ਤਹਿਸੀਲਦਾਰ-ਪਟਵਾਰੀਆਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਣ ਜਨਤਾ ਡਾਹਢੀ ਪ੍ਰੇਸ਼ਾਨ
ਮਲੇਰਕੋਟਲਾ, 24 ਅਪ੍ਰੈਲ (ਅਬੂ ਜ਼ੈਦ): ਤਹਿਸੀਲ ਦਫਤਰ ਮਲੇਰਕੋਟਲਾ ਹਮੇਸ਼ਾ ਹੀ ਸੁਰਖੀਆਂ ਬਟੋਰਦਾ ਰਿਹਾ ਹੈ । ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਮਲੇਰਕੋਟਲਾ ਉੱਤੇ ਸਰਕਾਰ ਦੀ ਮੇਹਰਬਾਨੀ ਰਹੀ ਹੈ, ਤਹਿਸੀਲ ਦਫਤਰ ਵਿੱਚ ਰਜਿਸਟਰੀਆਂ ਦੇ ਕੰਮਕਾਜ ਠੱਪ ਰਹੇ ਹਨ, 25 ਮਹੀਨੇ ਦੇ ਸਮੇਂ ਵਿੱਚ ਤਹਿਸੀਲਦਾਰਾਂ ਦੀਆਂ ਬਦਲੀਆਂ 10-12 ਵਾਰ ਹੋ ਚੁੱਕੀਆਂ ਹਨ, ਕਈ ਮਹੀਨੇ ਤੱਕ ਤਾਂ ਮਲੇਰਕੋਟਲਾ ‘ਚ ਦੋਵਾਂ ਤਹਿਸੀਲਦਾਰਾਂ ਦੇ ਅਹੁੱਦੇ ਖਾਲੀ ਰਹੇ । ਤਹਿਸੀਲਦਾਰ ਤੈਨਾਤੀ ਤੋਂ ਬਾਦ ਡਿਜ਼ੀਟਲ ਆਈਡੀ ਤਿਆਰ ਕਰਨ ਅਤੇ ਬੁੱਕੇ ਲੈਣ ‘ਚ ਇੱਕ ਹਫਤੇ ਤੱਕ ਦਾ ਸਮਾਂ ਲੱਗ ਜਾਂਦੈ ਅਤੇ 10-15 ਦਿਨ ਕੰਮਕਾਰ ਸਮਝਣ ਨੂੰ ਲੱਗਦੇ ਨੇ ਉਦੋਂ ਤੱਕ ਫਿਰ ਬਦਲੀ ਹੋ ਜਾਂਦੀ ਹੈ । ਮਲੇਰਕੋਟਲਾ ਦੀ ਜਨਤਾ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਹਨਾਂ ਤੋਂ ਕੀ ਅਜਿਹੀ ਗਲਤੀ ਹੋ ਗਈ ‘ਆਪ’ ਉਮੀਦਵਾਰ ਨੂੰ ਵੋਟਾਂ ਪਾ ਕੇ ਜੋ ਸਾਲਾਂ ਤੋਂ ਤਹਿਸੀਲ ਦਫਤਰ ਦੇ ਰੋਜ਼ਮੱਰਾ ਦੇ ਕੰਮਾਂ ਲਈ ਖੱਜਲ ਹੋ ਰਹੇ ਨੇ । ਪਹਿਲਾਂ ਐਨਓਸੀ ਦੇ ਨਾਂਅ ‘ਤੇ ਦੋ ਸਾਲ ਤੱਕ ਜਲੀਲ ਕੀਤਾ, ਜਨਤਾ ਦਾ ਪੈਸਾ ਅਤੇ ਸਮਾਂ ਬਰਬਾਦ ਕੀਤਾ । ਚੋਣ ਜਾਬਤਾ ਲੱਗਣ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਅੰਦਰ ਰਜਿਸਟਰੀਆਂ ਲਈ ਕਿਸੇ ਐਨਓਸੀ ਦੀ ਸ਼ਰਤ ਨੂੰ ਖਤਮ ਕੀਤਾ ਜਾਂਦਾ ਹੈ ਪਰੰਤੂ ਅੱਜ 45 ਦਿਨ ਬਾਦ ਵੀ ਲੋਕ ਆਪਣੇ ਪਲਾਟ, ਦੁਕਾਨ ਆਦਿ ਜਾਇਦਾਦਾਂ ਦੀਆਂ ਰਜਿਸਟਰੀਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਜਾਂ ਮੋਟੀਆਂ ਰਿਸ਼ਵਤਾਂ ਦੇ ਕੇ ਕਰਵਾ ਰਹੇ ਨੇ । ਇਸੇ ਤਰ੍ਹਾਂ ਤਬਦੀਲ ਮਲਕੀਅਤ, ਖੇਤੀਬਾੜੀ ਸਮੇਤ ਹੋਰ ਰਜਿਸਟਰੀਆਂ ਅਤੇ ਹਿਬਾਨਾਮੇ ਦੇ ਇੰਤਕਾਲਾਂ ਲਈ ਜਨਤਾ ਤਹਿਸੀਲ ਅਤੇ ਪਟਵਾਰੀ ਦਫਤਰਾਂ ਦੇ ਚੱਕਰ ਕੱਟ ਰਹੀ ਹੈ । ਤਹਿਸੀਲ ਦਫਤਰ ‘ਚ ਆਪਣੇ ਨਿੱਜੀ ਕੰਮਾਂ ਲਈ ਕਲਪ ਰਹੇ ਸ਼ਮਸ਼ਾਦ ਅਲੀ, ਕੁਲਦੀਪ ਸਿੰਘ, ਅਬਦੁਲ ਸ਼ਕੂਰ, ਕਾਰੀ ਅਨਵਾਰ ਅਹਿਮਦ, ਹਾਫਿਜ਼ ਮੁਹੰਮਦ ਜਮੀਲ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਟਵਾਰੀਆਂ ਅਤੇ ਤਹਿਸੀਲਦਾਰਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਣ ਜਨਤਾ ਆਪਣੇ ਕੰਮਾਂ ਲਈ ਪ੍ਰੇਸ਼ਾਨ ਹੋ ਰਹੀ ਹੈ । ਪਟਵਾਰੀ ਸਾਹਿਬ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਕਿ ਵੱਡੀ ਗਿਣਤੀ ‘ਚ ਲੋਕ ਸਾਡੇ ਕੋਲ ਇੰਤਕਾਲਾਂ ‘ਚ ਦੇਰੀ ਸਬੰਧੀ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੱਸਿਆ ਕਿ ਤਹਿਸੀਲਦਾਰ ਸਾਹਿਬ ਕੋਈ ਵੀ ਪੁਰਾਣਾ ਕੰਮ ਕਰਨ ਲਈ ਤਿਆਰ ਨਹੀਂ ਹਨ । ਜੇਕਰ ਕੋਈ ਵਿਅਕਤੀ ਸ਼ਿਕਾਇਤ ਲੈ ਕੇ ਉੱਚ ਅਧਿਕਾਰੀਆਂ ਕੋਲ ਜਾਂਦਾ ਹੈ ਤਾਂ ਉਸ ਦੇ ਕੰਮ ਨੂੰ ਬਿਲਕੁਲ ਹੀ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ ਜਾਂ ਕੋਈ ਮਾਮੂਲੀ ਤਰੁੱਟੀ ਦੱਸਕੇ ਲੰਬੇ ਸਮੇਂ ਤੱਕ ਰਗੜਿਆਂ ਜਾਂਦਾ ਹੈ । ਉਹਨਾਂ ਦੱਸਿਆ ਕਿ ਰਸਿਜਟਰੀਆਂ ਅਤੇ ਤਬਦੀਲ ਮਲਕੀਅਤ ਦੇ ਇੰਤਕਾਲ ਕਈ ਮਹੀਨਿਆਂ ਤੋਂ ਲਟਕ ਰਹੇ ਹਨ ਜਦੋਂ ਕਿ ਉਸ ਦਾ ਸਮਾਂ 30-40 ਦਿਨਾਂ ਤੱਕ ਦਾ ਹੁੰਦਾ ਹੈ ਅਤੇ ਫੀਸ ਪਹਿਲਾਂ ਲਈ ਜਾਂਦੀ ਹੈ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ, ਸਾਂਸਦ ਸੰਗਰੂਰ, ਵਿਧਾਇਕ ਮਲੇਰਕੋਟਲਾ, ਵਿਧਾਇਕ ਅਮਰਗੜ੍ਹ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਤਹਿਸੀਲ ਦਫਤਰ ਮਲੇਰਕੋਟਲਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਜਨਤਾ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ।