ਸਿਆਸਤ ਤੋਂ ਕੋਹਾਂ ਦੂਰ ਜੱਥੇਦਾਰ ਸਾਹਿਬ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਲਾਮਬੰਦੀ ਦੀ ਗੱਲ ਕਰਦੇ ਨੇ
ਅੱਜ ਜਿੱਥੇ ਸੰਸਾਰ ਦਾ ਹਰ ਪ੍ਰਾਣੀ ਦੁਨੀਆ ਦੇ ਐਸ-ਓ-ਆਰਾਮ ਲਈ ਪੈਸੇ ਇਕੱਠੇ ਕਰਨ ਦੀ ਦੌੜ ‘ਚ ਲੱਗਾ ਹੈ ਉੱਥੇ ਹੀ ਕੁਝ ਵਿਰਲੇ ਅਜਿਹੇ ਯੋਧੇ ਵੀ ਨੇ ਜੋ ਮੋਹ-ਮਾਇਆ ਨੂੰ ਤਿਆਗਕੇ ਆਪਣੀ ਕੌਮ, ਆਪਣੇ ਸੂਬੇ ਦੀ ਚੜ੍ਹਦੀ ਕਲਾ ਲਈ ਲਾਸਾਨੀ ਕੁਰਬਾਨੀਆਂ ਕਰਕੇ ਜੇਲ੍ਹਾਂ ਵਿੱਚ ਬੰਦ ਹਨ । ਅਸੀਂ ਗੱਲ ਕਰ ਰਹੇ ਹਾਂ ਜੱਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ ਖੇੜਾ ਬੰਦੀ ਸਿੰਘਾਂ ਦੀ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਕਤਲ ਕੇਸ ਵਿੱਚ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ । ਇਸੇ ਲੜੀ ਤਹਿਤ ਭਾਈ ਜਗਤਾਰ ਸਿੰਘ ਹਵਾਰਾ ਜੋ ਪਿਛਲੇ 30 ਸਾਲਾਂ ਤੋਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹਨ ਦੀ ਮੁਲਾਕਾਤ ਕਰਨ ਵਾਲੇ ਭਾਈ ਇਕਬਾਲ ਸਿੰਘ ਨਾਲ ਪੰਜਾਬ ਦੇ ਮਸ਼ਹੂਰ ਮੀਡੀਆ ਚੈਨਲ ਵਰਲਡ ਸੈਕਟਰ ਟੀਵੀ 13 ਨਾਲ ਇੱਕ ਵਿਸ਼ੇਸ਼ ਇੰਟਰਵਿਊ ਹੋਈ ਜਿਸ ਵਿੱਚ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਦੀ ਜ਼ਿੰਦਗੀ ਬਾਰੇ ਅਹਿਮ ਖੁਲਾਸੇ ਕੀਤੇ ਜਿਹਨਾਂ ਨੂੰ ਮੈਂ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਲਈ ਸ਼ਬਦਾਂ ਵਿੱਚ ਢਾਲਕੇ ਪੇਸ਼ ਕਰਨ ਦਾ ਮਾਣ ਹਾਸਿਲ ਕਰ ਰਿਹਾ ਹਾਂ ।
ਦਿੱਲੀ ਦੇ ਵਸਨੀਕ ਭਾਈ ਇਕਬਾਲ ਸਿੰਘ ਦੱਸਦੇ ਹਨ ਕਿ ਹਫਤੇ ਵਿੱਚ ਦੋ ਦਿਨ ਸੋਮਵਾਰ ਅਤੇ ਵੀਰਵਾਰ ਉਹਨਾਂ ਦੀ ਮੁਲਾਕਾਤ ਭਾਈ ਜਗਤਾਰ ਸਿੰਘ ਹਵਾਰਾ ਨਾਲ ਹੁੰਦੀ ਹੈ । ਜਿਸ ਵਿੱਚ ਸ਼ੀਸ਼ੇ ਦੀ ਦੀਵਾਰ ਦੇ ਬਾਹਰ ਟੈਲੀਫੋਨ ਰਾਹੀਂ ਗੱਲਬਾਤ ਹੁੰਦੀ ਹੈ । ਜੱਥੇਦਾਰ ਸਾਹਿਬ ਹਰ ਮੁਲਾਕਾਤ ਵਿੱਚ ਆਪਣੀ ਕੌਮ ਅਤੇ ਸੂਬੇ ਦੀ ਚੜ੍ਹਦੀ ਕਲਾ ਲਈ ਫਿਕਰਮੰਦ ਦਿਖਾਈ ਦਿੰਦੇ ਹਨ, ਹਮੇਸ਼ਾ ਕੌਮ ਨੂੰ ਲਾਮਬੰਦ ਕਰਨ ਦਾ ਸੁਨੇਹਾ ਦਿੰਦੇ ਹਨ । ਭਾਈ ਇਕਬਾਲ ਸਿੰਘ ਨੇ ਜੱਥੇਦਾਰ ਸਾਹਿਬ ਦੀ ਜੇਲ੍ਹ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਈ ਸਾਲਾਂ ਤੋਂ ਉਹਨਾਂ ਦੀ 24 ਘੰਟੇ ਦੀ ਬੰਦੀ ਚੱਲ ਰਹੀ ਹੈ ਸਿਰਫ ਮੁਲਾਕਾਤ ਦੇ ਦੌਰਾਨ ਹੀ ਬੰਦੀ ਖੋਲੀ ਜਾਂਦੀ ਹੈ, ਕਮਰੇ ਵਿੱਚ 10-12 ਫੁੱਟ ‘ਤੇ ਸਿਰਫ ਇੱਕ ਪੱਖਾ ਲੱਗਾ ਹੋਇਆ ਹੈ । ਬੈਰਕ ਦੀ 100 ਫੁੱਟ ਦੀ ਡਿਊੜੀ ਤੋਂ ਇਲਾਵਾ ਕਿਤੇ ਵੀ ਜਾਣ ਦੀ ਅਜ਼ਾਦੀ ਨਹੀਂ ਹੈ । ਜੱਥੇਦਾਰ ਸਾਹਿਬ ਦਾ ਸੁਭਾਅ ਬਹੁਤ ਹੀ ਸ਼ਾਂਤ ਅਤੇ ਮਿਲਾਪੜਾ ਹੈ, ਸਾਰਾ ਜੇਲ੍ਹ ਪ੍ਰਸ਼ਾਸਨ ਬਹੁਤ ਸਤਿਕਾਰ ਕਰਦਾ ਹੈ ਅਤੇ ‘ਬਾਬਾ ਜੀ’ ਕਹਿਕੇ ਬੁਲਾਉਂਦੇ ਹਨ । ਜਦੋਂ ਵੀ ਮੁਲਾਕਾਤ ਲਈ ਜਾਂਦੇ ਹਾਂ ਤਾਂ ਹਰ ਕੋਈ ਪੁੱਛਦਾ ਹੈ ਕਿ ਬਾਬਾ ਜੀ ਨੂੰ ਮਿਲਣ ਆਏ ਹੋ । ਉਹ ਸਵੇਰੇ ਢਾਈ ਵਜੇ ਜਾਗ ਜਾਂਦੇ ਹਨ, ਇਸ਼ਨਾਨ ਕਰਕੇ ਨਿੱਤਨੇਮ ਅਤੇ ਬਾਣੀ ਦਾ ਸਿਮਰਨ ਕਰਦੇ ਹਨ । ਉਹਨਾਂ ਦੀ ਰੁਟੀਨ ਹੈ ਕਿ ਗਰਮੀ-ਸਰਦੀ ਦਿਨ ਵਿੱਚ ਤਿੰਨ ਵਾਰ ਇਸ਼ਨਾਨ ਕਰਦੇ ਹਨ । ਇਸ ਤੋਂ ਬਾਅਦ ਟੀਵੀ ‘ਤੇ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਸਿਮਰਨ ਕਰਦੇ ਹਨ ਅਤੇ ਖਬਰਾਂ ਰਾਹੀਂ ਦੇਸ਼-ਦੁਨੀਆ ਦੀ ਜਾਣਕਾਰੀ ਵੀ ਹਾਸਲ ਕਰਦੇ ਹਨ । ਜੱਥੇਦਾਰ ਸਾਹਿਬ ਦੀ ਬੈਰਕ ਦੇ ਚਾਰੋਂ ਤਰਫ 50 ਫੁੱਟ ਤੱਕ ਕੋਈ ਵੀ ਹੋਰ ਕੈਦੀ ਜਾਂ ਹਵਾਲਾਤੀ ਨਹੀਂ ਆ ਸਕਦਾ ਯਾਨੀ ਉਹਨਾਂ ਨੂੰ ਬਿਲਕੁਲ ਇਕੱਲਾ ਰੱਖਿਆ ਗਿਆ ਹੈ । ਭਾਈ ਇਕਬਾਲ ਸਿੰਘ ਨੇ ਦੱਸਿਆ ਕਿ ਜੱਥੇਦਾਰ ਸਾਹਿਬ ਦਾ ਸਰੀਰ ਚੜ੍ਹਦੀ ਕਲਾ ਵਿੱਚ ਹੈ ਅਤੇ ਉਹ ਸੰਗਤ ਲਈ ਹਮੇਸ਼ਾ ਚੜ੍ਹਦੀ ਕਲਾ ਦਾ ਹੀ ਸੁਨੇਹਾ ਦਿੰਦੇ ਹਨ । ਜੇਲ੍ਹ ਵਿੱਚ ਐਨੀ ਸਖਤੀ ਹੈ ਕਿ ਇੱਕ ਦਾਣਾ ਵੀ ਬਾਹਰੋਂ ਨਹੀਂ ਜਾ ਸਕਦਾ ਜੋ ਵੀ ਖਾਣਾ-ਪੀਣਾ ਹੈ ਉਹ ਜੇਲ੍ਹ ਅੰਦਰੋਂ ਹੀ ਮਿਲੇਗਾ ।
ਜੱਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਸਿੱਖ ਕੌਮ ਦੇ ਬਿਹਤਰ ਭਵਿੱਖ ਬਾਰੇ ਹਮੇਸ਼ਾ ਸੋਚਦੇ ਰਹਿੰਦੇ ਹਨ । ਉਹ ਭਰੀ ਜਵਾਨੀ ਤੋਂ ਜੇਲ੍ਹ ਵਿੱਚ ਬੰਦ ਹਨ ਹੁਣ ਉਹਨਾਂ ਦੇ ਕੁਝ-ਕੁਝ ਕੇਸ ਵੀ ਸਫੈਦ ਹੋ ਗਏ ਹਨ । ਜੱਥੇਦਾਰ ਸਾਹਿਬ ਦੀ ਪੈਰੋਲ ਲਈ ਕਈ ਮਹੀਨਿਆਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਮਾਤਾ ਨੂੰ ਮਿਲਣ ਦੀ ਤਾਂਘ ਬਹੁਤ ਹੈ ਪਰੰਤੂ ਉਹ ਗੁਰੁ ਸਾਹਿਬ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਹਨ ਕਿ ਜਦੋਂ ਗੁਰੁ ਸਾਹਿਬ ਦਾ ਹੁਕਮ ਹੋਵੇਗਾ ਤਾਂ ਦਰਸ਼ਨ ਹੋ ਸਕਣਗੇ । ਜੱਥੇਦਾਰ ਸਾਹਿਬ ਸਿਆਸਤ ਤੋਂ ਬਹੁਤ ਦੂਰ ਰਹਿਣਾ ਪਸੰਦ ਕਰਦੇ ਹਨ ਉਹਨਾਂ 20 ਸਾਲ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਅਤੇ ਉਹਨਾਂ ਦੇ ਪਰਿਵਾਰ ਦਾ ਕੋਈ ਫਰਦ ਕਦੇ ਚੋਣ ਨਹੀਂ ਲੜੇਗਾ ।
ਭਾਈ ਇਕਬਾਲ ਸਿੰਘ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਦੇਸ਼-ਵਿਦੇਸ਼ ਵਿੱਚ ਵੱਸਦੀ ਸੰਗਤ ਨੂੰ ਅਪੀਲ ਕੀਤੀ ਕਿ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਅਰਦਾਸ ਕੀਤੀ ਜਾਵੇ ਤਾਂ ਜੋ ਮਾਤਾ ਜੀ ਨਾਲ ਮੁਲਾਕਾਤ ਹੋ ਸਕੇ । ਜੱਥੇਦਾਰ ਸਾਹਿਬ ਅਤੇ ਉਹਨਾਂ ਦੇ ਸਾਥੀ ਆਪਣੇ ਕਿਸੇ ਨਿੱਜੀ ਮੰਤਵ ਲਈ ਨਹੀਂ ਜੇਲ੍ਹ ਗਏ ਬਲਿਕ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਦੋਬਾਰਾ ਸਿਰ ‘ਤੇ ਸਜਾਉਣ ਲਈ ਉਹਨਾਂ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦਾ ਸੋਧਾ ਲਗਾਇਆ । ਉਹ ਅਜਿਹਾ ਦੌਰ ਸੀ ਜਦੋਂ ਕਈ ਸਾਲ ਪੰਜਾਬ ਵਿੱਚ ਕਿਸੇ ਸਿੱਖ ਨੌਜਵਾਨ ਦੀ ਬਰਾਤ ਨਹੀਂ ਚੜੀ ਸੀ, ਆਪਣੀ ਕੌਮ ਦੀ ਮਿਟਦੀ ਹੋਂਦ ਨੂੰ ਬਚਾਉਣ ਲਈ ਆਪਣੀ ਜਵਾਨੀ, ਪਰਿਵਾਰ ਅਤੇ ਹਰ ਸੁੱਖ ਸਹੂਲਤ ਕੁਰਬਾਨ ਕਰਕੇ ਜੇਲ੍ਹੀਂ ਜਾ ਬੈਠੇ ਹਨ ।
ਪੇਸ਼ਕਸ਼:
ਮੁਹੰਮਦ ਜਮੀਲ ਐਡਵੋਕੇਟ
ਗਰੀਨ ਟਾਊਨ, ਕਿਲਾ ਰਹਿਮਤਗੜ੍ਹ
ਮਲੇਰਕੋਟਲਾ – 148023
ਸੰਪਰਕ 9417969547


