ਮੁਸਲਿਮ ਭਾਈਚਾਰੇ ਵੱਲੋਂ ਹਾਅ ਦਾ ਨਾਅਰਾ ਦੀ ਧਰਤੀ ਉੱਤੇ ‘ਪੰਥਕ ਵਫਦ’ ਦਾ ਨਿੱਘਾ ਸਵਾਗਤ

author
0 minutes, 2 seconds Read

ਜਿੱਥੇ ਵੀ ਇਨਸਾਨੀ ਹੱਕਾਂ ਦਾ ਹਨਨ ਹੋਇਆ, ਮੁਸਲਿਮ ਭਾਈਚਾਰੇ ਹਮੇਸ਼ਾ ਹੱਕ-ਸੱਚ ਲਈ ਲੜਿਆ-ਬਾਪੂ ਗੁਰਚਰਨ ਸਿੰਘ

ਮਲੇਰਕੋਟਲਾ, 28 ਅਪ੍ਰੈਲ (ਬਿਉਰੋ): ਹਾਅ ਦਾ ਨਾਅਰਾ ਦੀ ਧਰਤੀ ਵਿਖੇ ਅੱਜ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਪਿਤਾ ਗੁਰਚਰਨ ਸਿੰਘ ਆਪਣੇ ਸਾਥੀਆਂ ਮਨਮੋਹਨ ਸਿੰਘ, ਬਲਵਿੰਦਰ ਸਿੰਘ ਦੇ ਮਲੇਰਕੋਟਲਾ ਪਹੁੰਚਣ ਉੱਤੇ ਨਿੱਘਾ ਸਵਾਗਤ ਕੀਤਾ ਗਿਆ । ਪਤਵੰਤਿਆਂ ਵੱਲੋਂ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਬਾਪੂ ਗੁਰਚਰਨ ਸਿੰਘ ਦਾ ਉਹਨਾਂ ਦੀਆਂ ਸਿੱਖ ਪੰਥ, ਮੁਸਲਿਮ ਵਰਗ ਅਤੇ ਦੇਸ਼ ਦੀਆਂ ਘੱਟਗਿਣਤੀਆਂ ਲਈ ਕੀਤੀਆਂ ਜਾ ਰਹੀਆਂ ਵੱਡਮੁੱਲੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮੁਹੰਮਦ ਅਨਵਾਰ ਪ੍ਰਧਾਨ ਈਦਗਾਹ ਕਮੇਟੀ, ਚੌਧਰੀ ਲਿਆਕਤ ਅਲੀ, ਹਾਜੀ ਮੁਹੰਮਦ ਹਬੀਬ ਭੋਲਾ, ਹਾਜੀ ਮੁਹੰਮਦ ਬਾਬੂ ਨੇ ਉਹਨਾਂ ਨੂੰ ਰਸਮੀ ਤੌਰ ‘ਤੇ ‘ਜੀ ਆਇਆ ਨੂੰ’ ਕਿਹਾ । ਮੁਹੰਮਦ ਜਮੀਲ ਐਡਵੋਕੇਟ ਨੇ ਜਿੱਥੇ ਬਾਪੂ ਜੀ ਵੱਲੋਂ ਸਿੱਖ ਸੰਗਤ ਲਈ ਲੜੇ ਜਾ ਰਹੇ ਘੋਲ ਲਈ ਸ਼ਲਾਘਾ ਕੀਤੀ ਉੱਥੇ ਹੀ ਅਪੀਲ ਕੀਤੀ ਕਿ ਦੇਸ਼ ਦੀਆਂ ਘੱਟਗਿਣਤੀਆਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਮਿਲਕੇ ਉਪਰਾਲੇ ਕੀਤੇ ਜਾਣ ਅਤੇ ਘੱਟਗਿਣਤੀਆਂ ਨੂੰ ਲਾਮਬੰਦ ਕੀਤਾ ਜਾਵੇ ।

