ਕਾਸ਼! ਮੈਂ ਵੀ ਵਿਧਾਇਕ ਹੋਵਾਂ

author
0 minutes, 3 seconds Read

ਭਾਰਤੀ ਲੋਕਤੰਤਰ ਦਾ ਮਜ਼ਬੂਤ ਥੰਮ ਵਿਧਾਨ ਸਭਾਵਾਂ ਹੁੰਦੀਆਂ ਹਨ ਜਿੱਥੇ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਵਿਧਾਇਕ ਸੂਬੇ ਦੇ ਸਰਵਪੱਖੀ ਵਿਕਾਸ, ਸਿੱਖਿਆ, ਸਿਹਤ ਸੇਵਾਵਾਂ ਅਤੇ ਰੋਜ਼ਗਾਰ ਲਈ ਕਾਨੂੰਨ ਬਣਾਉਂਦੇ ਹਨ । ਸੂਬੇ ਦੇ ਵਿਕਾਸ ਲਈ ਜਨਤਾ ਅਤੇ ਸਰਕਾਰ ਵਿੱਚ ਇੱਕ ਮਜ਼ਬੂਤ ਕੜੀ ਦਾ ਕੰਮ ਕਰਕੇ ਵਿਧਾਇਕ ਕਿਸੇ ਸੂਬੇ ਨੂੰ ਤਰੱਕੀ ਦੀਆਂ ਬੁਲੰਦੀਆਂ ਵੱਲ ਲੈ ਜਾਂਦੇ ਹਨ । ਪਿਛਲੇ ਸਮੇਂ ਵਿੱਚ ਵਿਧਾਇਕ ਬਨਣਾ ਬਹੁਤ ਹੀ ਮੁਸ਼ਕਿਲ ਅਤੇ ਪੇਚੀਦਾ ਕੰਮ ਸਮਝਿਆ ਜਾਂਦਾ ਸੀ ਪਰੰਤੂ ਅੱਜਕਲ ਵਿਧਾਇਕ ਬਨਣ ਦੇ ਮਾਪਦੰਡ ਬਦਲ ਚੁੱਕੇ ਹਨ । ਹਰ ਕੋਈ ਸਿਆਸਤ ਦੀ ਮਾਮੂਲੀ ਏਬੀਸੀ ਜਾਨਣ ਵਾਲਾ ਵਿਧਾਇਕ ਬਨਣ ਲਈ ਲਟਾਪੀਂਘ ਹੋਇਆ ਪਿਆ ਹੈ, ਕਈ ਆਮ ਘਰਾਂ ਦੇ ਮੁੰਡੇ ਵਿਧਾਇਕ ਬਣ ਵੀ ਗਏ ਹਨ । ਵੈਸੇ ਤਾਂ ਮੇਰਾ ਭਾਰਤ ਦੇ ਇਲੈਕਟਰੋਲ ਸਿਸਟਮ ਪ੍ਰਤੀ ਬਿਲਕੁਲ ਵੀ ਰੁਝਾਣ ਨਹੀਂ ਹੈ ਕਿ ਮੈਂ ਕਦੇ ਵੀ ਸਿਆਸਤ ਵਿੱਚ ਚੋਣ ਲੜਕੇ ਕੋਈ ਅਹੁੱਦਾ ਹਾਸਲ ਕਰਾਂ ਅਤੇ ਆਪਣੀ ਆਦਤ ਅਨੁਸਾਰ ਸਮਾਜ ਸੇਵਾ ਕਰਨ ਲਈ ਕੋਈ ਸਿਆਸੀ ਸ਼ਕਤੀ ਹਾਸਿਲ ਕਰਕੇ ਹੋਰ ਵਧੇਰੇ ਮਾਨਵਤਾ ਦੀ ਸੇਵਾ ਕਰ ਸਕਾਂ । ‘ਫਿਰ ਵੀ ਦਿਲ ਤੋਂ ਪਾਗਲ ਹੈ’, ਮੈਂ ਕਦੇ-ਕਦੇ ਸੋਚਦਾ ਹਾਂ ਕਿ  ਕਾਸ਼! ਮੈਂ ਵੀ ਵਿਧਾਇਕ ਬਣ ਜਾਵਾਂ । ਅਜੋਕੇ ਦੌਰ ਵਿੱਚ ਮੇਰੇ ਸ਼ਹਿਰ ਹਲਕਾ ਮਲੇਰਕੋਟਲਾ ਦਾ ਵਿਧਾਇਕ ਬਨਣਾ ਕੋਈ ਅਸਾਨ ਕੰਮ ਨਹੀਂ ਰਿਹਾ ਬਲਿਕ ਬਹੁਤ ਮਹਿੰਗਾ ਰੁਝਾਣ ਬਣ ਗਿਆ ਹੈ ਕਿਉਂਕਿ ਵਿਧਾਨ ਸਭਾ ਹਲਕਾ ਮਲੇਰਕੋਟਲਾ ਪੰਜਾਬ ਵਿੱਚੋਂ ਇਕਲੌਤਾ ਮੁਸਲਿਮ ਬਹੁਲ ਹਲਕਾ ਹੈ ਜਿਸ ‘ਤੇ ਸਭ ਦੀ ਨਜ਼ਰ ਸਵੱਲੀ ਰਹਿੰਦੀ ਹੈ । ਜੋ ਵੀ ਮਲੇਰਕੋਟਲਾ ਚੋਣ ਜਿੱਤੇਗਾ ਉਹ ਪੱਕਾ ਕੈਬਿਨਟ ਮੰਤਰੀ ਬਣੇਗਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਛੱਡਕੇ । ਜਿੰਨੇ ਵੀ ਮਹਾਰਥੀ ਇਸ ਖੇਤਰ ਵਿੱਚ ਕਿਸਮਤ ਅਜ਼ਮਾ ਰਹੇ ਹਨ ਲਗਭਗ ਕਰੋੜਾਂ ਰੁਪਏ ਦਾਅ ‘ਤੇ ਲਗਾਉਣ ਲਈ ਤਿਆਰ ਹਨ । ਅਜਿਹੇ ਹਾਲਾਤਾਂ ਵਿੱਚ ਜੇਕਰ ਕੋਈ ਵਿਅਕਤੀ ਜਿੱਤਕੇ ਵਿਧਾਇਕ ਬਣ ਵੀ ਜਾਵੇ ਤਾਂ ਆਪਣੇ ਖਰਚ ਕੀਤੇ ਕਰੋੜਾਂ ਰੁਪਏ ਦੀ ਭਰਪਾਈ ਤਾਂ ਜਰੂਰ ਹੀ ਕਰੇਗਾ ਭਾਵੇਂ ਤਰੀਕਾ ਕੋਈ ਵੀ ਹੋਵੇ ਵਰਨਾ ਸਮਾਜ ਸੇਵਾ ਕਰਨ ਲਈ ਤਾਂ ਐਨਾ ਪੈਸਾ ਬਿਨ੍ਹਾਂ ਵਿਧਾਇਕ ਬਣੇ ਵੀ ਕਾਫੀ ਹੈ ਜੋ ਵੋਟਾਂ ਲੈਣ ਲਈ ਖਰਚ ਕੀਤਾ ਜਾਂਦੈ । ਮੇਰੇ ਲਈ ਵਿਧਾਇਕ ਬਨਣਾ ਤਾਂ ਬਹੁਤ ਦੂਰ ਦੀ ਗੱਲ ਹੈ ਪਰੰਤੂ ਮੈਂ ਆਪਣੀ ਇੱਕ ਵਿਧਾਇਕ ਹੋਣ ਸਬੰਧੀ ਕਲਪਨਾ ਦੀ ਵਿਆਖਿਆ ਇਸ ਲੇਖ ਰਾਹੀਂ ਕਰ ਰਿਹਾ ਹਾਂ ਕਿ ਜੇਕਰ ਮੈਂ ਵਿਧਾਇਕ ਹੋਵਾਂ ਤਾਂ ਆਪਣੇ ਹਲਕੇ ਲਈ ਕੀ ਕਰਾਂਗਾ ਸ਼ਾਇਦ ਕਿ ਇਸ ਕਲਪਨਾ ਤੋਂ ਕੋਈ ਵਿਧਾਇਕ ਕੁਝ ਸੇਧ ਲੈ ਸਕੇ । ਮੇਰੀ ਵਿਧਾਇਕ ਵਜੋਂ ਕਲਪਨਾ ਪੜ੍ਹਕੇ ਕੋਈ ਵੀ ਸੋਚੇਗਾ ਕਿ ਜੇਕਰ ਲੇਖਕ ਵਿਧਾਇਕ ਬਣ ਵੀ ਗਿਆ ਤਾਂ ਕੁਝ ਕੁ ਦਿਨਾਂ ਬਾਅਦ ਹੀ ਉਸ ਨੂੰ ਡਿਸਮਿਸ ਕਰ ਦਿਤਾ ਜਾਵੇਗਾ ।

