ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਮੁਕੰਮਲ ਪੰਜਾਬ ਬੰਦ ਰਿਹਾ

author
0 minutes, 0 seconds Read

ਮਲੇਰਕੋਟਲਾ ਤੋਂ ਭਾਈਚਾਰਕ ਸਾਂਝ ਦੀ ਵਿਲੱਖਣ ਤਸਵੀਰ ਦਿਖੀ, ਹਰ ਧਰਮ, ਵਰਗ ਦੇ ਲੋਕ ਹੋਏ ਸ਼ਾਮਲ

ਮਲੇਰਕੋਟਲਾ, 21 ਅਗਸਤ (ਬਿਉਰੋ): ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਸੱਦੇ ‘ਤੇ ਅੱਜ ਸਮੁੱਚਾ ਪੰਜਾਬ ਬੰਦ ਰਿਹਾ । ਹਰ ਸ਼ਹਿਰ, ਪਿੰਡ, ਕਸਬੇ ਵਿੱਚ ਲੋਕਾਂ ਨੇ ਸਿਆਸਤ ਅਤੇ ਧਰਮ ਤੋਂ ਉੱਪਰ ਉੱਠਕੇ ਸਿੱਖਾਂ ਅਤੇ ਘੱਟਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਦੇ ਖਿਲਾਫ ਫਤਵਾ ਦਿਤਾ । ਇਸੇ ਲੜੀ ਤਹਿਤ ਹਾਅ ਦਾ ਨਾਅਰਾ ਦੀ ਧਰਤੀ ਮਲੇਰਕੋਟਲਾ ਵਿੱਚ ਭਾਈਚਾਰਕ ਸਾਂਝ ਦੀ ਵਿਲੱਖਣ ਤਸਵੀਰ ਦੇਖਣ ਨੂੰ ਮਿਲੀ ਜਿੱਥੇ ਹਿੰਦੂ, ਮੁਸਲਿਮ, ਸਿੱਖ, ਇਸਾਈ ਸਮੇਤ ਹਰ ਧਰਮ, ਜਾਤ, ਵਰਗ ਦੇ ਲੋਕਾਂ ਨੇ ਮਿਲਕੇ ਸ਼ਹਿਰ ਦੇ ਸਭ ਤੋਂ ਬਿਜ਼ੀ ਰਹਿਣ ਵਾਲੇ ਸਥਾਨਕ ਗਰੇਵਾਲ ਚੌਂਕ ਨੂੰ ਸਵੇਰੇ 7 ਵਜੇ ਤੋਂ 2 ਵਜੇ ਤੱਕ ਮੁਕੰਮਲ ਬੰਦ ਰੱਖਿਆ ਅਤੇ ਚੌਂਕ ਵਿੱਚ ਹੀ ਇਕੱਠੇ ਬੈਠਕੇ ਖਾਣਾ ਖਾਧਾ । ਸੰਗਤ ਦੇ ਖਾਣੇ ਅਤੇ ਚਾਹ-ਪਾਣੀ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਵੱਲੋਂ ਕੀਤਾ ਗਿਆ । ਇਸ ਮੌਕੇ ਅੱਠਵੀਂ ਕਲਾਸ ਦੀ ਗੁਰਨੂਰ ਕੌਰ ਨੇ ਜ਼ਫਰਨਾਮਾ ਸੁਣਾਕੇ ਸੰਗਤ ਨੂੰ ਨਿਹਾਲ ਕੀਤਾ । ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਦੇਸ਼ ਅਨੁਸਾਰ ਹਰ ਥਾਂ ਬੰਦ ਦੌਰਾਨ ਸੰਗਤ ਜ਼ਾਬਤੇ ਵਿੱਚ ਰਹੀ ਅਤੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ।

ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੋਰਚੇ ਦੇ ਪ੍ਰਬੰਧਕ ਐਡਵੋਕੇਟ ਮੁਹੰਮਦ ਜਮੀਲ (ਮਨੁੱਖੀ ਅਧਿਕਾਰ ਕਾਰਕੁੰਨ) ਨੇ ਦੱਸਿਆ ਕਿ ਕੌਮੀ ਇਸਨਾਫ ਮੋਰਚਾ ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ‘ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ 7 ਜਨਵਰੀ 2023 ਤੋਂ ਲੱਗਾ ਹੋਇਆ ਹੈ । ਮੋਰਚੇ ਵਿੱਚੋਂ ਰੋਜ਼ਾਨਾ ਇੱਕ 31 ਮੈਂਬਰੀ ਜੱਥਾ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਜਾਂਦਾ ਹੈ ਤਾਂ ਜੋ ਉਹਨਾਂ ਨਾਲ ਗੱਲਬਾਤ ਕਰਕੇ ਮੋਰਚੇ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਸਕੇ ਪਰੰਤੂ ਅੱਜ 1319 ਦਿਨਾਂ ਤੱਕ ਕਦੇ ਵੀ ਮੁੱਖ ਮੰਤਰੀ ਨੇ ਮੁਲਾਕਾਤ ਨਹੀਂ ਕੀਤੀ । ਸੁਰੱਖਿਆ ਕਰਮੀ ਜੱਥੇ ਨੂੰ ਰਸਤੇ ਵਿੱਚ ਬੈਰੀਕੇਡ ਲਗਾਕੇ ਵਾਪਸ ਕਰ ਦਿੰਦੇ ਹਨ । 15 ਅਗਸਤ ਨੂੰ ਗਵਰਨਰ ਹਾਊਸ ਦੇ ਘਿਰਾਓ ਦਾ ਸੱਦਾ ਦਿਤਾ ਗਿਆ ਪਰੰਤੂ ਉਸ ਸਮੇਂ ਵੀ ਨਿਹੱਥੀ ਸੰਗਤ ਉੱਪਰ ਪਾਣੀ ਦੀਆਂ ਬੋਛਾਰਾਂ ਅਤੇ ਆਸੂ ਗੈਸ ਦੇ ਗੋਲੇ ਸੁੱਟੇ ਗਏ । ਇਸ ਦੇ ਰੋਸ ਵਜੋਂ ਮੋਰਚੇ ਵੱਲੋਂ ਪੰਜਾਬ ਬੰਦ ਦੀ ਕਾਲ ਦਿਤੀ ਗਈ ਸੀ ।

