ਆਮ ਆਦਮੀ ਪਾਰਟੀ ਦਾ ਜਨਮ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲੇ ਅੰਨ੍ਹਾ ਅੰਦੋਲਨ ਵਿੱਚੋਂ 2012 ਵਿੱਚ ਹੋਇਆ । ਅੰਨਾ ਅੰਦੋਲਨ ਨੂੰ ਮੀਡੀਆ ਨੇ ਐਨੀ ਕਵਰੇਜ਼ ਦਿੱਤੀ ਕਿ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਦੀਆਂ ਜੜ੍ਹਾ ਉਖਾੜ ਦਿੱਤੀਆਂ । ਤਤਕਾਲੀ ਸਰਕਾਰ ਦਾ ਹਰ ਕੰਮ, ਨੀਤੀ ਜਨਤਾ ਨੂੰ ਬੁਰੀ ਲੱਗਣ ਲੱਗੀ ਅਤੇ ਲੰਬੇ ਸਮੇਂ ਤੋਂ ਦੇਸ਼ ਅੰਦਰ ਸੱਤਾ ‘ਚ ਰਹੀ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਪਲਟ ਸੁੱਟੀ । ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਕੁਝ ਸੀਟਾਂ ਮਿਲੀਆਂ ਅਤੇ ਉਸੇ ਕਾਂਗਰਸ ਨਾਲ ਮਿਲਕੇ ਸਰਕਾਰ ਬਣਾ ਲਈ ਜਿਸ ਦੀਆਂ ਨੀਤੀਆਂ ਦਾ ਵਿਰੋਧ ਕਰਕੇ ਪਾਰਟੀ ਵਜੂਦ ਵਿੱਚ ਆਈ ਸੀ । ਕੁਝ ਦਿਨਾਂ ਬਾਅਦ ਸਰਕਾਰ ਟੁੱਟ ਗਈ ਫਿਰ ਦੋਬਾਰਾ ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਸਪਸ਼ਟ ਬਹੁਮਤ ਮਿਲੀ ਅਤੇ ਮਜ਼ਬੂਤ ਸਰਕਾਰ ਬਣ ਗਈ । ਦਿੱਲੀ ਦੀ ‘ਆਪ’ ਸਰਕਾਰ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕੁਝ ਅਜਿਹੇ ਕੰਮ ਕੀਤੇ ਜਿਸ ਨੂੰ ਦੇਖਕੇ ਭਾਰਤ ਦੇ ਹਰ ਸੂਬੇ ਦੇ ਲੋਕਾਂ ਦੇ ਮੂੰਹ ਵਿੱਚ ਪਾਣੀ ਆਉਣ ਲੱਗਾ ਕਿ ਕਦੋਂ ਸਾਡੇ ਸੂਬੇ ਵਿੱਚ ਅਜਿਹੀ ਸਰਕਾਰ ਆਵੇ ਅਤੇ ਅਸੀਂ ਵੀ ਸਿੱਖਿਆ ਅਤੇ ਸਿਹਤ ਦਾ ਦਿੱਲੀ ਮਾਡਲ ਹਾਸਲ ਕਰ ਲਈਏ । ਪੁਰਾਣੀ ਕਹਾਵਤ ਹੈ ਕਿ ਸਭ ਤੋਂ ਪਹਿਲਾਂ ਜਾਂ ਤਾਂ ਬਹੁਤਾ ਸਿਆਣਾ ਬੰਦਾ ਖੂਹ ਵਿੱਚ ਡਿੱਗਦਾ ਹੈ ਜਾਂ ਫਿਰ ਕਮਲਾ । ਪੰਜਾਬ ਦੇ ਲੋਕ ਬਹੁਤੇ ਸਿਆਣੇ ਸੀ ਜਦੋਂ 2014 ‘ਚ ਪੂਰੇ ਦੇਸ਼ ਵਿੱਚੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਹਾਰ ਗਏ ਸਨ ਤਾਂ ਸੰਗਰੂਰ ਨੇ ਭਗਵੰਤ ਮਾਨ ਨੂੰ ਚੁਣਕੇ ਸੰਸਦ ਭੇਜਿਆ । ਉਸ ਤੋਂ ਬਾਦ ਜਨਤਾ ਨੇ ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ‘ਆਪ’ ਨੂੰ ਵਿਰੋਧੀ ਧਿਰ ਵਿੱਚ ਬਿਠਾ ਦਿੱਤਾ । 2019 ਵਿੱਚ ਫਿਰ ਤੋਂ ਭਗਵੰਤ ਮਾਨ ਨੂੰ ਇਕਲੌਤਾ ਲੋਕ ਸਭਾ ਸਾਂਸਦ ਚੁਣ ਲਿਆ । ਫਿਰ 2022 ‘ਚ ਫਟਾਫਟ ਸੂਬੇ ਅੰਦਰ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਜਿਤਾਕੇ ਸਰਕਾਰ ਬਣਾ ਦਿੱਤੀ । ਸਰਕਾਰ ਬਨਣ ਤੋਂ ਬਾਅਦ ਸੂਬੇ ਦੀ ਜਨਤਾ ਇੰਤਜਾਰ ਕਰਨ ਲੱਗੀ ਕਿ ਕਦੋਂ ਪੰਜਾਬ ਅੰਦਰ ਦਿੱਲੀ ਵਾਲਾ ਅਖੌਤੀ ਸਿੱਖਿਆ ਅਤੇ ਸਿਹਤ ਮਾਡਲ ਆਵੇਗਾ ਜੋ ਅੱਜ ਤੱਕ ਇੰਤਜਾਰ ‘ਚ ਹੀ ਹਨ ।