ਸਫਾਈ

ਅੱਜ ਮੇਰੇ ਸ਼ਹਿਰ ਦੀ ਹਾਲਤ ਇਹ ਹੈ ਕਿ ਜੇਕਰ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਦੌਰਾ ਕੀਤਾ ਜਾਵੇ ਤਾਂ ਮਲੇਰਕੋਟਲਾ ਸਫਾਈ ਦੇ ਮਾਮਲੇ ਵਿੱਚ ਸਭ ਤੋਂ ਗੰਦਾ ਸ਼ਹਿਰ ਸਾਬਤ ਹੋਵੇਗਾ । ਪਿਛਲੇ ਦਿਨੀਂ ਜਦੋਂ ਸਫਾਈ ਸੇਵਕਾਂ ਦੀ ਹੜਤਾਲ ਚੱਲ ਰਹੀ ਸੀ ਸਾਰੇ ਪੰਜਾਬ ਵਿੱਚ ਹੀ ਸਫਾਈ ਦਾ ਬੁਰਾ ਹਾਲ ਸੀ ਤਾਂ ਮੇਰਾ ਇੱਕੋ ਦਿਨ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਜਾਣਾ ਹੋਇਆ । ਮੈਂ ਦੇਖਿਆ ਕਿ ਸਾਰੇ ਹੀ ਸ਼ਹਿਰਾਂ ਨਾਲੋਂ ਜ਼ਿਆਦਾ ਗੰਦਗੀ ਮੇਰੇ ਸ਼ਹਿਰ ਵਿੱਚ ਪਈ ਸੀ ਜਿਸਦਾ ਇੱਕ ਵੱਡਾ ਕਾਰਣ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਦੀ ਅਗਿਆਨਤਾ ਵੀ ਸੀ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਸਭ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਸਫਾਈ ਰੱਖਣ ਲਈ ਜਾਗਰੂਕਤਾ ਕੈਂਪ ਲਗਾਵਾਂਗਾ । ਮੇਰਾ ਮਜ਼ਹਬ ਮੈਨੂੰ ਤਾਲੀਮ ਦਿੰਦਾ ਹੈ ਕਿ ‘ਸਫਾਈ ਅੱਧਾ ਇਮਾਨ ਹੈ’ ਯਾਨੀ ਇੱਕ ਮੁਸਲਮਾਨ ਦਾ ਇਮਾਨ ਮੁਕੰਮਲ ਹੋਣ ਲਈ ਸਫਾਈ ਬਹੁਤ ਜ਼ਰੂਰੀ ਹੈ । ਕਿਸੇ ਵੀ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਲਈ ਜਰੂਰੀ ਹੈ ਕਿ ਉਸ ਨੂੰ ਗਲੀਆਂ, ਨਾਲੀਆਂ ਦੇ ਪ੍ਰੰਪਰਾਵਾਦੀ ਢਾਂਚੇ ਵਿੱਚੋਂ ਕੱਢਿਆ ਜਾਵੇ । ਜਿਵੇਂ ਕਿ ਅਸੀਂ ਪਿਛਲੇ 75 ਸਾਲਾਂ ਤੋਂ ਲਗਾਤਾਰ ਕੌਂਸਲਰ ਅਤੇ ਵਿਧਾਨ ਸਭਾ ਚੋਣਾਂ ਸਮੇਂ ਇਹੀ ਸੁਣਦੇ ਆ ਰਹੇ ਹਾਂ ਕਿ ਗਲੀਆਂ ਨਾਲੀਆਂ ਬਣਵਾਈਆਂ ਜਾਣਗੀਆਂ । ਮੇਰੇ ਦੌਰ ਵਿੱਚ ਇਹ ਆਖਰੀ ਵਾਰ ਹੋਵੇਗਾ ਕਿ ਕੋਈ ਵੋਟਰ ਗਲੀਆਂ ਨਾਲੀਆਂ ਦੀ ਗੱਲ ਕਰੇਗਾ ਕਿਉਂਕਿ ਇਹ ਸਭ ਤਾਂ ਬੁਨਿਆਦੀ ਕੰਮ ਹਨ ਇਹਨਾਂ ਨੂੰ ਮੁਕੰਮਲ ਕਰਕੇ ਹੀ ਸਫਾਈ ਦੇ ਕੰਮ ਵੱਲ ਅੱਗੇ ਵਧਿਆ ਜਾ ਸਕੇਗਾ । ਸ਼ਹਿਰ ਦੇ ਪਾਣੀ ਦਾ ਨਿਕਾਸ ਢੁੱਕਵੇਂ ਤਰੀਕੇ ਨਾਲ ਕਰਕੇ ਸਾਰੇ ਸ਼ਹਿਰ ਅੰਦਰ ਪੱਕਾ ਫਰਸ਼ ਲਗਾਇਆ ਜਾਵੇਗਾ । ਆਪਣੇ ਹਲਕੇ ਦੇ 33 ਵਾਰਡਾਂ ਅਤੇ ਪੰਜ ਦਰਜਨ ਪਿੰਡਾਂ ਦੀ ਸਫਾਈ ਦਾ ਸੁਚੱਜਾ ਪ੍ਰਬੰਧ ਚਲਾਉਣ ਲਈ ਲੋੜ ਅਨੁਸਾਰ ਸਫਾਈ ਸੇਵਕ, ਡਸਟਬਿਨ, ਗੱਡੀਆਂ ਅਤੇ ਕੂੜਾ ਸੁੱਟਕੇ ਰੀਸਾਈਕਲ ਕਰਨ ਦਾ ਪ੍ਰਬੰਧ ਕਰਾਂਗਾ । ਸ਼ਹਿਰ ਦਾ ਇੱਕ ਦਰੋਗਾ ਨਿਯੱੁਕਤ ਕੀਤਾ ਜਾਵੇਗਾ ਜੋ 11-11 ਵਾਰਡਾਂ ਦੇ ਸੁਪਰਵਾਈਜ਼ਰ ਨਿਯੁੱਕਤ ਕਰੇਗਾ । ਇਸੇ ਤਰਾਂ ਹਰ ਵਾਰਡ ਦੀ ਜ਼ਿੰਮੇਵਾਰੀ ਇੱਕ ਇੰਚਾਰਜ ਨੂੰ ਦਿੱਤੀ ਜਾਵੇਗੀ ਜੋ ਸਮੁੱਚੇ ਵਾਰਡ ਦੀ ਸਫਾਈ, ਪਾਣੀ ਦੇ ਨਿਕਾਸੀ ਪ੍ਰਬੰਧ ਲਈ ਜ਼ਿੰਮੇਵਾਰ ਹੋਵੇਗਾ । ਬਿਲਕੁਲ ਇਸੇ ਤਰਜ ਉੱਤੇ ਅਬਾਦੀ ਦੇ ਹਿਸਾਬ ਨਾਲ ਪਿੰਡਾਂ ਦੀ ਸਫਾਈ ਦਾ ਪ੍ਰਬੰਧ ਕੀਤੇ ਜਾਵੇਗਾ । ਇਸ ਤੋਂ ਇਲਾਵਾ ਹਰ ਸਫਾਈ ਕਰਮਚਾਰੀ ਤੋਂ ਸਿਰਫ ਸਫਾਈ ਦਾ ਕੰਮ ਹੀ ਕਰਵਾਇਆ ਜਾਵੇਗਾ ਨਾ ਕਿ ਕੌਂਸਲਰਾਂ, ਅਫਸਰਾਂ ਅਤੇ ਵਿਧਾਇਕ ਦੇ ਨਿੱਜੀ ਕੰਮ ਕਰਵਾਏ ਜਾਣਗੇ ।

