ਸਿੱਖ ਸੰਗਤ 16, 17, 18 ਅਪ੍ਰੈਲ ਨੂੰ ਵਹੀਰਾਂ ਘੱਤਕੇ ਮੋਰਚੇ ‘ਚ ਪੁੱਜੇ -ਬਾਪੂ ਗੁਰਚਰਨ ਸਿੰਘ
ਚੰਡੀਗੜ੍ਹ/ਮਲੇਰਕੋਟਲਾ, 13 ਅਪ੍ਰੈਲ (ਬਿਉਰੋ): ਕੌਮੀ ਇਨਸਾਫ ਮੋਰਚੇ ਵੱਲੋਂ ਚੰਡੀਗੜ੍ਹ-ਮੋਹਾਲੀ ਦੀਆਂ ਹੱਦਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਲਵਾਉਣ ਲਈ ਪੱਕਾ ਮੋਰਚਾ ਲੱਗਾ ਹੋਇਆ ਹੈ । ਜਿਸ ਨੂੰ ਖਤਮ ਕਰਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਹੈ । 14 ਮਹੀਨੇ ਤੋਂ ਲੱਗੇ ਇਸ ਮੋਰਚੇ ਨੂੰ ਜਿੱਥੇ ਹਨੇਰੀ, ਮੀਂਹ, ਝੱਖੜ, ਗਰਮੀ, ਸਰਦੀ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਮੋਰਚੇ ਨੂੰ ਭਟਕਾਉਣ ਲਈ ਸਰਕਾਰਾਂ ਦੀਆਂ ਏਜੰਸੀਆਂ ਵੱਲੋਂ ਵਾਰ-ਵਾਰ ਕੋਝੀਆਂ ਸਾਜ਼ਿਸ਼ਾਂ ਕਰਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।
ਅਦਾਰਾ ‘ਅਬੂ ਜ਼ੈਦ ਨਿਊਜ਼’ ਨਾਲ ਗੱਲਬਾਤ ਕਰਦਿਆਂ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਬਾਪੂ ਗੁਰਚਰਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਣਯੋਗ ਪੰਜਾਬ ਅਂੈਡ ਹਰਿਆਣਾ ਹਾਈਕੋਰਟ ਵੱਲੋਂ ਮੋਰਚੇ ਨੂੰ ਖਤਮ ਕਰ ਕੇ ਰਸਤਾ ਚਾਲੂ ਕਰਵਾਉਣ ਦੇ ਹੁਕਮ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਰੀ ਕੀਤੇ ਸਨ ਜਿਸ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਵਿਰੋਧੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ । ਸਿੱਖ ਸੰਗਤ ਵਹੀਰਾਂ ਘੱਤਕੇ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀ ਲਗਵਾਉਣਾ ਸ਼ੁਰੂ ਹੋ ਗਈ ਹੈ । ਉਹਨਾਂ ਦੱਸਿਆ ਕਿ ਜੇਲ੍ਹ ਵਿੱਚੋਂ ਜੱਥੇਦਾਰ ਹਵਾਰਾ ਨੇ ਫੋਨ ਰਾਹੀਂ ਸੰਗਤ ਦੇ ਨਾਂਅ ਸੰਦੇਸ ਦਿੱਤਾ ਹੈ ਕਿ ਸੰਵਿਧਾਨ ਦੇ ਜ਼ਾਬਤੇ ਵਿੱਚ ਰਹਿੰਦੇ ਹੋਏ ਮੋਰਚੇ ਨੂੰ ਸ਼ਾਂਤਮਈ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰੱਖਿਆ ਜਾਵੇ । ਆਪਣੀਆਂ ਹੱਕੀ ਮੰਗਾਂ ਲਈ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣਾ ਸਾਡਾ ਜਮਹੂਰੀ ਹੱਕ ਹੈ ।
ਬਾਪੂ ਗੁਰਚਰਨ ਸਿੰਘ ਨੇ ‘ਮਾਣਯੋਗ ਅਦਾਲਤ ਵੱਲੋਂ ਕੀਤੀ ਟਿੱਪਣੀ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਆੜ ਲੈ ਕੇ ਧਰਨਾ ਲਗਾਇਆ ਗਿਆ ਹੈ’ ਦੇ ਜਵਾਬ ਕਿਹਾ ਕਿ ਇਸ ਮੋਰਚੇ ਦੀਆਂ ਮੰਗਾਂ ਵਿੱਚੋਂ ਤਿੰਨ ਮੰਗਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਬਦੀਆਂ ਦਾ ਇਨਸਾਫ, ਗੁੰਮ ਹੋਏ 328 ਸਰੂਪਾਂ ਦਾ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦਾ ਇਨਸਾਫ ਨਿਰੋਲ ਸ੍ਰੀ ਗੁਰੁ ਗ੍ਰੰਥ ਸਾਹਿਬ ਨਾਲ ਸਬੰਧਤ ਹਨ । ਇਸ ਤੋਂ ਇਲਾਵਾ ਸਿੱਖ ਕੌਮ ਨੇ ਹਮੇਸ਼ਾ ਹੀ ਸ੍ਰੀ ਗੁਰੁ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਹੀ ਹਰ ਮੈਦਾਨ ‘ਚ ਫਤਿਹ ਹਾਸਲ ਕੀਤੀ ਹੈ । ਉਹਨਾਂ ਕਿਹਾ ਕਿ ਏਜੰਸੀਆਂ ਨੇ ਮੋਰਚੇ ਵਿੱਚ ਆਪਣੇ ਏਜੰਟ ਸ਼ਾਮਲ ਕਰਕੇ ਅਨੇਕਾਂ ਹੱਥਕੰਡੇ ਅਪਣਾਏ ਹਨ ਪਰੰਤੂ ਗੁਰੁ ਸਾਹਿਬ ਦੀ ਕਿਰਪਾ ਅਤੇ ਸਿੱਖ ਸੰਗਤ ਦੇ ਸਹਿਯੋਗ ਨਾਲ ਮੋਰਚਾ ਅੱਜ ਵੀ ਚੜ੍ਹਦੀ ਕਲਾ ਵਿੱਚ ਹੈ । ਬਾਪੂ ਗੁਰਚਰਨ ਸਿੰਘ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਸੰਗਤ ਨੂੰ ਅਪੀਲ ਕੀਤੀ ਕਿ 16,17 ਅਤੇ 18 ਅਪ੍ਰੈਲ ਨੂੰ ਵੱਧ ਤੋਂ ਵੱਧ ਮੋਰਚੇ ਵਿੱਚ ਸ਼ਿਰਕਤ ਕਰੇ । ਪੰਜਾਬ ਦੇ 13 ਹਜ਼ਾਰ ਪਿੰਡਾਂ ਵਿੱਚੋਂ ਹਰ ਪਿੰਡ ਤੋਂ 5 ਵਿਅਕਤੀਆਂ ਦਾ ਜੱਥਾ ਜਰੂਰ ਮੋਰਚੇ ਵਿੱਚ ਹਾਜ਼ਰੀ ਭਰੇ ਤਾਂ ਕਿ ਸਰਕਾਰਾਂ ਉੱਤੇ ਦਬਾਅ ਬਣਾਕੇ ਹੱਕੀ ਮੰਗਾਂ ਮਨਵਾਈਆਂ ਜਾ ਸਕਣ ।