ਭਾਰਤੀ ਸੰਵਿਧਾਨ ਦੀ ਪ੍ਰਸਤਾਵਾਨਾ ਦੀ ਪਹਿਲੀ ਲਾਈਨ ਹੈ ਕਿ “ਅਸੀਂ ਭਾਰਤ ਦੇ ਲੋਕ” ਯਾਨੀ ਸਾਰੇ ਭਾਰਤੀ ਸੰਵਿਧਾਨ ਅਨੁਸਾਰ ਬਰਾਬਰ ਹਨ ਕਿਸੇ ਨਾਲ ਵੀ ਧਰਮ, ਜਾਤ, ਲਿੰਗ, ਨਸਲ, ਰੰਗ ਦੇ ਅਧਾਰ ‘ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ । ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਇੰਝ ਮਹਿਸੂਸ ਹੋਇਆ ਜਿਵੇਂ ਪਾਰਟੀ ਬਿਨਾਂ ਕਿਸੇ ਭੇਦਭਾਵ ਦੇ ਸੂਬੇ ਅਤੇ ਦੇਸ਼ ਦੇ ਵਿਕਾਸ ਲਈ ਕੰਮ ਕਰਨ ਲਈ ਵਜੂਦ ਵਿੱਚ ਆਈ ਹੈ ਪਰੰਤੂ ਜਲਦੀ ਹੀ ਇਸ ਦੇ ਖੁਫੀਆ ਮਨਸੂਬੇ ਸਾਹਮਣੇ ਆਉਣ ਲੱਗੇ । ਸਿੱਖ ਕੌਮ ਦੇਸ਼ ਅੰਦਰ ਭਾਵੇਂ ਘੱਟਗਿਣਤੀ ਆਉਂਦੀ ਹੈ ਪਰੰਤੂ ਪੰਜਾਬ ਅੰਦਰ ਸਿੱਖ ਅਬਾਦੀ ਲਗਭਗ 60 ਪ੍ਰਤੀਸ਼ਤ ਬਹੁਗਿਣਤੀ ‘ਚ ਹੈ । ਬੁੱਧੀਜੀਵੀਆਂ, ਸਿੱਖ ਧਰਮ ਦੇ ਪ੍ਰਚਾਰਕਾਂ ਨੇ ਕੁਝ ਮਹੀਨੇ ਬਾਅਦ ਚਿੰਤਨ ਕਰਨਾ ਸ਼ੁਰੂ ਕੀਤਾ ਕਿ ‘ਆਪ’ ਸਰਕਾਰ ਤਾਂ ਇੱਕ ਖੁਫੀਆ ਮਨਸੂਬੇ ਤਹਿਤ ਸਿੱਖ ਵਿਰੋਧੀ ਗਤੀਵਿਧੀਆਂ ਤਾਂ ਨਹੀਂ ਚਲਾ ਰਹੀ । ਜਿਸ ਨੂੰ ਤਰਤੀਬਵਾਰ ਬਿਆਨਿਆ ਜਾ ਰਿਹਾ ਹੈ । ਇਹ ਲੇਖਕ ਦੇ ਨਿੱਜੀ ਵਿਚਾਰ ਹਨ ਕੋਈ ਪਾਠਕ ਦੀ ਰਾਇ ਇਸ ਤੋਂ ਵੱਖ ਵੀ ਹੋ ਸਕਦੀ ਹੈ ।
ਦੀਪ ਸਿੱਧੂ ਹਾਦਸੇ ਦੀ ਜਾਂਚ
ਪ੍ਰਸਿੱਧ ਫਿਲਮੀ ਅਦਾਕਾਰ ਦੀਪ ਸਿੱਧੂ ਨੇ ਆਪਣੀ ਇੱਕ ਜੱਥੇਬੰਦੀ ‘ਵਾਰਿਸ ਪੰਜਾਬ ਦੇ’ ਬਣਾਈ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਨੂੰ ਬਚਾਉਣ ਲਈ ਆਪਣਾ ਸਭ ਕੁਝ ਛੱਡਕੇ ਪੰਜਾਬ ਆ ਗਿਆ । ਸ਼ੋਸਲ ਮੀਡੀਆ ਰਾਹੀਂ ਕੇਂਦਰ ਸਰਕਾਰ ਅਤੇ ਆਰਐਸਐਸ ਵਰਗੀਆਂ ਖੁਫੀਆਂ ਏਜੰਸੀਆਂ ਦੀਆਂ ਸਿੱਖਾਂ ਅਤੇ ਸੂਬੇ ਖਿਲਾਫ ਸਾਜ਼ਿਸ਼ਾਂ ਤੋਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲੱਗਾ । ਦਿੱਲੀ ‘ਚ 13 ਮਹੀਨੇ ਚੱਲੇ ਕਿਸਾਨ ਅੰਦੋਲਨ ‘ਚ ਮੋਹਰੀ ਭੂਮਿਕਾ ਨਿਭਾਈ ਜਿਸ ਕਾਰਣ ਸਟੇਟ ਦੇ ਅੱਖਾਂ ਵਿੱਚ ਰੜਕਣ ਲੱਗਾ । 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੀ ਜਨਤਾ ਨੂੰ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ । ਫਿਰ ਅਚਾਨਕ 15 ਫਰਵਰੀ 2022 ਦਿੱਲੀ ਹਾਈਵੇਅ ਉੱਤੇ ਇੱਕ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ । ਉਸਦੇ ਸਮਰਥਕਾਂ ਨੇ ਅਨੇਕਾਂ ਸ਼ੰਕੇ ਜ਼ਾਹਿਰ ਕੀਤੇ ਕਿ ਇਹ ਹਾਦਸਾ ਨਹੀਂ ਬਲਿਕ ਦੀਪ ਸਿੰਧੂ ਦਾ ਸਟੇਟ ਏਜੰਸੀਆਂ ਨੇ ਕਤਲ ਕਰਵਾਇਆ ਗਿਆ ਹੈ । ਉਸ ਦੀ ਜਾਂਚ ਅੱਜ ਤੱਕ ਨਹੀਂ ਹੋਈ ।
ਕੌਮੀ ਇਨਸਾਫ ਮੋਰਚਾ ਮੋਹਾਲੀ 485 ਦਿਨਾਂ ਤੋਂ ਬਰਕਰਾਰ
