ਪੰਜਾਬ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁੱਕਤੀ ਤੋਂ ਡਾਹਢੇ ਨਾਰਾਜ਼ ‘ਆਪ’ ਵਲੰਟੀਅਰ
ਮਲੇਰਕੋਟਲਾ, 15 ਜਨਵਰੀ (ਬਿਉਰੋ): ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਕਰੀਬ 22 ਮਹੀਨੇ ਹੋ ਚੁੱਕੇ ਹਨ । ਜਿਹਨਾਂ ਪਾਰਟੀ ਵਲੰਟੀਅਰਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਨੂੰ ਮਜ਼ਬੂਤ ਕੀਤਾ ਉਹ ਅੱਜ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਹੇ ਹਨ । ਐਡਵੋਕੇਟ ਮਾਰੂਫ ਥਿੰਦ, ਮੁਹੰਮਦ ਜਮੀਲ ਤੋਂ ਇਲਾਵਾ ਅਨੇਕਾਂ ਡਾਕਟਰ, ਇੰਜਨੀਅਰ, ਕੈਮਿਸਟ, ਵਪਾਰੀ, ਮਜ਼ਦੂਰ, ਦੁਕਾਨਦਾਰ ਆਦਿ ਪਾਰਟੀ ਦੇ ਮੁੱਢਲੇ ਮੈਂਬਰ ਜੋ ਅੰਨਾ ਹਜ਼ਾਰੇ ਅੰਦੋਲਨ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਹਰ ਪ੍ਰੋਗਰਾਮ ਵਿੱਚ ਵੱਧ-ਚੜ ਕੇ ਹਿੱਸਾ ਲੈਂਦੇ ਰਹੇ, ਦਿੱਲੀ ਵਿਧਾਨ ਸਭਾ ਚੋਣਾਂ, 2014 ਅਤੇ 2019 ਦੀਆਂ ਲੋਕ ਸਭਾ ਚੋਣਾਂ, 2017 ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ, ਗੁਜਰਾਤ ਸਮੇਤ ਵੱਖ-ਵੱਖ ਸੂਬਿਆਂ ਦੀਆਂ ਚੋਣਾਂ ਵਿੱਚ ਇੱਕ ਬਦਲਾਅ ਦੀ ਰਾਜਨੀਤੀ ਲਿਆਉਣ ਲਈ ਤਨੋਂ, ਮਨੋਂ ਅਤੇ ਧਨੋਂ ਆਪਣੇ ਆਪ ਨੂੰ ਪਾਰਟੀ ਲਈ ਸਮਰਪਿਤ ਕੀਤਾ । ਪੱਲਿਓ ਪੈਸਾ ਖਰਚ ਕਰਕੇ ਪਾਰਟੀ ਮੀਟਿੰਗਾਂ ਅਤੇ ਸਿਆਸੀ ਰੈਲੀਆਂ ਦਾ ਪ੍ਰਬੰਧ ਕਰਦੇ ਰਹੇ ਅੱਜ ਜਦੋਂ ਪਾਰਟੀ ਸੱਤਾ ਵਿੱਚ ਆਈ ਤਾਂ ਉਹਨਾਂ ਨੂੰ ਦਰਕਿਨਾਰ ਕਰਕੇ ਬਾਹਰੀ ਲੋਕਾਂ ਨੂੰ ਅਹੁੱਦਿਆਂ ਨਾਲ ਨਵਾਜ਼ਿਆ ਜਾ ਰਿਹਾ ਹੈ । ‘ਆਪ’ ਵਲੰਟੀਅਰ ਜੋ ਹੁਣ ਤੱਕ ਦਰੀਆਂ-ਮੈਟ ਵਿਛਾਉਣ ਵਾਲੇ, ਪੋਸਟਰ-ਬੈਨਰ ਲਗਾਉਣ ਵਾਲੇ, ਘਰ-ਘਰ ਜਾਕੇ ਗਰੰਟੀਆਂ ਦੇਣ ਵਾਲੇ ਅੱਜ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਹਨ । ਮੌਜੂਦਾ ਵਿਧਾਇਕਾਂ ਦੇ ਦੁਆਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਮਜ਼ਬੂਤ ਘੇਰੇ ਬਣਾ ਲਏ ਹਨ ਜਿਹਨਾਂ ਦੇ ਖਿਲਾਫ ਪ੍ਰਚਾਰ ਕਰਕੇ ਪਾਰਟੀ ਸੱਤਾ ਵਿੱਚ ਆਈ ਹੈ । ਜਦੋਂ ਜਮੀਨੀ ਪੱਧਰ ਦੇ ਆਗੂ ਵਿਧਾਇਕ ਹੀ ਆਪਣੇ ਵਰਕਰਾਂ ਨੂੰ ਪਛਾਨਣ ਤੋਂ ਮੁਨਕਿਰ ਹੋ ਗਏ ਹਨ ਤਾਂ ਪਾਰਟੀ ਹਾਈਕਮਾਨ ਉੱਤੇ ਕੀ ਸ਼ਿਕਵਾ ਕੀਤਾ ਜਾਵੇ । ਪਿਛਲੇ ਦਿਨੀਂ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਅਬਦੁਲ ਬਾਰੀ ਸਲਮਾਨੀ ਨੂੰ ਨਿਯੁੱਕਤ ਕੀਤਾ ਗਿਆ ਜਿਸ ਉੱਤੇ ਪਾਰਟੀ ਦੇ ਵਲੰਟੀਅਰਾਂ ਨੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਪੂਰੇ ਪੰਜਾਬ ਵਿੱਚੋਂ ਘੱਟਗਿਣਤੀਆਂ ਦੇ ਮਾਮਲਿਆਂ ਨੂੰ ਸਮਝਣ ਵਾਲਾ ਪਾਰਟੀ ਨੂੰ ਕੋਈ ਨੌਜਵਾਨ ਨਹੀਂ ਮਿਲਿਆ ਜੋ ਬਾਹਰੀ ਥੋਪੇ ਜਾ ਰਹੇ ਹਨ । 2022 ਤੋਂ ਪਹਿਲਾਂ ਅਕਾਲੀ ਦਲ (ਬਾਦਲ) ਘੱਟ ਗਿਣਤੀ ਵਿੰਗ ਦੇ ਸਰਗਰਮ ਆਗੂ ਰਹੇ ਅਬਦੁਲ ਬਾਰੀ ਸਲਮਾਨੀ ਜਿਹਨਾਂ ਨੇ ਆਮ ਆਦਮੀ ਪਾਰਟੀ ਦਾ ਖੁੱਲਮ-ਖੁੱਲਾ ਵਿਰੋਧ ਕੀਤਾ । ਬਾਰੀ ਸਲਮਾਨੀ ਵੱਲੋਂ ਆਪਣੇ ਫੇਸਬੁੱਕ ਪੇਜ਼ ਉੱਤੇ 17 ਅਕਤੂਬਰ 2018 ਦੀ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸ਼ਰਾਬੀ ਹਾਲਤ ਵਿੱਚ ਪੋਸਟ ਕੀਤੀ ਵੀਡੀਓ ਸਮੇਤ ਅਨੇਕਾਂ ਪਾਰਟੀ ਵਿਰੁੱਧ ਪੋਸਟਾਂ ਅੱਜ ਵੀ ਮੌਜੂਦ ਹਨ । ਪਰੰਤੂ ਪਾਰਟੀ ਹਾਈਕਮਾਨ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਸੱਤਾ ਦੀ ਸਨਕ ਵਿੱਚ ਫਿਰ ਵੀ ਭਲਕੇ 16 ਜਨਵਰੀ ਨੂੰ ਅਬਦੁਲ ਬਾਰੀ ਸਲਮਾਨੀ ਦੀ ਤਾਜਪੋਸ਼ੀ ਕਰ ਰਹੀ ਹੈ । ਆਮ ਆਦਮੀ ਪਾਰਟੀ ਨੇ ਪੰਜਾਬੀ ਦੀ ਕਹਾਵਤ ਝੂਠੀ ਕਰ ਦਿਖਾਈ ਹੈ ਕਿ “ਅੰਨ੍ਹਾ ਵੰਡੇ ਸ਼ੀਰਨੀਆਂ ਮੁੜ-ਮੁੜ ਆਪਣਿਆਂ ਨੂੰ ਦੇ” । ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਜੌਹਨਸਨ ਨੇ ਇਸ ਨਿਯੁੱਕਤੀ ਨੂੰ ਰੱਦ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਚੁਨੌਤੀ ਵੀ ਦਿੱਤੀ ਹੈ ਕਿ ਮੁੱਖ ਮੰਤਰੀ ਨੇ ਨਿਯਮਾਂ ਦੀ ਉਲੰਘਣਾ ਕਰਕੇ ਕੀਤੀ ਹੈ । ‘ਆਪ’ ਵਲੰਟੀਅਰਾਂ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ, ਸੰਦੀਪ ਪਾਠਕ ਸਮੇਤ ਪਾਰਟੀ ਹਾਈਕਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਜੁਝਾਰੂ ਵਲੰਟੀਅਰਾਂ ਦਾ ਬਣਦਾ ਮਾਨ-ਸਨਮਾਨ ਪੰਜਾਬੀਆਂ ਨੂੰ ਦਿੱਤਾ ਜਾਵੇ ਤਾਂ ਜੋ 2024 ਦੀਆਂ ਲੋਕ ਸਭਾ ਚੋਣਾਂ ਸਮੇਤ ਭਵਿੱਖ ਵਿੱਚ ਵੀ ਪਾਰਟੀ ਦੇ ਨਾਲ ਵਫਾਦਾਰ ਰਹਿਣ ।