ਕਿਸਾਨ ਜੱਥੇਬੰਦੀ (IFA) ਦੀ ਮਲੇਰਕੋਟਲਾ ‘ਚ ਅਹਿਮ ਬੈਠਕ, ਬੀਜੇਪੀ ਉਮੀਦਵਾਰਾਂ ਦਾ ਬਾਈਕਾਟ ਕਰਨ ਦੀ ਅਪੀਲ

author
0 minutes, 0 seconds Read

ਮਲੇਰਕੋਟਲਾ, 07 ਮਈ (ਅਬੂ ਜ਼ੈਦ): ਅੱਜ ਇੰਡੀਅਨ ਫਾਰਮਰਜ ਐਸੋਸੀਏਸ਼ਨ (IFA) ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਵੱਲੋਂ ਆਪਣੀ ਜੱਥੇਬੰਦੀ ਮਲੇਰਕੋਟਲਾ ਇਕਾਈ ਦੀ ਅਹਿਮ ਮੀਟਿੰਗ ਲਈ ਸ਼ਿਰਕਤ ਕੀਤੀ ਗਈ । ਬਲਵਿੰਦਰ ਸਿੰਘ ਭੁੱਲਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜੱਥੇਬੰਦੀ ਵੱਲੋਂ ਦੇਸ਼ ਦੀ ਜਨਤਾ ਨੂੰ ਅਪੀਲ ਹੈ ਕਿ ਵੋਟ ਉਸੇ ਉਮੀਦਵਾਰ ਨੂੰ ਪਾਈ ਜਾਵੇ ਜੋ ਸਾਡੀ ਕਿਸਾਨੀ ਦੀ, ਸੂਬੇ ਦੇ ਹੱਕਾਂ ਦੀ ਗੱਲ ਕਰ ਸਕੇ । ਜੋ ਉਮੀਦਵਾਰ ਕੇਂਦਰ ਸਰਕਾਰ ਦੇ ਸਾਹਮਣੇ ਸਾਡੇ ਹੱਕਾਂ ਲਈ ਹਿੱਕ ਡਾਹ ਕੇ ਖੜ ਸਕੇ । ਇਸ ਮੌਕੇ ਸੰਬੋਧਨ ਕਰਦਿਆਂ ਸ. ਬਹਿਰੂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਈਐਫਏ ਨੇ ਦੇਸ਼ ਭਰ ਵਿੱਚ ਸਮੀਖਿਆ ਕੀਤੀ ਕਿ ਪਿਛਲੇ ਦਸ ਸਾਲਾਂ ਵਿੱਚ ਦੇਸ਼ ਦਾ ਕਿਸਾਨ, ਛੋਟਾ ਵਪਾਰੀ, ਦੁਕਾਨਦਾਰ, ਮਜ਼ਦੂਰ ਸਮੇਤ ਹਰ ਵਰਗ ਬੁਹਤ ਹੀ ਬੁਰੇ ਦੌਰ ਵਿੱਚੋਂ ਗੁਜਰ ਰਿਹਾ ਹੈ । ਅੱਜ ਦੇਸ਼ ਦੀ ਜਨਤਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਬੀਜੇਪੀ ਦੀ ਦੇਸ਼ ਲਈ ਘਾਤਕ ਵਿਚਾਰਧਾਰਾ ਤੋਂ ਜਾਣੁ ਹੋ ਚੁੱਕੇ ਹਨ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਸੂਬੇ ਅੰਦਰ ਸਾਰੀਆਂ ਸੀਟਾਂ ਉੱਤੇ ਬੀਜੇਪੀ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਕਰਵਾ ਦੇਵੇ ਤਾਂ ਜੋ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਜਾ ਸਕੇ । ਉਹਨਾਂ ਕਿਹਾ ਕਿ ਬੀਜੇਪੀ ਨੇ ਕਾਲੇ ਕਾਨੂੰਨ ਲਿਆਂਦੇ ਜਿਸ ਕਾਰਣ ਕਿਸਾਨਾਂ ਨੂੰ ਦਿੱਲੀ ਵਿਖੇ 13 ਮਹੀਨੇ ਤੱਕ ਧਰਨਾ ਲਗਾਉਣਾ ਪਿਆ ਜਿਸ ਵਿੱਚ 700 ਤੋਂ ਵੱਧ ਕਿਸਾਨਾਂ ਦੀ ਜਾਨ ਚਲੀ ਗਈ । ਦੇਸ਼-ਵਿਦੇਸ ਦੀ ਸੰਗਤ ਨੇ ਇਸ ਕਿਸਾਨ ਅੰਦੋਲਨ ਲਈ ਬੇਹਿਸਾਬ ਪੈਸਾ ਖਰਚ ਕੀਤਾ । ਉਹਨਾਂ ਕਿਹਾ ਕਿ ਬੀਜੇਪੀ ਦਿੱਲੀ ਕਿਸਾਨ ਮੋਰਚਾ ਖਤਮ ਕਰਨ ਸਮੇਂ ਮੰਨੀਆਂ ਮੰਗਾਂ ਤੋਂ ਸਾਫ ਮੁੱਕਰ ਗਈ । ਕੇਂਦਰ ਦੀ ਬੀਜੇਪੀ ਸਰਕਾਰ ਕਿਸਾਨ ਦੀਆਂ ਫਸਲਾਂ ਉੱਤੇ ਐਮਐਸਪੀ ਦੇਣ ਤੋਂ ਕਿਨਾਰਾ ਕਰ ਗਈ, ਲਖੀਮਪੁਰ ਖੀਰੀ ਵਿੱਚ ਕਿਸਾਨਾਂ ਉੱਤੇ ਕੇਂਦਰੀ ਮੰਤਰੀ ਦੇ ਪੁੱਤਰ ਵੱਲੋਂ ਕੀਤੇ ਵਹਿਸ਼ੀਆਨਾ ਹਮਲੇ ਦਾ ਇਨਸਾਫ ਨਹੀਂ ਦਿੱਤਾ ਗਿਆ, ਕਿਸਾਨਾਂ ਦੇ ਪਰਚੇ ਅਤੇ ਟਰੈਕਟਰ-ਗੱਡੀਆਂ ਨਹੀਂ ਛੱਡੀਆਂ ਗਈਆਂ । ਜਿਸ ਦੇ ਨਤੀਜੇ ਵਜੋਂ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਲਗਾਤਾਰ ਧਰਨੇ ਲੱਗੇ ਹੋਏ ਹਨ ।

Similar Posts

Leave a Reply

Your email address will not be published. Required fields are marked *