ਮੋਹਾਲੀ-ਚੰਡੀਗੜ੍ਹ ਦੀਆਂ ਬਰੂਹਾਂ ਉੱਤੇ 13 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚੇ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਮੋਰਚੇ ਦੀਆਂ ਮੰਗਾਂ ਹਨ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਬਹਿਬਲ ਕਲਾਂ ਅਤੇ ਬਰਗਾੜੀ ਗੋਲੀਕਾਂਡ ਦਾ ਇਨਸਾਫ, 328 ਲਾਪਤਾ ਸਰੂਪਾਂ ਦੀ ਜਾਂਚ, ਸ੍ਰੀ ਗੁਰੁ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਗ੍ਰੰਥਾਂ ਦੀਆਂ ਬੇਅਬਦੀਆਂ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਲਈ ਸਖਤ ਕਾਨੂੰਨ ਬਣਾਉਣਾ ਆਦਿ ਸ਼ਾਮਲ ਹਨ । ਜ਼ਿਰਕਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਦਰਜਨਾਂ ਆਗੂ ਪੰਜਾਬ ਅੰਦਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹਨਾਂ ਮੰਗਾਂ ਦੇ ਸਮਰਥਨ ਵਿੱਚ ਖੁਦ ਧਰਨਿਆਂ ਉੱਤੇ ਬੈਠਦੇ ਰਹੇ ਹਨ । ਪਰੰਤੂ ਸੱਤਾ ਵਿੱਚ ਆਉਦੇ ਹੀ ਸਾਰੇ ਵਾਅਦੇ ਮੰਗਾਂ ਉਹਨਾਂ ਨੂੰ ਦਿਸਣੋਂ ਬੰਦ ਹੋ ਗਈਆਂ । ਕੌਮੀ ਇਨਸਾਫ ਮੋਰਚਾ ਗਰਮੀ, ਸਰਦੀ, ਮੀਂਹ ਹਨੇਰੀ, ਝੱਖੜ ਦੇ ਚਲਦਿਆਂ 485 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ । ਹੈਰਾਨੀ ਦੀ ਗੱਲ ਹੈ ਕਿ ਮੋਰਚੇ ਵਿੱਚੋਂ ਹਰ ਰੋਜ਼ 31 ਮੈਂਬਰਾਂ ਦਾ ਜੱਥਾ ਮੁੱਖ ਮੰਤਰੀ ਦੀ ਰਿਹਾਇਸ ਵੱਲ ਰਵਾਨਾ ਹੁੰਦਾ ਹੈ ਕਿ ਅੰਨ੍ਹੀ, ਬੋਲੀ ਅਤੇ ਗੂੰਗੀ ਸਰਕਾਰ ਨੂੰ ਮੋਰਚੇ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਜਾ ਸਕੇ, ਡੇਢ ਸਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਵੀ ਮੋਰਚਾ ਪ੍ਰਬੰਧਕਾਂ ਨੂੰ ਨਹੀਂ ਮਿਲੇ । ਪੰਜਾਬ ਸਰਕਾਰ ਅਤੇ ਦਿੱਲੀ ਦੀ ‘ਆਪ’ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਸਮੇਤ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਉਪਰਾਲਾ ਨਹੀਂ ਕੀਤਾ ਬਲਿਕ ਅੜਿੱਕੇ ਹੀ ਲਗਾਏ ਹਨ ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ
ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਸ ਨੇ ਪੰਜਾਬ ਅਤੇ ਭਾਰਤ ਨੂੰ ਦੁਨੀਆ ਵਿੱਚ ਵਿਸ਼ੇਸ ਸਨਮਾਨ ਦਿਲਵਾਇਆ । ਆਪਣੇ ਆਖਰੀ ਸਮੇਂ ਵਿੱਚ ਸਿੱਧੂਮੂਸੇ ਵਾਲਾ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਪੰਥ ਦੀ ਗੱਲ ਆਪਣੇ ਗਾਣਿਆਂ ਵਿੱਚ ਕਰਨ ਲੱਗਾ ਸੀ ਜੋ ਕਰੋੜਾਂ ਲੋਕਾਂ ਤੱਕ ਬਹੁਤ ਅਸਾਨੀ ਨਾਲ ਪਹੁੰਚ ਜਾਂਦੀ ਸੀ । ਐਸਵਾਈਐਲ (SYL) ਗੀਤ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ । ਭਾਈ ਬਲਵਿੰਦਰ ਸਿੰਘ ਜਟਾਣਾ ਜਿਹੇ ਯੋਧਿਆਂ ਨੂੰ ਮੂਸੇਵਾਲੇ ਦੇ ਗੀਤ ਰਾਹੀਂ ਹੀ ਪਹਿਚਾਣ ਮਿਲ ਸਕੀ ਇਸੇ ਲਈ ਸਰਕਾਰਾਂ ਨੂੰ ਮੂਸੇਵਾਲਾ ਦੀ ਕਲਮ ਤੋਂ ਖਤਰਾ ਦਿਖਾਈ ਦੇਣ ਲੱਗਾ ਕਿ ਕਿਤੇ ਪੰਜਾਬ ਦੀ ਅਣਖ ਨੂੰ ਫਿਰ ਤੋਂ ਜਗਾ ਨਾ ਦੇਵੇ । ਜਵਾਰਕੇ ਵਿਖੇ 29 ਮਈ 2023 ਨੂੰ ਦਿਨ-ਦਿਹਾੜੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਅਤੇ ਕਾਤਲ ਬੜੀ ਅਸਾਨੀ ਨਾਲ ਫਰਾਰ ਹੋ ਗਏ । ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਸਮਰਥਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਉਸਦੀ ਸਕਿਊਰਿਟੀ ਵਾਪਸ ਲੈ ਕੇ ਲਿਸਟ ਜਨਤਕ ਕਰ ਦਿੱਤੀ ਸੀ ਜੋ ਕਿ ਉਸ ਦੇ ਕਤਲ ਦਾ ਕਾਰਣ ਬਣੀ, ਇੱਕ ਸਾਲ ਬੀਤ ਜਾਣ ‘ਤੇ ਵੀ ਸਰਕਾਰ ਸਿਰਫ ਬਿਆਨ ਹੀ ਜਾਰੀ ਕਰ ਰਹੀ ਹੈ, ਪਰੀਵਾਰ ਦੇ ਆਰੋਪ ਹਨ ਕਿ ਸਿੱਧੇ ਤੌਰ ‘ਤੇ ਪੰਜਾਬ ਸਰਕਾਰ ਮੂਸੇਵਾਲੇ ਦੇ ਕਤਲ ਲਈ ਜ਼ਿੰਮੇਵਾਰ ਹੈ ।
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ‘ਚ ਭੇਜਣ ਦਾ ਮਾਮਲਾ
ਦੀਪ ਸਿੱਧੂ ਦੀ ਮੌਤ ਤੋਂ ਬਾਅਦ ਦੁਬਈ ਤੋਂ ਇੱਕ ਅੰਮ੍ਰਿਤਪਾਲ ਸਿੰਘ ਨਾਂਅ ਦਾ ਨੌਜਵਾਨ ਆ ਕੇ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੀ ਵਾਂਗਡੋਰ ਸੰਭਲਦਾ ਹੈ ਅਤੇ ਦਿਨਾਂ ਵਿੱਚ ਹੀ ਸਿੱਖ ਕੌਮ ਦੀ ਚੜਦੀ ਕਲਾ ਵਾਲੇ ਬਿਆਨਾਂ ਕਾਰਣ “ਯੂਥ ਆਈਕਨ” ਵਜੋਂ ਪਾਪੂਲਰ ਹੋ ਗਏ ਅਤੇ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਨਣ, ਨਸ਼ੇ ਛੱਡਕੇ ਗੁਰੂ ਦੇ ਲੜ ਲੱਗ ਆਪਣਾ ਜੀਵਨ ਬਿਤਾਉਣ ਦੀ ਪ੍ਰੇਰਣਾ ਦੇਣ ਲੱਗੇ । ਕੁਝ ਮਹੀਨਿਆਂ ਵਿੱਚ ਹੀ ਹਜ਼ਾਰਾਂ ਨੌਜਵਾਨ ਨਸ਼ੇ ਛੱਡਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਵਿੱਚ ਸ਼ਾਮਲ ਹੋਣ ਲੱਗੇ । ਪੰਜਾਬ ਸਰਕਾਰ ਅਤੇ ਕੇਂਦਰ ਦੀਆਂ ਏਜੰਸੀਆਂ ਨੇ ਅਲਰਟ ਜਾਰੀ ਕਰ ਦਿੱਤੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਚਾਰ ਆਪਣੇ ਹੱਕਾਂ ਲਈ ਅਵੇਸਲੀ ਹੋਈ ਪੰਜਾਬ ਦੀ ਨੌਜਵਾਨੀ ਨੂੰ ਜਾਗਰੂਕ ਕਰ ਸਕਦੇ ਹਨ । ਆਨੇ ਬਹਾਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਲਜੀਤ ਕਲਸੀ ਹੋਰਾਂ ਨੂੰ ਇੱਕ-ਇੱਕ ਕਰਕੇ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ । ਅਜਨਾਲੇ ਦੀ ਘਟਨਾ ਨੂੰ ਬਹਾਨਾ ਬਣਾਕੇ ਪੰਜਾਬ ਪੁਲਸ ਅਤੇ ਕੇਂਦਰੀ ਸੁਰੱਖਿਆ ਬਲਾਂ ਨੇ ਸਾਂਝਾ ਅਪ੍ਰੇਸ਼ਨ ਕਰਕੇ ਨਾਟਕੀ ਢੰਗ ਨਾਲ 23 ਅਪ੍ਰੈਲ 2023 ਨੂੰ ਰੋਡੇ ਪਿੰਡ ਗੁਰਦੁਆਰਾ ਜਨਮ ਅਸਥਾਨ ਖਾਲਸਾ ਜੀ ਮੋਗਾ ਤੋਂ ਭਾਈ ਅੰਮ੍ਰਿਤਪਾਲ ਸਿੰਘ, ਪੱਪਲਪ੍ਰੀਤ ਸਿੰਘ ਅਤੇ ਉਸਦੇ 8 ਸਾਥੀਆਂ ਨੂੰ ਗ੍ਰਿਫਤਾਰ ਕਰ ਐਨਐਸਏ ਲਗਾਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਅਤੇ ਬਾਕੀ ਦਰਜਨਾਂ ਸਾਥੀ ਸਿੱਖ ਨੌਜਵਾਨਾਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਡੱਕ ਦਿੱਤਾ । ਪਿਛਲੇ ਦਿਨੀਂ ਐਨਐਸਏ ਦੀ ਇੱਕ ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਾਲ ਲਈ ਵਧਾ ਦਿੱਤੀ ਹੈ । ਡਿਬਰੂਗੜ੍ਹ ਜੇਲ ‘ਚ ਐਨਐਸਏ ਤਹਿਤ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਖਾਸਲਾ, ਸਾਥੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਭੁੱਖ ਹੜਤਾਲ ਉੱਤੇ ਬੈਠੇ ਉਹਨਾਂ ਦੇ ਮਾਪਿਆਂ ਅਤੇ ਸਿੱਖ ਸੰਗਤ ਨੂੰ ਪੰਜਾਬ ਦੀ ‘ਆਪ’ ਸਰਕਾਰ ਨੇ ਮਹੀਨਿਆਂ ਤੱਕ ਬਿਲਕੁਲ ਅਣਗੌਲਿਆਂ ਕੀਤਾ । ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਕੋਈ ਦਖਲ ਦੇਣ ਦੀ ਬਜਾਏ ਕਈ ਹਫਤਿਆਂ ਤੱਕ ਉਹਨਾਂ ਨੂੰ ਮਰਨ ਲਈ ਛੱਡ ਦਿੱਤਾ ਗਿਆ । ਕਈ ਹਫਤੇ ਬਾਦ ਸੰਗਤ ਨੇ ਵੱਡੀ ਗਿਣਤੀ ‘ਚ ਗੁਰਮਤਾ ਕਰਕੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾਈ ।
ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦਾ ਮਾਮਲਾ
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ 1993 ਵਿੱਚ ਹੋਈ ਸ਼ਹਾਦਤ ਨੇ ਸਿੱਖ ਕੌਮ ਦੇ ਹਿਰਦੇ ਬਲੂੰਧਰ ਦਿੱਤੇ, ਪੁਲਸ ਨੇ ਇਹ ਕਹਿਕੇ ਕੇਸ ਬੰਦ ਕਰ ਦਿੱਤਾ ਕਿ ਜੱਥੇਦਾਰ ਕਾਉਂਕੇ ਪੁਲਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਹਨ ਪਰੰਤੂ ਸੱਚਾਈ ਇਹ ਸੀ ਕਿ ਪੁਲਸ ਨੇ ਕੌਮ ਦੇ ਜੱਥੇਦਾਰ ਨੂੰ ਥਾਣੇ ਅੰਦਰ ਅਲਫ ਨੰਗਾ ਕਰਕੇ ਉਲਟਾ ਲਟਕਾਇਆ ਅਤੇ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਦੇ ਟੁੱਕੜੇ ਕਰਕੇ ਨਹਿਰ ਵਿੱਚ ਸੁੱਟ ਦਿੱਤੇ ਸੀ । ਪਿਛਲੇ ਤੀਹ ਸਾਲ ਤੋਂ ਕਾਂਗਰਸ, ਅਕਾਲੀ ਦਲ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਪਰੰਤੂ ਕੌਮ ਦੇ ਜੱਥੇਦਾਰ ਦੇ ਕਤਲ ਬਾਰੇ ਕੋਈ ਜਾਂਚ ਨਹੀਂ ਹੋਈ । ਰਿਵਾਇਤੀ ਪਾਰਟੀਆਂ ਨੂੰ ਨਕਾਰਕੇ ਪੰਜਾਬ ਦੇ ਲੋਕਾਂ ਨੇ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ, ਉਸਨੇ ਵੀ 25 ਮਹੀਨੇ ਅੰਦਰ ਕੋਈ ਕਾਰਵਾਈ ਨਹੀਂ ਕੀਤੀ । ਮਨੁੱਖੀ ਅਧਿਕਾਰ ਸੰਗਠਨ ਦੇ ਯਤਨਾਂ ਸਦਕਾ 30 ਸਾਲ ਬਾਅਦ ਤਤਕਾਲੀ ਪੁਲਸ ਵਧੀਕ ਡਾਇਰੈਕਟਰ (ਸੁਰੱਖਿਆ) ਬੀ.