ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਆਸ ਬੱਝੀ
ਚੰਡੀਗੜ੍ਹ/ਮਲੇਰਕੋਟਲਾ, 05 ਅਗਸਤ (ਬਿਉਰੋ): ਅੱਜ ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਨੂੰ ਗਵਰਨਰ ਹਾਊਸ ਵੱਲ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੇ ਰੋਸ ਪ੍ਰਦਰਸ਼ਨ ਕਰਨ ਦੇ ਐਲਾਨ ਮਗਰੋਂ ਚੰਡੀਗੜ ਪ੍ਰਸ਼ਾਸ਼ਨ ਅਤੇ ਐਸਐਸਪੀ ਚੰਡੀਗੜ ਵਲੋਂ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆਂ ਨਾਮ ਮੀਟਿੰਗ ਮੋਰਚਾ ਤਾਲਮੇਲ ਕਮੇਟੀ ਨਾਲ ਕਾਰਵਾਈ ਗਈ । ਇਹ ਮੀਟਿੰਗ ਚੰਡੀਗੜ੍ਹ ਦੇ ਸਕੱਤਰੇਤ ਵਿਖੇ ਕੀਤੀ ਗਈ। ਮੀਟਿੰਗ ਵਿੱਚ ਮੋਰਚੇ ਵਲੋਂ ਜਸਟਿਸ ਰਣਜੀਤ ਸਿੰਘ ਵਲੋਂ ਸਾਰਾ ਕਾਨੂੰਨੀ ਪੱਖ ਰੱਖਦਿਆਂ ਪੰਜਾਬ ਤੇ ਭਾਰਤ ਸਰਕਾਰ ਵੱਲੋਂ ਇਨ੍ਹਾਂ ਬੰਦੀ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਦਾ ਪੱਖ ਬਾਖੂਬੀ ਰੱਖਿਆ। ਜਸਟਿਸ ਰਣਜੀਤ ਸਿੰਘ ਵਲੋਂ ਜਸਵੰਤ ਸਿੰਘ ਖਾਲੜਾ ਦੇ ਕਾਤਲਾਂ ਦਾ ਅਦਾਲਤੀ ਸਜਾ ਦੇ ਬਾਵਜੂਦ ਸਰਕਾਰ ਦੀ ਮਿਲੀਭੁਗਤ ਨਾਲ ਕਨੂੰਨ ਛਿੱਕੇ ਟੰਗ ਕੇ ਜੇਲ੍ਹ ਤੋਂ ਬਾਹਰ ਹੋਣਾ ਅਤੇ ਬੰਦੀ ਸਿੰਘਾਂ ਵਿਚੋਂ 31 ਸਾਲਾਂ ਬਾਦ ਵੀ ਪੈਰੋਲ, ਨਾ ਮਿਲਣਾ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਉਤੇ ਵੱਡਾ ਸਵਾਲ ਹੈ । ਡੇਢ ਘੰਟਾ ਚਲੀ ਮੀਟਿੰਗ ਦੌਰਾਨ ਇੱਕਲੇ ਇੱਕਲੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਬਾਰੇ ਗੱਲਬਾਤ ਕੀਤੀ ਗਈ । ਰਾਜਪਾਲ ਵਲੋਂ ਆਪਣੇ ਵਿਿਖਆਨ ਵਿਚ ਸ਼ਿੱਦਤ ਨਾਲ ਗੱਲ ਸੁਣਨ ਮਗਰੋਂ ਕਿਹਾ ਗਿਆ ਕਿ ਜਗਤਾਰ ਸਿੰਘ ਹਵਾਰਾ, ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਓਰਾ ਦੀ ਪਰੋਲ ਉਤੇ ਸਾਨੂੰ ਕੋਈ ਇਤਰਾਜ ਨਹੀਂ ਹੈ । ਐਸਐਸਪੀ ਵਲੋ ਦਸਿਆ ਗਿਆ ਕਿ ਇਨ੍ਹਾਂ ਦੀ ਪੈਰੋਲ ਬਾਬਤ ਐਸਐਸਪੀ ਚੰਡੀਗੜ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਐਸਐਸਪੀ ਫਤਿਹਗੜ੍ਹ ਸਾਹਿਬ ਨਾਲ ਉਨ੍ਹਾਂ ਦੀ ਗੱਲਬਾਤ ਅਤੇ ਪ੍ਰਵਾਨਗੀ ਲਈ ਪੱਤਰ ਵੀ ਲਿਿਖਆ ਗਿਆ ਹੈ ਅਤੇ ਫੋਨ ਉੱਤੇ ਗੱਲਬਾਤ ਵੀ ਹੋਈ ਹੈ ।
