ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਲਈ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਾਂਗੇ, ਐਤਕੀ ਚੋਣਾਂ ਨਵੀਆਂ ਪਿਰਤਾਂ ਪਾਉਣਗੀਆਂ-ਆਮਿਰ ਬਾਵਾ

author
0 minutes, 1 second Read

ਮਲੇਰਕੋਟਲਾ, 03 ਮਈ (ਅਬੂ ਜ਼ੈਦ): ਲੋਕ ਸਭਾ ਚੋਣਾਂ 2024 ਦਾ ਦੰਗਲ ਪੂਰੀ ਤਰ੍ਹਾਂ ਭਖ ਚੁੱਕਾ ਹੈ । ਆਪਣੀ ਆਦਤ ਅਨੁਸਾਰ ਸਿਆਸੀ ਪਾਰਟੀਆਂ ਨੇ ਉਹੀ ਪੁਰਾਣੇ ਘਿਸੇ-ਪਿਟੇ ਵਾਅਦੇ ਅਤੇ ਸੁਪਨੇ ਲੋਕਾਂ ਨੂੰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ । ਪਰੰਤੂ ਇਸ ਵਾਰ ਇਹ ਸਭ ਨਹੀਂ ਚੱਲੇਗਾ ਕਿਉਂਕਿ ਜਨਤਾ ਜਾਗਰੂਕ ਹੋ ਚੁੱਕੀ ਹੈ ਅਤੇ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦਾ ਸਮਰਥਨ ਕਰ ਰਹੀ ਹੈ । ਲੋਕਾਂ ਨੇ ਮਨ ਬਣਾ ਲਿਆ ਹੈ ਕਿ ਜੇਕਰ ਚੰਗੇ ਲੋਕਾਂ ਨੂੰ ਚੁਣਕੇ ਸੰਸਦ ਭੇਜਾਂਗਾ ਤਾਂ ਉਹ ਪਾਰਟੀਆਂ ਨੂੰ ਵੀ ਸੁਧਾਰ ਲੈਣਗੇ ਜੇਕਰ ਅਸੀਂ ਉਹੀ ਰਿਵਾਇਤੀ ਉਮੀਦਵਾਰ ਜੋ ਭੁੱਕੀ, ਸ਼ਰਾਬ, ਅਫੀਮ ਅਤੇ ਪੈਸੇ ਦਾ ਲਾਲਚ ਦੇ ਕੇ ਵੋਟਾਂ ਮੰਗਣ ਵਾਲਿਆਂ ਨੂੰ ਜਿਤਾ ਦਿੱਤਾ ਤਾਂ ਦੇਸ਼ ਦੀ ਹਾਲਤ ਬਦਤਰ ਹੋ ਜਾਵੇਗੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਲੇਰਕੋਟਲਾ ਦੇ ਮੁਸਲਿਮ ਨੌਜਵਾਨ ਆਗੂ ਆਮਿਰ ਬਾਵਾ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਖਡੂਰ ਸਾਹਿਬ ਦੀ ਸੀਟ ਅੱਜਕਲ ਕੌਮਾਂਤਰੀ ਪੱਧਰ ਉੱਤੇ ਚਰਚਾ ਵਿੱਚ ਹੈ । ਦੇਸ਼ ਅਤੇ ਦੁਨੀਆ ਦਾ ਹਰ ਮੀਡੀਆ ਅਦਾਰਾ ਇਸ ਸੀਟ ਦੀ ਕਵਰੇਜ਼ ਕਰ ਰਿਹਾ ਹੈ । ਭਾਈ ਅੰਮ੍ਰਿਤਪਾਲ ਸਿੰਘ ਦੇ ਅਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਦੰਗਲ ਵਿੱਚ ਉਤਰਨ ਨਾਲ ਪੰਜਾਬ ਦਾ ਸਿਆਸੀ ਮਾਹੌਲ ਨਵਾਂ ਮੋੜ ਲੈ ਗਿਆ ਹੈ । ਰਾਜਨੀਤਕ ਮਾਹਿਰ ਆਪਣੀਆਂ ਕਿਆਸ ਅਰਾਈਆਂ ਝੂਠੀਆਂ ਸਾਬਤ ਹੁੰਦੀਆਂ ਦੇਖ ਰਹੇ ਹਨ । ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਜਿੱਥੇ ਪੰਥਕ ਲੋਕਾਂ ਦਾ ਹੜ੍ਹ ਆ ਗਿਆ ਹੈ ਉੱਥੇ ਹੀ ਵੱਖ-ਵੱਖ ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਡਟਕੇ ਉਹਨਾਂ ਦਾ ਸਮਰਥਨ ਕਰਨਾ ਦਾ ਐਲਾਨ ਕਰ ਦਿੱਤਾ ਹੈ, ਉਹ ਭਾਈ ਸਾਹਿਬ ਅਤੇ ਹੋਰ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦੇ ਹਲਕਿਆਂ ਵਿੱਚ ਜਾ ਕੇ ਉਹਨਾਂ ਲਈ ਵੋਟਾਂ ਮੰਗਣਗੇ । ਬਾਵਾ ਨੇ ਦੱਸਿਆ ਕਿ ਜਦੋਂ ਉਹ ਅਤੇ ਉਸਦੇ ਸਾਥੀ ਨਸ਼ੇ ਦੇ ਦਲਦਲ ਵਿੱਚ ਫਸਿਆ ਸੀ ਤਾਂ ਭਾਈ ਸਾਹਿਬ ਦੀ ਸੰਗਤ ਅਤੇ ਪ੍ਰੇਰਨਾ ਨੇ ਹੀ ਉਸਨੂੰ ਇਸ ਨਰਕ ਭਰੀ ਜ਼ਿੰਦਗੀ ਵਿੱਚ ਕੱਢਿਆ ਸੀ ਜਿਸ ਦਾ ਅਹਿਸਾਨ ਉਹ ਆਪਣੀ ਜਾਨ ਕੁਰਬਾਨ ਕਰਕੇ ਵੀ ਪੂਰਾ ਨਹੀਂ ਕਰ ਸਕਦੇ । ਭਾਈ ਸਾਹਿਬ ਦੀ ਪ੍ਰੇਰਣਾ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਬਦਲੀ ਹੈ। ਉਹਨਾਂ ਦਾ ਕਹਿਣਾ ਸੀ ਕਿ ਹਰ ਵਿਅਕਤੀ ਨੂੰ ਸਭ ਤੋਂ ਪਹਿਲਾਂ ਆਪਣੇ ਧਰਮ ਉੱਤੇ ਪੱਕਾ ਹੋਣਾ ਚਾਹੀਦਾ ਹੈ ਤਾਂ ਹੀ ਉਹ ਸਮਾਜ ਲਈ ਕੁਝ ਚੰਗਾ ਕਰ ਸਕਦਾ ਹੈ ।

