ ਸਰਕਾਰ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਸਕਣ ।