ਇਸ ਮੌਕੇ ਸੰਬੋਧਨ ਕਰਦਿਆਂ ਬਾਪੂ ਗੁਰਚਰਨ ਸਿੰਘ ਨੇ ਸਮੁੱਚੀ ਸਿੱਖ ਕੌਮ ਵੱਲੋਂ ਮੁਸਲਿਮ ਭਾਈਚਾਰੇ ਦਾ ਦਿਲੀ ਧੰਨਵਾਦ ਕੀਤਾ ਜੋ ਹਰ ਮੁਸ਼ਕਿਲ ਘੜੀ ਵਿੱਚ ਨਾਲ ਖੜਦੀ ਹੈ, ਮੁਸਲਿਮ-ਸਿੱਖ ਸਾਂਝ ਸਦੀਆਂ ਤੋਂ ਚੱਲੀ ਆ ਰਹੀ ਹੈ । ਭਾਵੇਂ ਉਹ ਕੌਮੀ ਇਨਸਾਫ ਮੋਰਚੇ ਉੱਤੇ ਮਿੱਠੇ ਚੌਲਾਂ ਦੀ ਲੰਗਰ ਸੇਵਾ ਹੋਵੇ ਜਾਂ ਕਿਸਾਨ ਮੋਰਚਾ ਦਿੱਲੀ, ਸ਼ੰਭੂ ਅਤੇ ਖਨੌਰੀ ਦੌਰਾਨ ਸੇਵਾ ਹੋਵੇ, ਮੁਸਲਿਮ ਭਾਈਚਾਰਾ ਹਮੇਸ਼ਾ ਨਿਰਸਵਾਰਥ ਇਨਸਾਨੀ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਹੈ । ਉਹਨਾਂ ਕਿਹਾ ਕਿ ਅਸੀਂ ਸਰਕਾਰਾਂ ਦੇ ਜ਼ਬਰ ਦਾ ਸਾਹਮਣਾ ਹਮੇਸ਼ਾ ਸਬਰ ਨਾਲ ਕੀਤਾ ਹੈ । ਚੰਡੀਗੜ੍ਹ-ਮੋਹਾਲੀ ਦੀ ਹੱਦ ਉੱਤੇ 7 ਜਨਵਰੀ 2023 ਤੋਂ ਸ਼ਾਂਤਮਈ ਧਰਨਾ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦੇ ਇਨਸਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ, ਲਾਪਤਾ 328 ਸਰੂਪਾਂ ਲਈ ਲਗਾਇਆ ਹੋਇਆ ਹੈ । ਭਾਵੇਂ ਸਰਕਾਰਾਂ ਨੇ ਏਜੰਸੀਆਂ ਰਾਹੀਂ ਧਰਨੇ ਨੂੰ ਹਿੰਸਕ ਬਣਾਉਣ ਲਈ ਅਨੇਕਾਂ ਯਤਨ ਕੀਤੇ ਪਰੰਤੂ ਸੰਗਤ ਸੰਵਿਧਾਨ ਅਨੁਸਾਰ ਬਿਲਕੁਲ ਜਾਬਤੇ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਧਰਨਾ ਦੇ ਰਹੀ ਹੈ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕੀਤੀ ਕਿ ਦੇਸ਼ ਨੂੰ ਫਿਰਕੂ ਤਾਕਤਾਂ ਤੋਂ ਬਚਾਉਣ ਲਈ ਆਪਸੀ ਭਾਈਚਾਰਕ ਸਾਂਝ ਬਹੁਤ ਜਰੂਰੀ ਹੈ । ਉਹਨਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਭਲਕੇ 30 ਅਪ੍ਰੈਲ ਨੂੰ ਕੌਮੀ ਇਨਸਾਫ ਮੋਰਚੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰੇ ਤਾਂ ਜੋ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਰਕਾਰਾਂ ਉੱਤੇ ਦਬਾਅ ਬਣਾਇਆ ਜਾ ਸਕੇ ।

ਲੋਕ ਸਭਾ ਚੋਣਾਂ 2024 ਸਬੰਧੀ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਨਤਾ ਚੰਗੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਚੁਣਕੇ ਸੰਸਦ ਵਿੱਚ ਭੇਜੇ ਤਾਂ ਜੋ ਜਮੀਨੀ ਪੱਧਰ ਉੱਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਸਦ ਵਿੱਚ ਪਹੁੰਚਾਈਆਂ ਜਾ ਸਕਣ ।  ਖਡੂਰ ਸਾਹਿਬ ਤੋਂ ਚੋਣ ਲੜ ਰਹੇ ਭਾਈ ਅਮ੍ਰਿਤਪਾਲ ਸਿੰਘ ਲਈ ਉਹਨਾਂ ਕਿਹਾ ਕਿ ਜੱਥੇਬੰਦੀਆਂ ਅਤੇ ਪੰਥਕ ਲੋਕਾਂ ਨੂੰ ਅੱਗੇ ਵਧਕੇ ਸਮਰਥਨ ਕਰਨਾ ਚਾਹੀਦਾ ਹੈ । ਇਸ ਮੌਕੇ ਹਾਜੀ ਮੁਹੰਮਦ ਹੁਸੈਨ, ਠੇਕੇਦਾਰ ਮੁਹੰਮਦ ਸਾਬਰ, ਚੌਧਰੀ ਮੁਹੰਮਦ ਨਜ਼ੀਰ, ਮੁਹੰਮਦ ਹੁਸੈਨ ਆਦਿ ਪਤਵੰਤੇ ਮੌਜੂਦ ਸਨ ।

Similar Posts

Leave a Reply

Your email address will not be published. Required fields are marked *