ਅਜਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਉਮੜਿਆ ਜਨਸੈਲਾਬ

author
0 minutes, 2 seconds Read

ਸ੍ਰੀ ਅਕਾਲ ਤਖਤ ਤੋਂ ਅਰਦਾਸ ਕਰਕੇ ਚੋਣ ਮੁਹਿੰਮ ਦਾ ਸ਼ਾਨਦਾਰ ਆਗਾਜ਼

ਅੰਮ੍ਰਿਤਸਰ/ਮਲੇਰਕੋਟਲਾ, 30 ਅਪ੍ਰੈਲ (ਬਿਉਰੋ): ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਕਰਨ ਨਾਲ ਪੰਜਾਬ ਦੀ ਸਿਆਸਤ ਵਿੱਚ ਭੂਝਾਲ ਆ ਗਿਆ ਹੈ ਜਿਸ ਲੰਬੇ ਸਮੇਂ ਤੋਂ ਕਿਆਸ ਕੀਤੇ ਜਾਂਦੇ ਸਿਆਸੀ ਸਮੀਕਰਣ ਬਦਲ ਦਿੱਤੇ ਹਨ । ਭਾਈ ਸਾਹਿਬ ਹੱਕ ‘ਚ ਪੰਥਕ ਲੋਕਾਂ, ਆਗੂਆਂ, ਜੱਥੇਬੰਦੀਆਂ, ਸਿਆਸੀ ਪਾਰਟੀਆਂ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ ਜਨਸੈਲਾਬ ਆ ਚੁੱਕਾ ਹੈ । ਪੰਜਾਬ ਦੇ ਹਰ ਛੋਟੇ-ਵੱਡੇ ਚੈਨਲ, ਫੇਸਬੁੱਕ, ਟਵਿੱਟਰ ਸਮੇਤ ਸ਼ੋਸ਼ਲ ਮੀਡੀਆ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਹੀ ਚਰਚਾ ਕੀਤੀ ਜਾ ਰਹੀ ਹੈ । ਪੰਜਾਬ ਦੀ ਜਨਤਾ ਇਸ ਵਾਰ ਪਾਰਟੀ ਪੱਧਰ ਤੋਂ ਉੱਪਰ ਉੱਠਕੇ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਦੇ ਹੱਕ ਵਿੱਚ ਡਟ ਰਹੀ ਹੈ ।

ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਨੇ ਵੱਡੀ ਗਿਣਤੀ ‘ਚ ਸੰਗਤਾਂ ਦੀ ਹਾਜ਼ਰੀ ‘ਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਵਾਕੇ ਚੋਣ ਮੁਹਿੰਮ ਦਾ ਆਗਾਜ਼ ਕੀਤਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਏ ਮੋਰਚਾ ਦੀ ਸਮਾਪਤੀ ਕੀਤੀ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਅੱਗੇ ਆ ਕੇ ਸੰਭਾਲੇ । ਇਸ ਮੌਕੇ ਬੀਬੀ ਖਾਲੜਾ ਨੇ ਕਿਹਾ ਕਿ ਇਸ ਚੋਣ ਮੁਹਿੰਮ ਦੇ ਆਗਾਜ਼ ਨੂੰ ਧਰਮ ਯੁੱਧ ਮੋਰਚਾ ਹੀ ਸਮਝਿਆ ਜਾਵੇ, ਅਸੀਂ ਮਨੁੱਖੀ ਹੱਕਾਂ ਦੀ ਲੜਾਈ ਵਿੱਚ ਸਾਰੇ ਆਪਸੀ ਵੈਰ-ਵਿਰੋਧ ਛੱਡਕੇ ਲਾਮਬੰਦ ਹੋਈਏ । ਪੰਥ ਦੀ ਚੜ੍ਹਦੀ ਕਲਾ ਲਈ ਮਿਲਕੇ ਕੰਮ ਕਰੀਏ ।

ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਲੱਫਾਜ਼ੀ ਬਦਲਾਅ ਤੋਂ ਦੁੱਖੀ ਵਲੰਟੀਅਰ ਅਤੇ ਆਗੂ ਵੱਡੀ ਗਿਣਤੀ ‘ਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ‘ਚ ਉਤਰ ਚੁੱਕੇ ਹਨ । ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ ਆਪਣਾ ਮਜ਼ਬੂਤ ਉਮੀਦਵਾਰ ਹਰਪਾਲ ਸਿੰਘ ਬਲੇਰ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ, ਪਾਰਟੀ ਦੇ ਇਸ ਫੈਸਲੇ ਦੀ ਦੇਸ਼-ਵਿਦੇਸ਼ ‘ਚ ਵੱਸਦੀ ਸਿੱਖ ਸੰਗਤ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਸਿੱਖ ਕੌਮ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਖਾਲੜਾ, ਕੰਵਰ ਚੜ੍ਹਤ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰੀ ਰਾਗੀ, ਬਾਬਾ ਹਿੰਦ ਸਿੰਘ ਖਾਲਸਾ, ਐਡਵੋਕੇਟ ਹਰਪਾਲ ਸਿੰਘ ਖਾਰਾ, ਨਿਹੰਗ ਜੱਥੇਬੰਦੀਆਂ ਦੇ ਆਗੂ ਬਾਬਾ ਰਾਜਾ ਰਾਜ ਸਿੰਘ, ਬਾਬਾ ਖੇੜੀ ਵਾਲਾ, ਬਠਿੰਡਾ ਤੋਂ ਉਮੀਦਵਾਰ ਲੱਖਾ ਸਿਧਾਨਾ, ਭਾਨਾ ਸਿੱਧੂ ਸਮੇਤ ਦਰਜਨਾਂ ਆਗੂਆਂ ਨੇ ਆਪਣੇ ਸ਼ੋਸਲ ਮੀਡੀਆ ਖਾਤਿਆਂ ਰਾਹੀਂ ਵੀਡੀਓ ਪਾਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ ।

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ ਜਿਸ ਦੀ ਬਦੌਲਤ ਉਹਨਾਂ ਨੂੰ ਐਨਾ ਪਿਆਰ ਮਿਲ ਰਿਹਾ ਹੈ । ਪੰਜਾਬ ਦੀ ਜਵਾਨੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਾਉਣ ਲਈ ਭਾਈ ਸਾਹਿਬ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਅਸਰ ਅੱਜ ਸਮੁੱਚੇ ਪੰਜਾਬ ਵਿੱਚ ਦੇਖਿਆ ਜਾ ਰਿਹਾ ਹੈ । ਨੌਜਵਾਨ ਨਸ਼ੇ ਤਿਆਗਕੇ ਧਰਮ ਨਾਲ ਜੁੜਕੇ ਸਿੰਘ ਸਜ ਰਹੇ ਹਨ ।

Similar Posts

Leave a Reply

Your email address will not be published. Required fields are marked *