ਮਲੇਰਕੋਟਲਾ, 06 ਜੂਨ (ਅਬੂ ਜ਼ੈਦ): ਅੱਜ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਦੇ ਪਤਵੰਤਿਆਂ ਨੇ ਸਥਾਨਕ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਹਿਬਾਨਾਮਾ (ਗਿਫਟ ਡੀਡ) ਚਾਲੂ ਕਰਵਾਉਣ ਸਬੰਧੀ ਇੱਕ ਮੰਗ ਪੱਤਰ ਦਿੱਤਾ । ਇਸ ਉਪਰੰਤ ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਗੁਲਜ਼ਾਰ ਖਾਨ ਧਾਲੀਵਾਲ, ਖੁਸ਼ੀ ਮੁਹੰਮਦ ਮੁਹੰਮਦ ਯਾਸਰ ਨੇ ਦੱਸਿਆ ਕਿ ਪਿਛਲੇ 10 ਮਹੀਨੇ ਤੋਂ ਕਿਸੇ ਅਧਿਕਾਰੀ ਦੇ ਸ਼ਿਕਾਇਤ ਮਾਤਰ ਕਰਨ ਤੇ ਹਿਬਾਨਾਮਾ ਦੇ ਇੰਤਕਾਲ ਬੰਦ ਕਰ ਦਿੱਤੇ ਸਨ ਜਿਸਨੂੰ ਚਾਲੂ ਕਰਵਾਉਣ ਲਈ ਅੱਜ ਵਿਧਾਇਕ ਮਲੇਰਕੋਟਲਾ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ । ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਸਮੂਹ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਇਸ ਮਸਲੇ ਦਾ ਹੱਲ ਪਹਿਲ ਦੇ ਅਧਾਰ ‘ਤੇ ਕਰਵਾਉਣਗੇ । ਉਹ ਹਮੇਸ਼ਾ ਆਪਣੇ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਨਾਲ ਖੜੇ ਹਨ ਅਤੇ ਹਰ ਮਸਲੇ ਦੇ ਹੱਲ ਲਈ ਤਤਪਰ ਰਹਿੰਦੇ ਹਨ । ਉਨਾਂ ਕਿਹਾ ਕਿ ਪੰਜਾਬ ਅੰਦਰ ਰਹਿ ਰਹੀ ਘੱਟਗਿਣਤੀ ਕੌਮ ਮੁਸਲਮਾਨਾਂ ਨੂੰ ਪੰਜਾਬ ਸਰਕਾਰ ਨੇ ਮੀਮੋ 8/79/08-ਐਸ.ਟੀ.2/8051 ਚੰਡੀਗੜ੍ਹ, ਮਿਤੀ 15-10-2008 ਰਾਹੀਂ ਮੁਸਲਿਮ ਕੌਮ ਨੂੰ ਹਿਬਾਨਾਮਾ (ਗਿਫਟ) ਕਰਨ ਵੇਲੇ ਅਸ਼ਟਾਮ ਡਿਊਟੀ ਤੋਂ ਛੋਟ ਦੇਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਤੋਂ ਬਾਦ ਲਗਾਤਾਰ ਇਹ ਸਹੂਲਤ ਮੁਸਲਿਮ ਵਰਗ ਦੇ ਲੋਕਾਂ ਨੂੰ ਮਿਲਦੀ ਰਹੀ । ਪਿਛਲੇ ਕੁਝ ਮਹੀਨਿਆਂ ਤੋਂ ਹਿਬਾਨਾਮੇ ਦੇ ਇੰਤਕਾਲ ਬੰਦ ਕਰ ਦਿੱਤੇ ਗਏ ਹਨ । ਉਨਾਂ ਦੱਸਿਆ ਕਿ ਮੰਗ ਪੱਤਰ ਨਾਲ ਸੁਪਰੀਮ ਕੋਰਟ ਦੀ ਰੂਲਿੰਗ, ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਨੋਟੀਫੀਕੇਸ਼ਨ ਅਤੇ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਸਰਕਾਰ ਨੂੰ ਭੇਜੀ ਗਈ ਚਿੱਠੀ ਵੀ ਨੱਥੀ ਕੀਤੀ ਹੈ । ਉਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਕਿ ਆਰਥਿਕ ਪੱਖੋਂ ਬੇਹੱਦ ਪੱਛੜ ਚੁੱਕੀ ਮੁਸਲਿਮ ਕੌਮ ਨੂੰ ਦਿੱਤੀ ਹੋਈ ਉਕਤ ਹਿਬਾਨਾਮਾ ਦੀ ਸਹੂਲਤ ਬਰਕਰਾਰ ਰੱਖੀ ਜਾਵੇ ।ਇਸ ਮੌਕੇ ਚੌਧਰੀ ਸ਼ਮਸੂਦੀਨ, ਜ਼ਫਰ ਅਲੀ, ਚੌਧਰੀ ਖੁਸ਼ੀ ਮੁਹੰਮਦ, ਮੁਹੰਮਦ ਯਾਸੀਨ, ਚੌਧਰੀ ਅਬਦੁਲ ਗਫੂਰ, ਮੁਹੰਮਦ ਰਮਜ਼ਾਨ, ਲਿਆਕਤ ਅਲੀ, ਅਹਿਮਦੀਨ ਬੂਟਾ, ਮੁਹੰਮਦ ਯਾਸਰ, ਮੁਹੰਮਦ ਸ਼ਫੀਕ, ਅਨਵਾਰ ਅਹਿਮਦ, ਮੁਹੰਮਦ ਦਿਲਸ਼ਾਦ, ਸ਼ਮਸ਼ਾਦ ਅਲੀ, ਅਬਦੁਲ ਰਸ਼ੀਦ ਸੀਦਾ, ਮੁਹੰਮਦ ਮੁਸ਼ਤਾਕ, ਲਿਆਕਤ ਅਲੀ, ਹਾਜੀ ਮੁਹੰਮਦ ਖਲੀਲ, ਅਹਿਮਦੀਨ ਘੱਪਾ, ਤੋਂ ਇਲਾਵਾ ਵੱਡੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਸਨ ।
