‘ਆਪ’ ਵੱਲੋਂ ਰੁਸਿਆਂ ਨੂੰ ਮਨਾਉਣ ਦੀ ਰੁੱਤ ਆਈ

author
0 minutes, 3 seconds Read

ਸਰਕਾਰੀ ਦਫਤਰਾਂ ਅਤੇ ਥਾਣਿਆਂ ਅੰਦਰ ਹੋ ਰਹੀ ਦੁਰਦਸ਼ਾ ਤੋਂ ਦੁੱਖੀ ਆਮ ਆਦਮੀ ਪਾਰਟੀ ਦੇ ਫਾਊਂਡਰ ਵਲੰਟੀਅਰਾਂ ਦਾ ਗੁਸਾ ਭੜਕਿਆ
ਮਾਲੇਰਕੋਟਲਾ, 10 ਜੂਨ (ਅਬੂ ਜ਼ੈਦ): ਵਿਧਾਨ ਸਭਾ ਹਲਕਾ ਮਲੇਰਕੋਟਲਾ ਅੰਦਰ ਸਰਕਾਰੀ ਦਫਤਰਾਂ ਅੰਦਰ ਆਪਣੀ ਹੋ ਰਹੀ ਨਜ਼ਰ ਅੰਦਾਜ਼ੀ ਅਤੇ ਕਥਿਤ ਬੇਇੱਜਤੀ ਤੋਂ ਖਫਾ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਲੰਘੀ ਰਾਤ ਪਾਰਟੀ ਦੇ ਬਲਾਕ ਇੰਚਾਰਜ ਸ. ਚੰਦ ਸਿੰਘ ਦੀ ਅਗਵਾਈ ਹੇਠ ਕਿਲਾ ਰਹਿਮਤਗੜ ਵਿਖੇ ਮੀਟਿੰਗ ਕਰਕੇ ਜਿਥੇ ਆਪਣੀ ਸਰਕਾਰ ‘ਚ ਸਰਕਾਰੀ ਦਫਤਰਾਂ ਵਿਚ ਹੋ ਰਹੀ ਬੇਇਜਤੀ ਅਤੇ ਸਰਕਾਰੀ ਸਮਾਗਮਾਂ ਵਿਚ ਵਲੰਟੀਅਰਾਂ ਦੀ ਪੂਰੀ ਤਰਾਂ ਨਜ਼ਰ ਅੰਦਾਜ਼ੀ ਵਰਗੇ ਮੁੱਦੇ ਉਠਾਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ਼ ਕੀਤੀ ਕਿ ਚੋਣਾਂ ਵੇਲੇ ਅੱਗੇ ਹੋ ਕੇ ਲੜਨ ਮਰਨ ਵਾਲੇ ਆਪਣੇ ‘ਭਮੱਕੜਾਂ’ ਨੂੰ ਸਾਂਭ ਲੈਣ ਤਾਂ ਜੋ ਆ ਰਹੀ 2024 ਦੀ ਲੋਕ ਸਭਾ ਚੋਣ ਵਿਚ ਇਨਾਂ ਵਲੰਟੀਅਰਾਂ ਨੂੰ ਮੁੜ ਸਰਗਰਮ ਕੀਤਾ ਜਾ ਸਕੇ। ਇਕੱਠੇ ਹੋਏ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਬਲਾਕ ਇੰਚਾਰਜ ਚੰਦ ਸਿੰਘ ਅਤੇ ਪਿਆਰਾ ਸਿੰਘ ਨੇ ਕਿਹਾ ਕਿ ਮਲੇਰਕੋਟਲਾ ‘ਚ ਭਗਵੰਤ ਮਾਨ ਦੇ ‘ਭਮੱਕੜਾਂ’ ਦਾ ਦੁੱਖ ਉਨਾਂ ਦੀ ਬਰਦਾਸ਼ਤ ਤੋਂ ਬਾਹਰ ਹੈ ਅਤੇ ਉਹ ਦਿਨੋਂ ਦਿਨ ਦਮ ਤੋੜ ਰਹੇ ਹਨ। ਫਾਊਂਡਰ ਮੈਂਬਰਾਂ ‘ਤੇ ਝੂਠੇ ਪਰਚੇ ਪਾਏ ਜਾ ਰਹੇ ਹਨ ਅਤੇ ਕਿਸੇ ਦੇ ਰਾਸ਼ਨ ਕਾਰਡ ਕੱਟੇ ਜਾ ਰਹੇ ਹਨ, ਕਿਸੇ ਟਕਸਾਲੀ ਵਰਕਰ ਦਾ ਮੁਹੱਲਾਂ ਮਹੀਨਿਆਂ ਤੋਂ ਪੱਟਿਆਂ ਪਿਆ ਹੈ, ਆਪਣੀ ਪਾਰਟੀ ਦੀ ਸਰਕਾਰ ਵਿਚ ਵਲੰਟੀਅਰਾਂ ਦੀ ਕਿਸੇ ਥਾਣੇ ਕਚਹਿਰੀ ਵਿਚ ਕੋਈ ਸੁਣਵਾਈ ਨਹੀਂ ਹੈ ਅਤੇ ਵਲੰਟੀਅਰਾਂ ਨੂੰ ਬੇਇੱਜਤ ਕਰਕੇ ਰੋਲ਼ਿਆ ਜਾ ਰਿਹਾ ਹੈ।ਉਨਾਂ ਨੂੰ ਕਿਸੇ ਵੀ ਸਮਾਗਮ ਵਿਚ ਨਹੀਂ ਬੁਲਾਇਆ ਜਾਂਦਾ ਸਗੋਂ ਵਲੰਟੀਅਰਾਂ ਉਪਰ ਝੂਠੇ ਪਰਚੇ ਦਰਜ ਕਰਵਾਉਣ ਵਾਲੇ ਕਾਂਗਰਸੀ ਅਤੇ ਅਕਾਲੀ ਮੋਢਿਆਂ ਉਤੇ ਚੜਾ ਰੱਖੇ ਹਨ। ਉਨਾਂ ਐਲਾਨ ਕੀਤਾ ਕਿ ਉਹ ਨਿਰਾਸ਼ ਹੋ ਕੇ ਘਰੀਂ ਬੈਠੇ ਪਾਰਟੀ ਦੇ ‘ਭਮੱਕੜ’ ਵਲੰਟੀਅਰਾਂ ਨੂੰ ਘਰਾਂ ਵਿਚੋਂ ਕੱਢ ਕੇ ਥਾਂ-ਥਾਂ ਅਜਿਹੀਆਂ ਮੀਟਿੰਗਾਂ ਕਰਨਗੇ ਤਾਂ ਜੋ ਆਪਣੇ ਦੁੱਖ ਦਰਦ ਪਾਰਟੀ ਹਾਈਕਮਾਂਡ ਤੱਕ ਪਹੁੰਚਾਏ ਜਾ ਸਕਣ । ਮਲੇਰਕੋਟਲਾ ਅੰਦਰ ਪਾਰਟੀ ਵਲੰਟੀਅਰਾਂ ਵੱਲੋਂ ਆਪਣੇ ਨਾਲ ਹੋ ਰਹੀ ਜੱਗੋਂ ਤੇਹਰਵੀਂ ਬਾਰੇ ਉਠਾਏ ਜਾ ਰਹੇ ਸਵਾਲਾਂ ਬਾਰੇ ਸੰਪਰਕ ਕਰਨ ‘ਤੇ ਆਮ ਆਦਮੀ ਪਾਰਟੀ ਦੇ ਜਿਲਾ ਇੰਚਾਰਜ ਅਤੇ ਜਿਲਾ ਯੋਜਨਾ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਨਾਬ ਸਾਕਿਬ ਅਲੀ ਰਾਜਾ ਨੇ ਦੱਸਿਆ ਕਿ ਸ. ਚੰਦ ਸਿੰਘ ਪਾਰਟੀ ਦੇ ਬਲਾਕ ਇੰਚਾਰਜ ਹੋਣ ਦੇ ਨਾਲ-ਨਾਲ ਹਲਕਾ ਮਲੇਰਕੋਟਲਾ ਅੰਦਰ ਪਾਰਟੀ ਦੇ ਸਰਪ੍ਰਸਤ ਹਨ ਅਤੇ ਉਨਾਂ ਨੂੰ ਪਾਰਟੀ ਵਲੰਟੀਅਰਾਂ ਦੀਆਂ ਦੁੱਖ ਤਕਲੀਫਾਂ ਸੁਣਨ ਦਾ ਪੂਰਾ ਅਧਿਕਾਰ ਹੈ।

Similar Posts

Leave a Reply

Your email address will not be published. Required fields are marked *