ਕੌਮੀ ਇਨਸਾਫ ਮੋਰਚੇ ਦਾ ਸਾਲ ਪੂਰਾ ਹੋਣ ‘ਤੇ ਫਤਿਹਗੜ੍ਹ ਸਾਹਿਬ ਦੀ ਧਰਤੀ ਉੱਤੇ ਸੰਗਤਾਂ ਦਾ ਆਇਆ ਜਨਸੈਲਾਬ

author
0 minutes, 2 seconds Read

ਧਾਰਮਿਕ, ਸਮਾਜਿਕ, ਕਿਸਾਨ, ਮਜਦੂਰ ਜੱਥੇਬੰਦੀਆਂ, ਸਮੁੱਚੀ ਸਿੱਖ ਸੰਗਤ, ਜੁਝਾਰੂ ਨੌਜਵਾਨਾਂ ਅਤੇ ਮੁਸਲਿਮ ਭਾਈਚਾਰੇ ਦਾ ਹਾਰਦਿਕ ਧੰਨਵਾਦ: ਬਾਪੂ ਹਵਾਰਾ

ਫਹਿਤਗੜ੍ਹ ਸਾਹਿਬ/ਮਲੇਰਕੋਟਲਾ, 13 ਜਨਵਰੀ (ਬਿਉਰੋ): ਸਾਹਿਬਜ਼ਾਦਾ ਅਜੀਤ ਸਿੰਘ ਨਗਰ-ਚੰਡੀਗੜ੍ਹ ਦੀਆਂ ਬਰੂਹਾਂ ਉੱਤੇ 07 ਜਨਵਰੀ 2023 ਤੋਂ ਲਗਾਤਾਰ “ਕੌਮੀ ਇਨਸਾਫ ਮੋਰਚਾ” ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੁ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਅਤੇ ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਇਨਸਾਫ ਸਮੇਤ ਹੱਕੀ ਮੰਗਾਂ ਵੱਲ ਭਾਵੇਂ ਸਰਕਾਰਾਂ ਧਿਆਨ ਨਹੀਂ ਦੇ ਰਹੀਆਂ ਪਰ ਆਪਣੀ ਮੰਗਾਂ ਪੂਰੀਆਂ ਕਰਵਾਉਣ ਲਈ ਮੋਰਚੇ ਦੇ ਆਗੂ ਅਤੇ ਸਮੂਹ ਸੰਗਤ ਹਮੇਸ਼ਾ ਸਮੇਂ-ਸਮੇਂ ‘ਤੇ ਵੱਡੇ ਪ੍ਰੋਗਰਾਮ ਉਲੀਕਦੀਆਂ ਰਹਿੰਦੀਆਂ ਹਨ । ਅਦਾਰਾ ਅੱਬੂ ਜ਼ੈਦ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਹਵਾਰਾ ਨੇ ਕਿਹਾ ਕਿ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਅਰਦਾਸ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਰੋਡ ਮਾਰਚ ਆਰੰਭ ਕੀਤਾ ਗਿਆ । ਉਹਨਾਂ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਕੀਤਾ ਜਿਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਬਣੇ ਗੁਰੁ ਘਰ ਜੋਤੀ ਸਰੂਪ ਫਹਿਤਗੜ੍ਹ ਸਾਹਿਬ ਦੀ ਧਰਤੀ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੌਮੀ ਇਨਸਾਫ ਮੋਰਚੇ ਤੱਕ ਜੋ ਵਿਸ਼ਾਲ ਮਾਰਚ ਕੱਢਿਆ ਉਸ ਵਿੱਚ ਆਪਣਾ ਸਹਿਯੋਗ ਦਿੱਤਾ ਜਿਵੇਂ ਕਿ ਧਾਰਮਿਕ, ਸਮਾਜਿਕ, ਕਿਸਾਨ, ਮਜਦੂਰ ਜੱਥੇਬੰਦੀਆਂ, ਰਾਗੀ, ਢਾਡੀ, ਪ੍ਰਚਾਰਕ ਅਤੇ ਕੌਮ ਦੇ ਸਾਰੇ ਹੀ ਜੁਝਾਰੂ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ‘ਚ ਮਾਰਚ ਵਿੱਚ ਪਹੁੰਚੇ ਨੌਜਵਾਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਿਹਨਾਂ ਨੇ ਬਹੁਤ ਹੀ ਸ਼ਾਂਤੀਮਈ ਤਰੀਕੇ ਨਾਲ ਆਪਣੀ ਹੱਕੀ ਮੰਗਾਂ ਸੁੱਤੀਆਂ ਸਰਕਾਰਾਂ ਦੇ ਕੰਨਾਂ ਤਕੱ ਪਹੁੰਚਾਉਣ ਲਈ ਵੱਡਾ ਉਪਰਾਲਾ ਕੀਤਾ । ਇਸੇ ਵਿਸ਼ਾਲ ਮਾਰਚ ਦੇ ਚਲਦਿਆਂ ਸਰਕਾਰ ਵੱਲੋਂ ਮੋਰਚੇ ਦੇ ਆਗੂਆਂ ਨੂੰ ਮਿਲਣ ਲਈ ਸੁਨੇਹਾ ਵੀ ਘੱਲਿਆ । ਜੋ ਜੁਝਾਰੂ ਇਸ ਮਾਰਚ ‘ਚ ਹਾਜ਼ਰੀ ਲਗਵਾਉਣ ਲਈ ਟਰੈਕਟਰ-ਟਰਾਲੀਆਂ, ਕਾਰਾਂ, ਜੀਪਾਂ, ਮੋਟਰਸਾਇਕਲ, ਸਕੂਟਰ, ਬੱਸਾਂ, ਟਰੱਕਾਂ ਨਾਲ ਪਹੁੰਚੇ ਉਹਨਾਂ ਦਾ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਹਾਰਦਿਕ ਧੰਨਵਾਦ ਕੀਤਾ ਗਿਆ । ਉਹਨਾਂ ਆਖਰ ਵਿੱਚ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਕੌਮੀ ਇਨਸਾਫ ਮੋਰਚੇ ਨੂੰ ਵੱਧ ਤੋਂ ਵੱਧ ਸਹਿਯੋਗ ਕਰੇ ਅਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਾਜ਼ਰੀ ਵੀ ਭਰੇ ਤਾਂ ਜੋ ਪੂਰੀ ਚੜ੍ਹਦੀ ਕਲਾ ‘ਚ ਚੱਲ ਰਿਹਾ ਕੌਮੀ ਇਨਸਾਫ ਮੋਰਚਾ ਆਪਣੀਆਂ ਹੱਕੀ ਮੰਗਾਂ ਜਲਦੀ ਮੰਨਵਾ ਸਕੇ । ਬਾਪੂ ਹਵਾਰਾ ਨੇ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੋਰਚਾ ਸ਼ੁਰੂ ਹੋਣ ਹਾਜ਼ਰੀ ਅਤੇ ਲੰਗਰ ਸੇਵਾ ਲਈ ਮੁਸਲਿਮ ਭਾਈਚਾਰੇ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਿਹਨਾਂ ਨੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਅਤੇ ਇੱਕ ਵਾਰ ਫਿਰ ਤੋਂ ਫਹਿਤਗੜ੍ਹ ਸਾਹਿਬ ਦੀ ਧਰਤੀ ਤੋਂ ਹਾਅ ਦਾ ਨਾਅਰਾ ਮਾਰਿਆ ।

Similar Posts

Leave a Reply

Your email address will not be published. Required fields are marked *