ਆਮਿਰ ਬਾਵਾ ਨੇ ਕਿਹਾ ਕਿ ਇਸ ਵਾਰ ਪੰਜਾਬ ਦੀ ਜਨਤਾ ਰਿਵਾਇਤੀ ਚੋਣ ਪ੍ਰਣਾਲੀ ਨੂੰ ਤਿਆਗਕੇ ਇੱਕ ਨਵਾਂ ਇਤਿਹਾਸ ਰਚਨ ਜਾ ਰਹੀ ਹੈ ਕਿ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਕਾਮਯਾਬ ਕਰਕੇ ਸੰਸਦ ਵਿੱਚ ਭੇਜਿਆ ਜਾਵੇ ਤਾਂ ਜੋ ਦੇਸ਼ ਦੀ ਹਾਲਤ ਸੁਧਰ ਸਕੇ । ਉਹਨਾਂ ਕਿਹਾ ਕਿ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ, ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ, ਫਿਰੋਜ਼ਪੁਰ ਤੋਂ ਜਸਕਰਨ ਸਿੰਘ ਕਾਹਨਸਿੰਘ ਵਾਲਾ, ਬਠਿੰਡਾ ਤੋਂ ਲੱਖਾ ਸਿਧਾਨਾ, ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਾਹਿਬਜ਼ਾਦੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਲੋਕ ਲਹਿਰ ਬਣ ਚੁੱਕੀ ਹੈ ਜਿਸ ਨੂੰ ਰੋਕਣਾ ਮੁਸ਼ਕਿਲ ਹੈ । ਲੋਕਾਂ ਦਾ ਜਨਸੈਲਾਬ ਪੰਥਕ ਉਮੀਦਵਾਰਾਂ ਵੱਲ ਵਧਦਾ ਹੀ ਜਾ ਰਿਹਾ ਹੈ ਜਿਸ ਤੋਂ ਰਿਵਾਇਤੀ ਸਿਆਸੀ ਖੌਫਜ਼ਦਾ ਹਨ ।

ਕੈਪਸ਼ਨ: ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਮੁਸਲਿਮ ਨੌਜਵਾਨਾਂ ਦੀ ਪਿੰਡ ਜੱਲੂਪੁਰ ਖੇੜਾ ਦੀ ਇੱਕ ਯਾਦਗਾਰੀ ਤਸਵੀਰ ।

Similar Posts

Leave a Reply

Your email address will not be published. Required fields are marked *