ਮਲੇਰਕੋਟਲਾ, 08 ਫਰਵਰੀ (ਅਬੂ ਜ਼ੈਦ): ਸਥਾਨਕ ਵਜ਼ੀਰਾ ਕਲੋਨੀ ਵਿਖੇ ਮਸਜਿਦ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਮਕਤਬ ਤਾਲੀਮ ਉਲ ਫੁਰਕਾਨ ਦੇ ਸੰਚਾਲਕ ਕਾਰੀ ਮੁਹੰਮਦ ਉਸਮਾਨ ਦੀ ਰਹਿਨੁਮਾਈ ‘ਚ ਅੱਠ ਵਿਦਿਆਰਥੀਆਂ ਦੇ ਸਨਮਾਨ ਵਿੱਚ ਸ਼ਾਨਮੱਤਾ ਦਸਤਾਰਬੰਦੀ ਸਮਾਗਮ ਕਰਵਾਇਆ ਗਿਆ । ਜਿਸ ਵਿਚ ਦਾਰੁਲ ਉਲੂਮ ਦਿਉਬੰਦ ਦੇ ਤਜਵੀਦ ਵਾ ਕਿਰਾਤ ਦੇ ਉਸਤਾਦ ਮੌਲਾਨਾ ਕਾਰੀ ਸ਼ਫੀਕ ਉਰ ਰਹਿਮਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਸਮਾਗਮ ਦੀ ਪ੍ਰਧਾਨਗੀ ਮੁਫਤੀ ਮੁਹੰਮਦ ਨਜ਼ੀਰ ਕਾਸਮੀ ਨੇ ਕੀਤੀ ਅਤੇ ਮੁਫਤੀ ਮੁਹੰਮਦ ਤਾਹਿਰ, ਮੁਫਤੀ ਮੁਹੰਮਦ ਦਿਲਸ਼ਾਦ, ਕਾਰੀ ਮੁਹੰਮਦ ਬਿਲਾਲ ਮੁਜ਼ੱਫਰਨਗਰ, ਖਾਲਿਦ ਥਿੰਦ ਅਤੇ ਕਾਰੀ ਜਾਵੇਦ ਨੇ ਉਚੇਚੇ ਤੌਰ ‘ਤੇ ਤਸ਼ਰੀਫ ਲਿਆਏ । ਕਾਰੀ ਸ਼ਫੀਕ ਉਰ ਰਹਿਮਾਨ ਨੇ ਆਪਣੇ ਪ੍ਰਭਾਵਸ਼ਾਲੀ ਢੰਗ ਨਾਲ ਪਵਿੱਤਰ ਕੁਰਾਨ ਨੂੰ ਹਿਫਜ਼ ਕਰਨ ਦੀ ਮਹੱਤਤਾ ਅਤੇ ਲੋੜ ‘ਤੇ ਚਾਨਣਾ ਪਾਇਆ । ਹਾਫਿਜ਼ ਬਣੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਤਾ-ਪਿਤਾ ਅੱਲ੍ਹਾ ਦੀ ਬਖਸ਼ਿਸ਼ ਹਨ, ਜਿਨ੍ਹਾਂ ਨੂੰ ਅੱਲ੍ਹਾ ਪਾਕ ਤਾਜ ਦੇਣਗੇ। ਕਿਆਮਤ ਵਾਲੇ ਦਿਨ ਹਾਫਿਜ਼ ਕੁਰਆਨ ਉੱਤੇ ਅੱਲ੍ਹਾ ਪਾਕ ਦੀ ਵਿਸ਼ੇਸ਼ ਰਹਿਮਤ ਬਰਸੇਗੀ । ਮਾਰਗਦਰਸ਼ਨ ਦੀ ਕਿਤਾਬ ਨਿਆਂ ਦੇ ਦਿਨ ਤੱਕ ਸੁਰੱਖਿਅਤ ਰਹੇਗੀ । ਕਾਰੀ ਸਾਹਿਬ ਦੀ ਤਕਰੀਰ ਨੇ ਹਾਜ਼ਰੀਨ ਦੇ ਮਨ ‘ਤੇ ਪ੍ਰਭਾਵ ਛੱਡ ਗਈ । ਸਮਾਗਮ ਦਾ ਸੰਚਾਲਨ ਮੁਫਤੀ ਮੁਹੰਮਦ ਆਰਿਫ ਮਲੇਰ ਕੋਟਲਾ ਨੇ ਬਾਖੂਬੀ ਕੀਤਾ । ਆਗਾਜ਼ ਕਾਰੀ ਦਾਊਦ ਮੁਅੱਲਿਮ ਦਾਰ-ਉਲ ਉਲੂਮ ਦਿਉਬੰਦ ਨੇ ਤਿਲਾਵਤ ਕੁਰਆਨ ਪਾਕ ਨਾਲ ਕੀਤਾ । ਇਸ ਮੌਕੇ ਹਾਫ਼ਿਜ਼ ਮੁਹੰਮਦ ਮੁਸਤਫ਼ਾ, ਹਾਫ਼ਿਜ਼ ਮੁਹੰਮਦ ਸ਼ਮਊਨ, ਹਾਫ਼ਿਜ਼ ਮੁਹੰਮਦ ਮੁਦੱਸਰ, ਹਾਫ਼ਿਜ਼ ਮੁਹੰਮਦ ਸ਼ਾਹਿਦ, ਹਾਫ਼ਿਜ਼ ਅਬਦੁਲ ਗਫ਼ਾਰ, ਹਾਫ਼ਿਜ਼ ਮੁਹੰਮਦ ਅਨਸ ਅਤੇ ਹਾਫ਼ਿਜ਼ ਮੁਹੰਮਦ ਅੱਮਾਰ ਦੀ ਦਸਤਾਰਬੰਦੀ ਕੀਤੀ ਗਈ । ਅੰਤ ਵਿੱਚ ਮਸਜਿਦ ਦੇ ਇਮਾਮ ਕਾਰੀ ਮੁਹੰਮਦ ਉਸਮਾਨ ਨੇ ਪ੍ਰਬੰਧਕ ਕਮੇਟੀ ਦੀ ਤਰਫੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਰੀ ਮੁਹੰਮਦ ਰਫੀਕ ਗੁਲਰੇਜ਼ ਖਾਲਿਦ, ਕਾਰੀ ਅਮਜਦ, ਮੁਫਤੀ ਆਸਿਫ, ਕਾਰੀ ਮੁਹੰਮਦ ਅਫਜ਼ਲ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਮੌਜੂਦ ਸਨ ।



