ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਪੰਜਾਬ ਦੇ ਦਰਜਨਾਂ ਟੋਲ ਪਲਾਜ਼ੇ ਕੀਤੇ ਬੰਦ

author
0 minutes, 2 seconds Read

ਕੌਮੀ ਇਨਸਾਫ ਮੋਰਚਾ ਪ੍ਰਬੰਧਕਾਂ ਵੱਲੋਂ ਸਿੱਖ ਸੰਗਤ ਨੂੰ ਲਾਮਬੰਦ ਹੋਣ ਦੀ ਅਪੀਲ

ਮਲੇਰਕੋਟਲਾ, 20 ਜਨਵਰੀ (ਅਬੂ ਜ਼ੈਦ): ਅੱਜ ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਸਮੇਤ 7 ਜ਼ਿਲ੍ਹਿਆਂ ਦੇ 13 ਟੋਲ ਪਲਾਜ਼ਿਆਂ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਸੰਕੇਤਕ ਤੌਰ ‘ਤੇ ਸ਼ਾਂਤਮਈ ਢੰਗ ਨਾਲ ਆਵਾਜਾਈ ਲਈ ਮੁਫਤ ਕੀਤਾ ਗਿਆ । ਪੰਜਾਬ ਭਰ ਤੋਂ ਕਿਸੇ ਵੀ ਟੋਲ ਪਲਾਜ਼ੇ ਤੋਂ ਕੋਈ ਹਿੰਸਕ ਘਟਨਾ ਦੀ ਖਬਰ ਨਹੀਂ ਆਈ । ਇਸ ਸਬੰਧੀ ਅਦਾਰਾ ਅਬੂ ਜ਼ੈਦ ਨਿਊਜ਼ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਸਰਪ੍ਰਸਤ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ 7 ਜਨਵਰੀ 2023 ਤੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਪੱਕਾ ਮੋਰਚਾ ਲਗਾਇਆ ਹੋਇਆ ਹੈ । ਇੱਕ ਸਾਲ ਬੀਤ ਜਾਣ ‘ਤੇ ਵੀ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਅੰਨ੍ਹੀਆਂ, ਬੋਲੀਆਂ ਅਤੇ ਗੂੰਗੀਆਂ ਹੋ ਕੇ ਬੈਠੀਆਂ ਹਨ ਜਿਸ ਕਾਰਣ ਮੋਰਚੇ ਵੱਲੋਂ ਸੰਕੇਤਕ ਤੌਰ ਤੇ ਤਿੰਨ ਘੰਟੇ ਲਈ ਟੋਲ ਪਲਾਜ਼ੇ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਸਾਰੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ । ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਇਸੇ ਤਰ੍ਹਾਂ ਦੀ ਬੇਰੁੱਖੀ ਦਿਖਾਉਂਦੀਆਂ ਰਹੀਆਂ ਤਾਂ ਸੰਘਰਸ਼ ਨੂੰ ਤੇਜ਼ ਕਰਨ ਲਈ ਕੌਮ ਨੂੰ ਹੋਰ ਸਖਤ ਸੱਦੇ ਦਿੱਤੇ ਜਾਣਗੇ । ਪਟਿਆਲਾ ਤੋਂ ਰਾਜਪੁਰਾ ਰੋਡ ਉੱਤੇ ਲੱਗੇ ਟੋਲ ਪਲਾਜ਼ੇ ਤੋਂ ਸੰਬੋਧਨ ਕਰਦਿਆਂ ਉਹਨਾਂ ਟੋਲ ਪਲਾਜ਼ੇ ਬੰਦ ਕਰਨ ਲਈ ਕਿਸਾਨ ਯੂਨੀਅਨਾਂ, ਸਮਾਜਸੇਵੀ ਜੱਥੇਬੰਦੀਆਂ ਸਮੇਤ ਸਮੁੱਚੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਕਿ ਮੋਰਚੇ ਦੇ ਸੱਦੇ ਉੱਤੇ ਵੱਡੀ ਗਿਣਤੀ ‘ਚ ਸੰਗਤ ਨੇ ਟੋਲ ਪਲਾਜ਼ਿਆਂ ਉੱਤੇ ਪਹੁੰਚਕੇ ਜਾਮ ਲਗਾਏ ਅਤੇ ਸਰਕਾਰਾਂ ਨੂੰ ਸੰਦੇਸ਼ ਦਿੱਤਾ ਕਿ ਇਸ ਮਾਮਲੇ ਨੂੰ ਹਲਕੇ ਵਿੱਚ ਨਾ ਲਿਆ ਜਾਵੇ ।

ਨਿਹੰਗ ਸਿੰਘ ਜੱਥੇਦਾਰ ਬਾਬਾ ਰਾਜਾ ਰਾਜ ਸਿੰਘ ਨੇ ਚੰਡੀਗੜ੍ਹ-ਬਨੂੜ ਟੋਲ ਪਲਾਜ਼ੇ ਤੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਸਮੇਂ ਹਾਕਮ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਲਈ ਟੈਕਸ ਲਗਾਇਆ ਸੀ ਪਰੰਤੂ ਅੱਜ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਅੱਜ ਤਿੰਨ ਘੰਟੇ ਲਈ ਸੰਕੇਤਕ ਤੌਰ ਤੇ ਟੋਲ ਪਲਾਜ਼ੇ ਮੁਫਤ ਕਰਕੇ ਟੈਕਸ ਮਾਫ ਕੀਤੇ ਹਨ । ਉਹਨਾਂ ਕਿਹਾ ਕਿ ਸਿੱਖਾਂ ਨਾਲ ਦੇਸ਼ ਅੰਦਰ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਇਸੇ ਲਈ ਜੱਥੇਦਾਰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਉਰਾ, ਜਗਤਾਰ ਸਿੰਘ ਤਾਰਾ ਨੂੰ ਦਹਾਕਿਆਂ ਤੋਂ ਪੈਰੋਲ ਨਹੀਂ ਦਿੱਤੀ ਗਈ ਅਤੇ ਦੂਜੇ ਪਾਸੇ ਬਲਾਤਕਾਰੀ ਅਤੇ ਕਤਲ ਦੇ ਦੋਸ਼ਾਂ ‘ਚ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ ।ਉਹਨਾਂ ਇਸ ਮੌਕੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਸੀ ਮੱਤਭੇਦ ਭੁਲਾ ਕੇ ਲਾਮਬੰਦ ਹੋਈਏ ਤਾਂ ਜੋ ਸਰਕਾਰਾਂ ਉੱਤੇ ਦਬਾਅ ਬਣਾਇਆ ਜਾਵੇ ਤਾਂ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਅਤੇ ਬੇਅਦਬੀਆਂ ਦਾ ਇਨਸਾਫ ਲਿਆ ਜਾ ਸਕੇ ।

Similar Posts

Leave a Reply

Your email address will not be published. Required fields are marked *