ਪੀ. ਤਿਵਾੜੀ ਦੀ ਰਿਪੋਰਟ ਮੌਜੂਦਾ ਜੱਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਸਾਂਝੀ ਕੀਤੀ । ਪਰਿਵਾਰ ਅਤੇ ਸਿੱਖ ਕੌਮ ਨੂੰ ਉਮੀਦ ਬੱਝੀ ਕਿ ਹੁਣ ਇਨਸਾਫ ਮਿਲੇਗਾ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕੇਸ ਨੂੰ ਫਿਰ ਤੋਂ ਠੰਡੇ ਬਸਤੇ ਵਿੱਚ ਪਾ ਦਿੱਤਾ ।
ਗੁਰਦੁਆਰਾ ਪ੍ਰਬੰਧਕ ਐਕਟ ਵਿੱਚ ਸੋਧ ਸਰਕਾਰ ਦਾ ਧਾਰਮਿਕ ਮਾਮਲੇ ‘ਚ ਸਿੱਧਾ ਦਖਲ
ਗੁਰਦੁਆਰਾ ਐਕਟ 1925 ਅਧੀਨ ਅਧਿਸੂਚਿਤ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਚਲਾਏ ਜਾਂਦੇ ਹਨ ਜੋ ਕਿ ਸਿੱਖਾਂ ਦਾ ਨਿਰੋਲ ਧਾਰਮਿਕ ਮਾਮਲਾ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਨੇ 20 ਜੂਨ 2023 ਨੂੰ ਪੰਜਾਬ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾਜ਼ (ਸੋਧ) ਬਿਲ ਪੇਸ਼ ਕੀਤਾ ਗਿਆ ਜਿਸ ਰਾਹੀਂ ਸਿੱਖ ਗੁਰਦੁਆਰਾਜ਼ ਐਕਟ 1925 ਵਿੱਚ ਸੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਰਕਾਰ ਦੀ ਸਿੱਧੀ ਦਖਲ ਅੰਦਾਜ਼ੀ ਹੈ । ਸਰਕਾਰ ਦੇ ਇਸ ਬਿਲ ਦਾ ਦੇਸ਼ ਵਿਦੇਸ ਦੀ ਸਿੱਖ ਸੰਗਤ ਨੇ ਤਿੱਖਾ ਵਿਰੋਧ ਕੀਤਾ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਸਕਰੀਨਾਂ ਉੱਤੇ ਜਬਰਦਸਤੀ ਸੰਗਤ ਨੂੰ ਆਮ ਆਦਮੀ ਪਾਰਟੀ ਦੇ ਅਖੌਤੀ ਵਿਕਾਸ ਕਾਰਜਾਂ ਦਾ ਪ੍ਰਚਾਰ ਦਿਖਾਇਆ ਜਾ ਰਿਹਾ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਖੇ ਪੁਲਸ ਨੇ ਗੋਲੀਬਾਰੀ ਕੀਤੀ ।
ਸਿੱਖ ਪੰਥ ਦੇ ਸਤਿਕਾਰਤ ਜੱਥੇਦਾਰ ਸਾਹਿਬ ਉੱਤੇ ਟਿੱਪਣੀਆਂ ਸ਼ਰਮਨਾਕ
ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੀ ਪਦਵੀ ਦਾ ਸਨਮਾਨ ਹਮੇਸ਼ਾ ਰਿਹਾ ਹੈ ਭਾਵੇਂ ਉਹ ਮੁਗਲਾਂ ਦਾ ਦੌਰ ਹੋਵੇ, ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਹੋਵੇ, ਅੰਗਰੇਜਾਂ ਦਾ ਦੌਰ ਹੋਵੇ ਜਾਂ ਫਿਰ ਅਜ਼ਾਦ ਭਾਰਤ ਦੀਆਂ ਸਰਕਾਰਾਂ ਹੋਣ ਜੱਥੇਦਾਰ ਸਾਹਿਬ ਦਾ ਰੁਤਬਾ ਹਮੇਸ਼ਾ ਬੁਲੰਦ ਰਿਹਾ ਹੈ । ਜੱਥੇਦਾਰਾਂ ਦੇ ਹੁਕਮਨਾਮੇ ਸਰਕਾਰਾਂ ਬਹੁਤ ਹੀ ਸੰਜੀਦਗੀ ਨਾਲ ਵਿਚਾਰਦੀ ਰਹੀ ਹੈ । ਪਰੰਤੂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਾਰੇ ਵੀ ਟਿਪਣੀਆਂ ਕਰਨ ਤੋਂ ਗੁਰੇਜ ਨਹੀਂ ਕਰਦੇ ਜੋ ਕਿ ਸਿੱਖ ਸੰਗਤ ਲਈ ਬਹੁਤ ਹੀ ਦੁਖਦਾਈ ਵਰਤਾਰਾ ਰਿਹਾ ਹੈ ।
ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਕਿਸਾਨ ਮੋਰਚੇ ਲਈ ਸਰਕਾਰਾਂ ਦਾ ਨਜ਼ਰੀਆ
2020-21 ਵਿੱਚ ਦੇਸ਼ ਭਰ ਦੇ ਕਿਸਾਨਾਂ ਨੇ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਉੱਤੇ 13 ਮਹੀਨੇ ਤੱਕ ਧਰਨਾ ਲਗਾਕੇ ਕੇਂਦਰ ਸਰਕਾਰ ਦੇ ਬਣਾਏ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ । ਪਰੰਤੂ ਜੋ ਮੰਗਾਂ ਕੇਂਦਰ ਸਰਕਾਰ ਨੇ ਉਸ ਸਮੇਂ ਮੰਨ ਲਈਆਂ ਸਨ ਹੁਣ ਦੋ ਸਾਲ ਬੀਤ ਜਾਣ ‘ਤੇ ਵੀ ਪੂਰੀਆਂ ਨਹੀਂ ਕੀਤੀਆਂ ਬਲਿਕ ਕੇਂਦਰ ਸਰਕਾਰ ਮੰਗਾਂ ਮੰਨਣ ਤੋਂ ਮੁਕਰ ਚੁੱਕੀ ਹੈ । ਉਸ ਦੇ ਵਿਰੋਧ ਵਿੱਚ ਮਜ਼ਬੂਰ ਹੋ ਕੇ ਕਿਸਾਨਾਂ ਨੇ 13 ਫਰਵਰੀ 2024 ਨੂੰ ‘ਦਿੱਲੀ ਕੂਚ’ ਦੀ ਕਾਲ ਦਿੱਤੀ, ਜਦੋਂ ਕਿਸਾਨਾਂ ਨੇ ਦਿੱਲੀ ਵੱਲ ਚਾਲੇ ਪਾਏ ਤਾਂ ਪੰਜਾਬ ਅਤੇ ਹਰਿਆਣਾ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਉੱਤੇ ਕਿਸਾਨਾਂ ਨੂੰ ਪੰਜਾਬ ਹਰਿਆਣਾ ਬਾਰਡਰ ਉੱਤੇ ਹੀ ਰੋਕ ਲਿਆ ਅਤੇ ਕਿਸਾਨ ਸ਼ੰਭੂ ਅਤੇ ਖਨੌਰੀ ਹੀ ਧਰਨਾ ਲਗਾਕੇ ਬੈਠ ਗਏ । ਕੇਂਦਰ ਅਤੇ ਸੂਬਾ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਹਮੇਸ਼ਾ ਸਿੱਖ ਅੰਦੋਲਨ ਵਜੋਂ ਪ੍ਰਚਾਰਿਆ । ਕਦੇ ਖਾਸਿਲਤਾਨੀ, ਅੱਤਵਾਦੀ, ਵੱਖਵਾਦੀ, ਪਗੜੀਧਾਰੀ, ਪੰਜਾਬੀ ਕਿਸਾਨ ਕਹਿਕੇ ਸਾਬਿਤ ਕਰਦੇ ਰਹੇ ਕਿ ਅੰਦੋਲਨ ਸਿਰਫ ਸਿੱਖਾਂ ਦਾ ਹੈ । ਇਸੇ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੇ ਮਿਲਕੇ ਸਾਂਝੇ ਅਪ੍ਰੇਸ਼ਨ ਰਾਹੀਂ ਸੈਂਕੜੇ ਕਿਸਾਨ ਪੈਲਟ ਗਨਾਂ ਨਾਲ ਜ਼ਖਮੀ ਕਰ ਦਿੱਤੇ, ਦਰਜਨ ਤੋਂ ਵੱਧ ਸ਼ਹੀਦ ਕਰ ਦਿੱਤੇ, ਕਈਆਂ ਦੀ ਤਾਂ ਅੱਖਾਂ ਦੀ ਰੌਸ਼ਨੀ ਤੱਕ ਚਲੀ ਗਈ ।
ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ, ਪੰਜਾਬ ਸਰਕਾਰ ਨੇ ਅੱਜ ਤੱਕ ਉਸ ਕਤਲ ਕੇਸ ਬਾਰੇ ਚੁੱਪੀ ਵੱਟੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸ ਪਾਰਟੀ ਦੇ ਮਾਰੂਫ ਆਗੂ ਸੁਖਪਾਲ ਸਿੰਘ ਖਹਿਰਾ ਜੋ ਕਿ ਖੁੱਲਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦਾ ਹੈ । ਬੇਅਦਬੀਆਂ ਦੇ ਇਨਸਾਫ ਦੀ ਗੱਲ ਕਰਦੈ ਉਸਨੂੰ ਕਿਸੇ ਪੁਰਾਣੇ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਕਈ ਮਹੀਨੇ ਜੇਲ੍ਹ ਵਿੱਚ ਬੰਦ ਰੱਖਿਆ । ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਦੀ ਗੱਲ ਕਰਨ ਵਾਲਾ ਲੱਖਾ ਸਿਧਾਨਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅੱਖਾਂ ਵਿੱਚ ਰੜਕਣ ਲੱਗਾ ਉਸ ਉੱਤੇ ਨਸ਼ੇ ਸਮੇਤ ਕਈ ਪਰਚੇ ਪਾ ਦਿੱਤੇ । ਜਦੋਂ ਜਨਤਾ ਦਾ ਰੋਸ ਵਧਿਆ ਕਈ ਰੱਦ ਵੀ ਕੀਤੇ । ਪੰਜਾਬ ਦੀ ਜਵਾਨੀ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਵਾਲੇ ਨੌਜਵਾਨ ਭਾਨਾ ਸਿੱਧੂ ਨੂੰ ਫਰਜ਼ੀ ਕੇਸ ਵਿੱਚ ਗ੍ਰਿਫਤਾਰ ਕਰਕੇ ਉਸ ਉੱਤੇ ਗੈਰਇਨਸਾਨੀ ਤਸ਼ੱਦਦ ਕੀਤਾ ਗਿਆ ।
ਇਸ ਤੋਂ ਇਲਾਵਾ ਕੇਨੇਡਾ ਵਿੱਚ ਗੋਲੀਆਂ ਮਾਰਕੇ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਕਤਲ, ਯੂਕੇ ਵਿੱਚ ਅਵਤਾਰ ਸਿੰਘ ਖੰਡਾ ਦਾ ਕਤਲ ਕੀਤੇ ਜਾਣ ‘ਤੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਤੋਂ ਕੋਈ ਸਵਾਲ ਨਹੀਂ ਕੀਤਾ ਕਿ ਆਖਰ ਕਿਉਂ ਸਿੱਖ ਆਗੂਆਂ ਨੂੰ ਲਗਾਤਾਰ ਕਤਲ ਕੀਤਾ ਜਾ ਰਿਹਾ ਹੈ । ਜਦੋਂ ਕਿ ਪੰਜਾਬ ਅੰਦਰ ਜ਼ਿਆਦਾਤਰ ਵਿਧਾਇਕ ਅਖੌਤੀ ਪਗੜੀਧਾਰੀ ਸਿੱਖ ਹਨ, ਮੁੱਖ ਮੰਤਰੀ, ਸਪੀਕਰ ਆਮ ਆਦਮੀ ਪਾਰਟੀ ਦੇ ਵੱਡੇ ਅਹੁਦੇਦਾਰ ਸਭ ਸਿੱਖ ਹੋਣ ਦਾ ਦਾਅਵਾ ਵੀ ਕਰਦੇ ਹਨ ਪਰੰਤੂ ਆਪਣੀ ਹੀ ਸਰਕਾਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਇਸ ਲਈ ਸਖਤ ਕਾਨੂੰਨ ਬਣਾਉਣ ਦੀ ਗੱਲ ਨਹੀਂ ਕਰਦੇ, ਸਿੱਖ ਨੌਜਵਾਨਾਂ ਨੂੰ ਮਾਮੂਲੀ ਕੇਸਾਂ ਵਿੱਚ ਗ੍ਰਿਫਤਾਰ ਕਰਕੇ ਬਾਹਰੀ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਕਿਉਂ ਭੇਜਿਆ ਗਿਆ ਇਸ ਦੀ ਗੱਲ ਨਹੀਂ ਕਰਦੇ, 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਵਿਧਾਨ ਸਭਾ ਵਿੱਚ ਉਸਦੀ ਗੱਲ ਨਹੀਂ ਕਰਦੇ, ਦੇਸ਼ ਅੰਦਰ ਪਗੜੀਧਾਰੀ ਸਿੱਖ ਅਫਸਰਾਂ ਨਾਲ ਹੋ ਰਹੇ ਦੁਰਵਿਵਹਾਰ ਦੇ ਖਿਲਾਫ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ, ਕਿਸਾਨ ਮੋਰਚੇ ਵਿੱਚ ਗੋਲੀਆਂ ਮਾਰਕੇ ਸ਼ਹੀਦ ਕੀਤੇ ਸ਼ੁਭਕਰਨ ਸਿੰਘ ਨੂੰ ਇਨਸਾਫ ਦਿਲਵਾਉਣ ਦੀ ਗੱਲ ਨਹੀਂ ਕਰਦੇ । ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਕਈ ਸਾਥਣਾਂ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਸਨ ਕਈ ਦਿਨ ਜੇਲ੍ਹ ਵਿੱਚ ਰੱਖਿਆ ਗਿਆ । ਬਾਕੀ ਪੰਜਾਬ ਦੀ ਸਿੱਖ ਸੰਗਤ ਖੁਦ ਬਹੁਤ ਸੂਝਵਾਨ ਹੈ ਫੈਸਲਾ ਕਰ ਲਵੇਗੀ ਕਿ “ਕਿਤੇ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਸਿੱਖ ਵਿਰੋਧੀ ਤਾਂ ਨਹੀਂ?”
ਪੇਸ਼ਕਸ਼:
ਮੁਹੰਮਦ ਜਮੀਲ ਐਡਵੋਕੇਟ (ਐਮ.ਏ.ਜਰਨਾਲਿਜ਼ਮ)
ਗਰੀਨ ਟਾਊਨ, ਕਿਲਾ ਰਹਿਮਤਗੜ੍ਹ ਮਲੇਰਕੋਟਲਾ
ਸੰਪਰਕ: 9417969547