ਸਿੱਖਿਆ

ਕੋਈ ਵੀ ਕੌਮ ਜਾਂ ਦੇਸ਼ ਸਿੱਖਿਆ ਤੋਂ ਬਿਨ੍ਹਾਂ ਤਰੱਕੀ ਨਹੀਂ ਕਰ ਸਕਦੇ । ਭਾਵੇਂ ਕਿ ਮੇਰੇ ਹਲਕੇ ਵਿੱਚ ਸਿੱਖਿਆ ਦੇ ਪ੍ਰਾਇਮਰੀ, ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲ, ਕਾਲਜ, ਬੀਐਡ ਕਾਲਜ, ਵੁਮੈਨ ਕਾਲਜ, ਆਈ.ਟੀ.ਆਈ. ਸਮੇਤ ਅਨੇਕ ਅਦਾਰੇ  ਮੌਜੂਦ ਹਨ ਪਰੰਤੂ ਉਹਨਾਂ ਵਿੱਚ ਵੱਡੇ ਪੱਧਰ ‘ਤੇ ਸੁਧਾਰ ਦੀ ਲੋੜ ਹੈ । ਵਿਿਦਅਕ ਅਦਾਰਿਆਂ ਵਿੱਚ ਸੁਧਾਰ ਤਾਂ ਹੀ ਹੋ ਸਕਦਾ ਹੈ ਜੇਕਰ ਇਹ ਸਿਆਸੀ ਦਖਲਅੰਦਾਜ਼ੀ ਤੋਂ ਦੂਰ ਹੋਣ । ਵਿਿਦਅਕ ਅਦਾਰਿਆਂ ਵਿੱਚ ਸਭ ਤੋਂ ਪਹਿਲਾਂ ਅਧਿਆਪਕਾਂ ਦੀ ਪੂਰਤੀ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਧਿਆਪਕਾਂ ਤੋਂ ਸਿਰਫ ਅਤੇ ਸਿਰਫ ਬੱਚਿਆਂ ਨੂੰ ਪੜਾਉਣ ਦਾ ਹੀ ਕੰਮ ਲਿਆ ਜਾਵੇ । ਹਰ ਪ੍ਰਾਇਮਰੀ, ਮਿਡਲ, ਹਾਈ ਸਕੂਲ ਅਤੇ ਕਾਲਜਾਂ ਵਿੱਚ ਜਰੂਰਤ ਦਾ ਹਰ ਸਮਾਨ ਜਿਵੇਂ ਕਿਤਾਬਾਂ, ਬੋਰਡ, ਸਾਇੰਸ ਰੂਮ ਵਗੈਰਾ ਪਹਿਲ ਦੇ ਅਧਾਰ ‘ਤੇ ਮੁਹੱਈਆ ਕਰਵਾਇਆ ਜਾਵੇਗਾ, ਜ਼ਿਆਦਾ ਬੱਚਿਆਂ ਵਾਲੇ ਸਕੂਲਾਂ ਨੇੜੇ ਹੋਰ ਸਕੂਲ ਬਣਾਏ ਜਾਣਗੇ ਅਤੇ ਜਰੂਰਤ ਅਨੁਸਾਰ ਸਕੂਲ ਅਪਗ੍ਰੇਡ ਕੀਤੇ ਜਾਣਗੇ, ਕੋਸ਼ਿਸ਼ ਕੀਤੀ ਜਾਵੇਗੀ ਕਿ ਸਕੂਲਾਂ ਵਿੱਚ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਹੁਨਰ ਵੀ ਸਿਖਾਏ ਜਾਣ । ਹਰ ਅਦਾਰੇ ਅੰਦਰ ਸੂਝਵਾਨ, ਬੁੱਧੀਜੀਵੀ ਅਤੇ ਸਮਾਜ ਨੂੰ ਸਮਰਪਿਤ ਲੋਕਾਂ ਦੀ ਕਮੇਟੀ ਬਣਾਈ ਜਾਵੇਗੀ ਜੋ ਹਰ ਮਹੀਨੇ ਵਿਧਾਇਕ ਨਾਲ ਮੀਟਿੰਗ ਕਰਕੇ ਫੀਡਬੈਕ ਦੇਵੇਗੀ ਅਤੇ ਸਕੂਲ ਵਿੱਚ ਆ ਰਹੀਆਂ ਸਮੱਸਿਆਵਾਂ ਪ੍ਰਤੀ ਜਾਣੂ ਕਰਵਾਏਗੀ । ਜਦੋਂ ਸਕੂਲ ਵਿੱਚ ਹਰ ਸਹੂਲਤ ਮੁਹੱਈਆਂ ਕਰਵਾ ਦਿੱਤੀ ਗਈ ਤਾਂ ਸਕੂਲ ਮੁੱਖੀ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਕਿ ਉਹ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕ ਸਕਣ । ਵਿਿਦਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਤੇ ਆਤਮ ਨਿਰਭਰ ਬਣਾਉਣ ਲਈ ਕੌਂਸਲੰਿਗ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਕਰਨ ਦੇ ਕਾਬਿਲ ਬਣਾਇਆ ਜਾ ਸਕੇ ।

ਸਿਹਤ ਸਹੂਲਤਾਂ

ਸਿਹਤ ਸਹੂਲਤਾਂ ਹਰ ਨਾਗਰਿਕ ਦੀ ਬੁਨਿਆਦੀ ਲੋੜ ਹੈ ਜੋ ਮੁਹੱਈਆ ਕਰਵਾਉਣੀ ਹਰ ਸਰਕਾਰ ਦੀ ਡਿਊਟੀ ਹੈ । ਸਰਕਾਰੀ ਹਸਪਤਾਲ ਵਿੱਚ ਟੈਸਟ ਲੈਬਾਰਟਰੀ, ਸਕੈਨ ਸੈਂਟਰ, ਐਮ.ਆਰ.ਆਈ, ਸਮੇਤ ਸਾਰੀਆਂ ਜ਼ਰੂਰਤ ਦੀਆਂ ਮਸ਼ੀਨਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਤਾਂ ਜੋ ਮਰੀਜ਼ਾਂ ਦੇ ਸਾਰੇ ਟੈਸਟ ਮੁਫਤ ਅਤੇ ਸਮੇਂ ਸਿਰ ਹੋ ਸਕਣ ਅਤੇ ਹਰ ਦਵਾਈ ਉਪਲਬਦ ਕਰਵਾਉਣੀ ਐਸਐਮਓ ਦੀ ਜ਼ਿੰਮੇਵਾਰੀ ਹੋਵੇਗੀ । ਇਸੇ ਤਰ੍ਹਾਂ ਡਿਸਪੈਂਸਰੀਆਂ, ਮੁਹੱਲਾ ਕਲੀਨਿਕਾਂ ਵਿੱਚ ਮੁਕੰਮਲ ਡਾਕਟਰ, ਨਰਸਾਂ ਅਤੇ ਹੋਰ ਸਟਾਫ ਮੁਹੱਈਆਂ ਕਰਵਾਇਆ ਜਾਵੇਗਾ, ਜਿੱਥੇ ਲੋੜ ਹੋਵੇਗੀ ਤਾਂ ਨਵੇਂ ਸਿਹਤ ਕੇਂਦਰ ਵੀ ਖੋਲ੍ਹੇ ਜਾਣਗੇ ਤਾਂ ਜੋ ਘਰ ਦੇ ਨਜ਼ਦੀਕ ਹੀ ਮੁੱਢਲਾ ਇਲਾਜ ਕਰਵਾਇਆ ਜਾ ਸਕੇ । ਸਰਕਾਰੀ ਸਿਹਤ ਕੇਂਦਰ ਵਿੱਚ ਅਜਿਹੇ ਸੁਧਾਰ ਕਰਕੇ ਜਨਤਾ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਅੰਨ੍ਹੀ ਲੱੁਟ ਤੋਂ ਬਚਾਇਆ ਜਾ ਸਕੇਗਾ ।

ਹਜ਼ਰਤ ਹਲੀਮਾ ਹਸਪਤਾਲ

ਪੰਜਾਬ ਵਕਫ ਬੋਰਡ ਦੇ ਇਕਲੌਤੇ ਹਜ਼ਰਤ ਹਲੀਮਾ ਹਸਪਤਾਲ ਜੋ ਕਿ ਅੱਜਕੱਲ ਪ੍ਰਾਈਵੇਟ ਹਸਪਤਾਲ ਜਿਨਾਂ ਹੀ ਮਹਿੰਗਾ ਇਲਾਜ ਕਰਦਾ ਹੈ ਅਤੇ ਆਏ ਦਿਨ ਡਾਕਟਰਾਂ, ਸਟਾਫ ਅਤੇ ਪ੍ਰਬੰਧਕੀ ਬੇਨਿਯਮੀਆਂ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ । ਜੇਕਰ ਮੈਂ ਵਿਧਾਇਕ ਬਣ ਜਾਵਾਂ ਤਾਂ ਇਸ ਹਸਪਤਾਲ ਨੂੰ ਸੂਬੇ ਵਿੱਚੋਂ ਨਮੂਨੇ ਦਾ ਹਸਪਤਾਲ ਬਣਾਇਆ ਜਾਵੇਗਾ ਕਿਉਂਕਿ ਪੰਜਾਬ ਵਕਫ ਬੋਰਡ ਵੀ ਵਿਧਾਇਕ ਦੇ ਮੁਤਾਬਿਕ ਹੀ ਕੰਮ ਕਰਦਾ ਹੈ, ਭ੍ਰਿਸ਼ਟਾਚਾਰ ਖਤਮ ਕਰਕੇ ਹਰ ਖੇਤਰ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ । ਜਿੱਥੇ ਹਰ ਲੋੜਮੰਦ ਨੂੰ ਸਸਤਾ ਅਤੇ ਆਧੁਨਿਕ ਇਲਾਜ ਮੁਹੱਈਆ ਕਰਵਾਇਆ ਜਾਵੇਗਾ । ਗਰੀਬ ਲੋਕਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ ।

ਤਹਿਸੀਲ ਦਫਤਰ

ਤਹਿਸੀਲ ਦਫਤਰ ਜੋ ਸਮੁੱਚੇ ਪੰਜਾਬ ਵਿੱਚੋਂ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਵਿੱਚ ਨੰਬਰ ਵਨ ‘ਤੇ ਚੱਲ ਰਿਹਾ ਹੈ, ਭਾਵੇਂ ਬਦਲਵੀਆਂ ਸਰਕਾਰਾਂ ਆਉਂਦੀਆਂ ਰਹੀਆਂ ਪਰੰਤੂ ਭ੍ਰਿਸ਼ਟਾਚਾਰ ਬੰਦ ਨਹੀਂ ਹੋਇਆ ਬਲਕਿ ਹਰ ਵਾਰ ਮਹਿੰਗਾਈ ਵਾਂਗ ਵੱਧਦਾ ਹੀ ਰਿਹਾ ਹੈ ਜੋ ਅੱਜਕੱਲ ਪਿਛਲੇ ਸਾਰੇ ਰਿਕਾਰਡ ਤੋੜਕੇ ਅਸਮਾਨਾਂ ਨੂੰ ਛੂਹ ਰਿਹਾ ਹੈ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਮੈਂ ਪਹਿਲੇ ਦਿਨ ਤੋਂ ਹੀ ਐਲਾਨ ਕਰ ਦੇਣਾ ਹੈ ਕਿ ਜੋ ਕੋਈ ਵੀ ਰਜਿਸਟਰੀ ਜਾਂ ਕੋਈ ਹੋਰ ਕੰਮ ਵਿਧਾਇਕ ਦਫਤਰ ਦਾ ਨਾਮ ਲੈ ਕੇ ਕਰਵਾਉਂਦਾ ਹੈ ਉਸਨੂੰ ਰੋਕ ਦਿਤਾ ਜਾਵੇ । ਤਹਿਸੀਲ ਦਫਤਰ ਦੇ ਸਾਰੇ ਕੰਮ ਸਹੀ ਅਤੇ ਸਮੇਂ ਸਿਰ ਕੀਤੇ ਜਾਣ । ਤਹਿਸੀਲ ਦਫਤਰ ਦਾ ਕੋਈ ਵੀ ਵਿਚੋਲਾ ਵਿਧਾਇਕ ਦੇ ਦਫਤਰ ਕੋਈ ਤੋਹਫਾ ਜਾਂ ਮਿਠਾਈ ਲੈ ਕੇ ਨਾ ਆਵੇ ਤਾਂ ਜੋ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ ਕਿੳਂਕਿ ਭ੍ਰਿਸਟਾਚਾਰ ਨੂੰ ਨੱਥ ਉੱਪਰੋਂ ਥੱਲੇ ਵੱਲ ਪਾਈ ਜਾ ਸਕਦੀ ਹੈ, ਜੇਕਰ ਵਿਧਾਇਕ ਜੋ ਹਲਕੇ ਦਾ ਸਰਵਉੱਚ ਮੁੱਖੀ ਹੁੰਦਾ ਹੈ ਖੁਦ ਇਮਾਨਦਾਰੀ ਨਾਲ ਕੰਮ ਕਰੇ ਤਾਂ ਹੇਠਾਂ ਵਾਲੇ, ਸਾਰੇ ਅਹੁੱਦੇਦਾਰ, ਪਾਰਟੀ ਵਰਕਰ, ਅਧਿਕਾਰੀ ਅਤੇ ਮੁਲਾਜ਼ਮ ਰਿਸ਼ਵਤ ਲੇਣ ਦੀ ਹਿੰਮਤ ਨਹੀਂ ਕਰ ਸਕਦੇ ।