ਰਾਜਪਾਲ ਪੰਜਾਬ ਵੱਲੋਂ ਤਿੰਨ ਮੁੱਖ ਗੱਲਾਂ ਕਹੀਆਂ ਗਈਆਂ, ਪਹਿਲੀ ਉਹ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਦੀ ਪੈਰੋਲ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਬੁਲਾ ਕੇ ਗੱਲ ਕਰਨਗੇ । ਦੂਜਾ ਜਿੰਨਾ ਬਾਕੀ ਬੰਦੀ ਸਿੰਘਾਂ ਦੇ ਜ਼ਮਾਨਤ ਰਹਿ ਗਈ ਹੈ ਉਨਾਂ ਦੀ ਜਮਾਨਤ ਬਾਬਤ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋੜ ਪਈ ਤਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ, ਤੀਜਾ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਦੱਸਿਆ ਕਿ ਅਸੀਂ ਜਮਾਨਤ ਪਰ ਆਏ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਦੀ ਪੱਕੀ ਰਿਹਾਈ ਲਈ ਫਾਈਲ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ । ਮੋਰਚੇ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਤੋਂ ਪੰਜਾਬ ਲਿਆਉਣ ਦੀ ਮੰਗ ਵੀ ਰੱਖੀ ਗਈ ।
ਮੀਟਿੰਗ ਉਪਰੰਤ ਸ਼ਾਮਿਲ ਮੈਂਬਰਾਂ ਵੱਲੋਂ ਉਥੇ ਬੈਠ ਕੇ ਹੀ ਫੈਸਲਾ ਲਿਆ ਗਿਆ ਕਿ ਜਿੱਥੇ 15 ਅਗੱਸਤ ਨੂੰ ਰਾਜਪਾਲ ਭਵਨ ਵੱਲ ਰੋਸ ਮਾਰਚ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਹੁਣ ਮੱੁਖ ਮੰਤਰੀ ਪੰਜਾਬ ਦਾ ਫਿਰੋਜ਼ਪੁਰ ਵਿਖੇ ਝੰਡਾ ਲਹਿਰਾਉਣ ਗਿਆ ਦਾ ਵਿਰੋਧ ਵੀ ਕੀਤਾ ਜਾਵੇਗਾ । ਇਸਦੀ ਜਿੰਮੇਵਾਰੀ ਮੋਰਚੇ ਦੇ ਮੁੱਖ ਬੁਲਾਰੇ ਬਲਵਿੰਦਰ ਸਿੰਘ ਦੀ ਲਗਾਈ ਗਈ ਹੈ, ਉਹ ਜਿਲ੍ਹੇ ਦੀਆਂ ਸਮੁੱਚੀਆਂ ਕਿਸਾਨ, ਮਜ਼ਦੂਰ ਜਥੇਬੰਦੀਆਂ ਅਤੇ ਸੰਤਾਂ ਮਹਾਂਪੁਰਸ਼ਾਂ ਨਾਲ ਤਾਲਮੇਲ ਕਰਕੇ ਇਹ ਜਿੰਮੇਵਾਰੀ ਨਿਭਾਉਣਗੇ । ਮੀਟਿੰਗ ਵਿੱਚ ਇਹ ਵਿਚਾਰ ਵੀ ਕੀਤਾ ਗਿਆ ਕਿ ਜੇਕਰ ਸਮਾਂ ਰਹਿੰਦੇ ਕੋਈ ਨਿਆਂਇਕ ਫੈਸਲਾ ਪੰਜਾਬ ਸਰਕਾਰ ਅਤੇ ਰਾਜਪਾਲ ਪੰਜਾਬ ਵੱਲੋਂ ਲਿਆ ਜਾਂਦਾ ਹੈ ਤਾਂ ਪ੍ਰੋਗਰਾਮ ਉਤੇ ਮੁੜ ਵਿਚਾਰ ਕੀਤਾ ਜਾਵੇਗਾ ।
ਇਸ ਗੱਲਬਾਤ ਵਿਚ ਬਾਪੂ ਗੁਰਚਰਨ ਸਿੰਘ ਪਟਿਆਲਾ, ਪਾਲ ਸਿੰਘ ਫਰਾਂਸ, ਗੁਰਦੀਪ ਸਿੰਘ ਬਠਿੰਡਾ, ਕਿਸਾਨ ਆਗੂ ਡਾ. ਦਰਸ਼ਨ ਪਾਲ ਸਿੰਘ, ਬਲਵਿੰਦਰ ਸਿੰਘ ਫਿਰੋਜ਼ਪੁਰ, ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ, ਗੁਰਜੰਟ ਸਿੰਘ ਕੱਟੂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਤਰੁਣ ਜੈਨ ਬਾਵਾ, ਕਿਸਾਨ ਆਗੂ ਸੁਖਜਿੰਦਰ ਸਿੰਘ ਖੋਸਾ, ਨਿਹੰਗ ਸਿੰਘ ਰਾਜਾ ਰਾਜ ਸਿੰਘ, ਬਲਵਿੰਦਰ ਸਿੰਘ ਕਾਲਾ ਝਾੜ ਸਾਬ ਅਤੇ ਪਾਲ ਸਿੰਘ ਘੜੂਆਂ ਸ਼ਾਮਿਲ ਹੋਏ।