ਹਿਬਾਨਾਮਾ

ਹਿਬਾਨਾਮਾ ਜੋ ਪਿਛਲੇ ਸਾਢੇ ਚਾਰ ਸਾਲ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਬਾਬਤ ਨਾਂ ਤਾਂ ਮੁੱਖ ਮੰਤਰੀ ਨੂੰ ਕੁਝ ਪਤਾ ਹੈ ਅਤੇ ਨਾ ਹੀ ਮੌਜੂਦਾ ਵਿਧਾਇਕ ਨੂੰ ਪਤਾ ਹੈ । ਜਨਤਾ ਪਟਵਾਰੀ, ਤਹਿਸੀਲਦਾਰਾਂ ਦੀ ਜਾਨ ਨੂੰ ਰੋਂਦੀ ਕੁਰਲਾਉਂਦੀ ਫਿਰ ਰਹੀ ਹੈ । ਮਾਲ ਵਿਭਾਗ ਦੇ ਅਧਿਕਾਰੀਆਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਕੇ ਪਿਛਲੇ ਕਰੀਬ ਸਵਾ ਦੋ ਸਾਲ ਤੋਂ ਹਿਬਾਨਾਮਾ ਪੱਕੇ ਤੌਰ ‘ਤੇ ਬੰਦ ਕੀਤਾ ਹੋਇਆ ਹੈ । ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ 2008 ਦੇ ਇੱਕ ਨੋਟੀਫਿਕੇਸ਼ਨ ਰਾਹੀਂ ਹਿਬਾਨਾਮਾ ਮੁਸਲਿਮ ਧਰਮ ਦੇ ਲੋਕਾਂ ਨੂੰ ਆਪਣੀ ਜਾਇਦਾਦ ਕਿਸੇ ਦੂਜੇ ਮੁਸਲਮਾਨ ਨੂੰ ਤੋਹਫੇ ਵਜੋਂ (ਗਿਫਟ) ਦੇਣ ਲਈ ਅਸ਼ਟਾਮ ਡਿਊਟੀ ਤੋਂ ਛੋਟ ਦਿੱਤੀ ਹੋਈ ਹੈ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਹਿਬਾਨਾਮਾ ਨੂੰ ਤੁਰੰਤ ਪ੍ਰਭਾਵ ਨਾਲ ਮਾਲ ਵਿਭਾਗ ਦੇ ਅਧਿਕਾਰੀਆਂ ਤੋਂ ਚਾਲੂ ਕਰਵਾ ਦੇਵਾਂਗਾ ।

ਸਰਕਾਰੀ ਗਰਲਜ਼ ਕਾਲਜ

ਸਰਕਾਰੀ ਗਰਲਜ਼ ਕਾਲਜ ਪਿਛਲੇ ਕਰੀਬ 5 ਸਾਲਾਂ ਤੋਂ ਤੋਂ ਮਲੇਰਕੋਟਲਾ ਵਿੱਚ  ਚੱਲ ਰਿਹਾ ਹੈ ਜਿਸਦੀ ਆਪਣੀ ਇੱਕ ਅਜ਼ੀਬ ਕਹਾਣੀ ਹੈ ਕਿ ਉਸਦੀ ਆਪਣੀ ਇਮਾਰਤ ਨਹੀਂ ਹੈ । ਕਦੇ ਲੜਕੀਆਂ ਦੀਆਂ ਕਲਾਸਾਂ ਉਰਦੂ ਅਕੈਡਮੀ ਅਤੇ ਕਦੇ ਇਸਲਾਮੀਆ ਗਰਲਜ਼ ਕਾਲਜ ਵਿੱਚ ਲਗਾਈਆਂ ਜਾਂਦੀਆਂ ਹਨ ਜਦੋਂ ਕਿ ਇਸ ਦੀ ਆਪਣੀ ਇਮਾਰਤ ਜਮਾਲਪੁਰਾ ‘ਚ ਬਣਕੇ ਤਿਆਰ ਹੋ ਚੁੱਕੀ ਹੈ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਸਭ ਤੋਂ ਪਹਿਲਾਂ ਲੜਕੀਆਂ ਦੇ ਕਾਲਜ ਨੂੰ ਨਵੀਂ ਇਮਾਰਤ ਵਿੱਚ ਤਬਦੀਲ ਕਰਕੇ ਉਹਨਾਂ ਲਈ ਆਧੁਨਿਕ ਸਿੱਖਿਆ ਦਾ ਪ੍ਰਬੰਧ ਕਰਾਂਗਾ ਅਤੇ ਲੋੜ ਅਨੁਸਾਰ ਅਧਿਆਪਕਾਂ ਦਾ ਵੀ ਪ੍ਰਬੰਧ ਕਰਾਂਗਾ ।

ਨਗਰ ਕੌਂਸਲ ਦਫਤਰ

ਮੇਰੇ ਸ਼ਹਿਰ ਦਾ ਨਗਰ ਕੌਂਸਲ ਦਫਤਰ ਪੰਜਾਬ ਦੇ ਬਾਕੀ ਦਫਤਰਾਂ ਨਾਲੋਂ ਬਿਲਕੁਲ ਅਲੱਗ ਹੈ । ਜਦੋਂ ਕੋਈ ਵਿਅਕਤੀ ਬਾਈਲਾਜ਼ ਮਕਾਨ, ਦੁਕਾਨ ਜਾਂ ਫੈਕਟਰੀ ਬਣਾਉਣ ਲਈ ਨਕਸ਼ਾ ਪਾਸ ਕਰਵਾਉਣ ਜਾਂਦਾ ਹੈ ਤਾਂ ਹਜ਼ਾਰਾਂ ਅੜਚਨਾਂ ਦਫਤਰ ਵੱਲੋਂ ਖੜੀਆਂ ਕਰ ਦਿੱਤੀਆਂ ਜਾਂਦੀਆਂ ਹਨ । ਪਰੰਤੂ ਜਦੋਂ ਲੈਣ-ਦੇਣ ਦੀ ਗੱਲ ਹੋ ਜਾਂਦੀ ਹੈ ਤਾਂ ਦੂਜੇ ਦਿਨ ਹੀ ਕੰਸਟ੍ਰਕਸ਼ਨ ਦਾ ਕੰਮ ਚਾਲੂ ਹੋ ਜਾਂਦਾ ਹੈ । ਇਸੇ ਕਰਕੇ ਮੇਰੇ ਸ਼ਹਿਰ ਵਿੱਚ ਜ਼ਿਆਦਾਤਰ ਇਮਾਰਤਾਂ ਬਿਨ੍ਹਾ ਨਕਸ਼ਾ ਪਾਸ ਕਰਵਾਏ ਬਣੀਆਂ ਹੋਈਆਂ ਹਨ ਜਿਹਨਾਂ ਦੇ ਪੈਸੇ ਰਿਸ਼ਵਤ ਦੇ ਰੂਪ ਵਿੱਚ ਤਾਂ ਖਰਚ ਹੋਏ ਪਰ ਨਗਰ ਕੌਂਸਲ ਨੂੰ ਨਹੀਂ ਮਿਲੇ । ਇਸੇ ਤਰ੍ਹਾਂ ਰਜਿਸਟਰੀ ਕਰਵਾਉਣ ਲਈ ਐਨ.ਓ.ਸੀ. ਲੈਣੀ ਜਾਂ ਹੋਰ ਕੰਮ ਵੀ ਕਰਵਾਉਣੇ ਕਾਫੀ ਟੇਡੀ ਖੀਰ ਹੀ ਜਾਪਦੀ ਹੈ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਹਰ ਸ਼ਹਿਰ ਵਾਸੀ ਨੂੰ ਜਾਗਰੂਕ ਕਰਾਂਗਾ ਕਿ ਬਿਨ੍ਹਾਂ ਨਕਸ਼ਾ ਪਾਸ ਕੀਤੇ ਇਮਾਰਤ ਨਹੀਂ ਬਣਾਉਣੀ ਹੈ, ਸਿਰਫ ਸਰਕਾਰੀ ਫੀਸ ਜਮ੍ਹਾ ਕਰਵਾਓ ਅਤੇ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੂੰ ਰਿਸ਼ਵਤ ਨਹੀਂ ਦੇਣੀ ਹੈ ।

ਸੇਵਾ ਕੇਂਦਰ

ਸ਼ਹਿਰ ਦੀ ਅਬਾਦੀ ਸੰਘਣੀ ਹੋਣ ਕਾਰਣ ਸੇਵਾ ਕੇਂਦਰਾਂ ਉੱਤੇ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ, ਘੰਟਿਆਂ ਤੱਕ ਲਾਈਨਾਂ ਵਿੱਚ ਖੜਕੇ ਅਧਾਰ ਕਾਰਡ, ਜਾਤੀ ਸਰਟੀਫੀਕੇਟ, ਘਰੇਲੂ ਦਸਤਾਵੇਜ਼ ਬਣਾਏ ਜਾਂਦੇ ਹਨ । ਜੇਕਰ ਕਿਸੇ ਨੂੰ ਜਲਦੀ ਹੋਵੇ ਤਾਂ ਰਿਸ਼ਵਤ ਵਾਲੀ ਵਿੰਡੋ ਖੁਲ ਜਾਂਦੀ ਹੈ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਅਬਾਦੀ ਦੇ ਅਨੁਸਾਰ ਹੋਰ ਸੁਵਿਧਾ ਕੇਂਦਰ ਸਥਾਪਤ ਕਰਾਂਗਾ ਤਾਂ ਕਿ ਲੋਕਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਨਾ ਕਰਨਾ ਪਵੇ । ਬੇਰੋਜਗਾਰ ਨੌਜਵਾਨਾਂ ਨੂੰ ਸੀਐਸੀ ਸੈਂਟਰ ਖੁਲਵਾ ਕੇ ਦੇਵਾਂਗੇ ਜਿਸ ਨਾਲ ਉਹਨਾਂ ਨੂੰ ਰੋਜਗਾਰ ਵੀ ਮਿਲੇਗਾ ਅਤੇ ਲੋਕਾਂ ਨੂੰ ਸਹੂਲਤ ਵੀ ਮਿਲੇਗੀ ।

ਉਰਦੁ ਅਕੈਡਮੀ

ਪੰਜਾਬ ਉਰਦੂ ਐਕਡਮੀ ਜਿਸਦੀ ਇਮਾਰਤ ਬਹੁਤ ਸ਼ਾਨਦਾਰ ਬਣੀ ਹੋਈ ਹੈ ਜਿਸ ਵਿੱਚ ਖੂਬਸੂਰਤ ਐਡੀਟੋਰੀਅਮ ਵੀ ਮੌਜੂਦ ਹੈ । ਭਾਵੇਂ ਕਿ ਇਸ ਵਿੱਚ ਆਏ ਦਿਨ ਕੋਈ ਨਾ ਕੋਈ ਸਿਆਸੀ ਸਮਾਗਮ ਹੁੰਦਾ ਰਹਿੰਦਾ ਹੈ ਜੋ ਸੱਤਾਧਾਰੀ ਪਾਰਟੀ ਵੱਲੋਂ ਉਲੀਕਿਆ ਜਾਂਦਾ ਹੈ ਜਾਂ ਇਸ ਤੋਂ ਇਲਾਵਾ ਕੋਈ ਮੁਸ਼ਾਇਰਾ ਵਗੈਰਾ ਕਰਵਾ ਲਿਆ ਜਾਂਦਾ ਹੈ ਜਿਸ ਨੂੰ ਉਰਦੂ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਿਹਾ ਜਾਂਦਾ ਹੈ । ਸਹੀ ਅਰਥਾਂ ਵਿੱਚ ਉਰਦੂ ਅਕੈਡਮੀ ਨੇ ਉਰਦੂ ਲਈ ਕੋਈ ਵੀ ਅਜਿਹਾ ਕੰਮ ਨਹੀਂ ਕੀਤਾ ਕਿ ਜੋ ਉਰਦੂ ਭਾਸ਼ਾ ਦੀ ਹੋਂਦ ਨੂੰ ਬਚਾਉਣ ਲਈ ਸਹਾਈ ਹੋਏ । ਸਕੂਲਾਂ, ਕਾਲਜਾਂ ਵਿੱਚੋਂ ਉਰਦੂ ਭਾਸ਼ਾ ਨੂੰ ਖਤਮ ਕੀਤਾ ਜਾ ਰਿਹਾ ਹੈ । ਲੰਬੇ ਸਮੇਂ ਤੋਂ ਉਰਦੂ ਦੀ ਅਸਾਮੀਆਂ ਨਹੀਂ ਕੱਢੀਆਂ ਗਈਆਂ । ਇਸ ਸਬੰਧੀ ਉਰਦੂ ਅਕੈਡਮੀ ਨੇ ਕੋਈ ਉਪਰਾਲਾ ਨਹੀਂ ਕੀਤਾ ਬਸ ਜੋ 2-3 ਕਰੋੜ ਦਾ ਫੰਡ ਹਰ ਸਾਲ ਮਿਲ ਜਾਂਦੈ ਉਹ ਠਿਕਾਣੇ ਲਗਾਉਣ ਜੋਗਾ ਆਹਰ-ਪਾਹਰ ਜਿਹਾ ਕਰ ਲਿਆ ਜਾਂਦਾ ਹੈ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਉਰਦੂ ਅਕੈਡਮੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਿਵੇਂ ਪੀਸੀਐਸ, ਯੂਪੀਐਸਸੀ, ਜੇਈਈ ਆਦਿ ਦੀ ਕੋਚਿੰਗ ਲਈ ਚੰਗੀਆਂ ਕਿਤਾਬਾਂ ਦਾ ਜ਼ਖੀਰਾ ਅਤੇ ਕਾਬਿਲ ਅਨੁਭਵੀ ਅਧਿਆਪਕਾਂ ਦਾ ਪ੍ਰਬੰਧ ਕਰਕੇ ਨੌਜਵਾਨ ਲੜਕੇ, ਲੜਕੀਆਂ ਨੂੰ ਰੋਜ਼ਗਾਰ ਦੇ ਲਈ ਤਿਆਰ ਕਰੀਏ ਅਤੇ ਸਮੇਂ ਦੇ ਹਾਣੀ ਬਣਾਈਏ ਤਾਂ ਜੋ ਮੇਰੇ ਸ਼ਹਿਰ ਦੇ ਬੱਚੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਣ ।

ਆਈ.ਟੀ.ਆਈ. ਕਾਲਜ

ਮਲੇਰਕੋਟਲਾ ‘ਚ ਸੈਂਕੜੇ ਬਿੱਘੇ ਦੇ ਰਕਬੇ ਵਿੱਚ ਸ਼ਾਨਦਾਰ ਆਈ.ਟੀ.ਆਈ. ਕਾਲਜ ਦਹਾਕਿਆਂ ਤੋਂ ਬਣਿਆ ਹੋਇਆ ਹੈ ਜਿਸ ਵਿੱਚ ਕੋਈ ਢੰਗ ਦੇ ਟਰੇਡ ਨਾ ਹੋਣ ਕਾਰਣ ਬੱਚਿਆਂ ਦੀ ਗਿਣਤੀ ਨਾਮਾਤਰ ਹੀ ਰਹਿੰਦੀ ਹੈ । ਸ਼ਹਿਰ ਦੇ ਬੱਚਿਆਂ ਨੂੰ ਚੰਗੇ ਡਿਪਲੋਮੇ ਜਾਂ ਡਿਗਰੀ ਕਰਨ ਲਈ ਦੂਰ-ਦੁਰਾਡੇ ਲੁਧਿਆਣਾ, ਸੰਗਰੂਰ, ਸੁਨਾਮ ਜਾਂ ਪਟਿਆਲਾ ਜਾਣਾ ਪੈਂਦਾ ਹੈ । ਸਹੀ ਦੇਖ ਭਾਲ ਨਾ ਹੋਣ ਕਾਰਣ ਇਮਾਰਤ ਵੀ ਖਸਤ ਹੋਣ ਲੱਗੀ ਹੈ । ਜੇਕਰ ਮੈਂ ਵਿਧਾਇਕ ਹੋਵਾਂ ਤਾਂ ਆਈ.ਟੀ.ਆਈ. ਕਾਲਜ ਚੰਗੇ ਟਰੇਡ ਦੇ ਡਿਪਲੋਮੇ ਅਤੇ ਡਿਗਰੀਆਂ ਦਾ ਪ੍ਰਬੰਧ ਕਰਾਂਗਾ ਤਾਂ ਕਿ ਮੇਰੇ ਸ਼ਹਿਰ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਲਈ ਦੂਜੇ ਸ਼ਹਿਰਾਂ ਵਿੱਚ ਨਾ ਭਟਕਣਾ ਪਵੇ ।

ਪੇਸ਼ਕਸ਼:

 

ਕਾਲਪਨਿਕ ਵਿਧਾਇਕ

ਮੁਹੰਮਦ ਜਮੀਲ (ਐਮ.ਏ.ਜਰਨਾਲਿਜ਼ਮ)

ਗਰੀਨ ਟਾਊਨ, ਕਿਲਾ ਰਹਿਮਤਗੜ੍ਹ

ਮਲੇਰਕੋਟਲਾ (ਪੰਜਾਬ)

ਸੰਪਰਕ: 9417969547

Similar Posts

Leave a Reply

Your email address will not be published. Required fields are marked *