ਮਲੇਰਕੋਟਲਾ ਦੀਆਂ ਸਮਾਜਸੇਵੀ ਸੰਸਥਾਵਾਂ, ਧਾਰਮਿਕ ਆਗੂ, ਸਾਰੀਆਂ ਸਿਆਸੀ ਪਾਰਟੀਆਂ, ਵਪਾਰੀ, ਦੁਕਾਨਦਾਰ, ਮਜ਼ਦੂਰ, ਕਿਸਾਨ ਯੂਨੀਅਨਾਂ ਨੇ ਬੰਦ ਨੂੰ ਕਾਮਯਾਬ ਕਰਨ ਵਿੱਚ ਪੂਰਾ ਸਮਰਥਨ ਦਿੱਤਾ । ਪੁਲਸ ਪ੍ਰਸ਼ਾਸਨ ਵੱਲੋਂ ਵੀ ਪੂਰਨ ਸਹਿਯੋਗ ਕੀਤਾ ਗਿਆ । ਇਸ ਮੌਕੇ ਬਲਜਿੰਦਰ ਸਿੰਘ ਲਸੋਈ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ, ਹਰਦੀਪ ਸਿੰਘ ਨਾਰੀਕੇ ਸ੍ਰੋਮਣੀ ਅਕਾਲੀ ਦਲ ਮਾਨ, ਮਹਿਮੂਦ ਅਹਿਮਦ ਥਿੰਦ ਸੂਬਾ ਪ੍ਰਧਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ, ਡਾ. ਮੇਹਰਦੀਨ ਬਿੰਜੋਕੀ ਸੂਬਾ ਕਾਰਜਕਾਰਣੀ ਮੈਂਬਰ ਵਾਰਿਸ ਪੰਜਾਬ ਦੇ, ਚੌਧਰੀ ਸ਼ਮਸੂਦੀਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਐਡਵੋਕੇਟ ਪ੍ਰਵੇਜ਼ ਖਾਨ, ਇਲਯਾਸ ਜ਼ੁਬੈਰੀ ਸਾਬਕਾ ਕੌਂਸਲਰ, ਮਕਸੂਦ ਉਲ ਹੱਕ ਸਾਬਕਾ ਸੂਬਾ ਪ੍ਰਧਾਨ ਮੁਸਲਿਮ ਲੀਗ, ਹਾਜੀ ਅਨਵਾਰ ਅਹਿਮਦ ਬਿੱਟੂ ਚੋਹਾਨ, ਅਮਰਜੀਤ ਸਿੰਘ ਰੋਹਣੋਂ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ, ਨਰਿੰਦਰ ਸਿੰਘ, ਮੁਅੱਜ਼ਮ ਅਲੀ, ਯਾਦਵਿੰਦਰ ਸਿੰਘ ਫੌਜੀ ਛੋਕਰਾਂ, ਰਾਜਵਿੰਦਰ ਸਿੰਘ ਦੱਲਣਵਾਲ, ਮੋਹਨ ਸਿੰਘ, ਗੁਰਦੀਪ ਸਿੰਘ, ਗੁਰਭੇਜ ਸਿੰਘ ਬੁਰਜ, ਗੁਰਪ੍ਰੀਤ ਸਿੰਘ ਕਾਲਾ ਬੂਲਾ, ਜਸਵੀਰ ਸਿੰਘ ਧੰਦੀਵਾਲ, ਗੁਰਪ੍ਰੀਤ ਸਿੰਘ ਮੂਲੋਵਾਲ, ਮੁਹੰਮਦ ਰੱਜ਼ਾਕ, ਮੁਹੰਮਦ ਨਦੀਮ, ਮੱਘਰ ਸਿੰਘ ਗੁਆਰਾ, ਪਰਮਿੰਦਰ ਸਿੰਘ ਗੁਆਰਾ, ਬਲਵੀਰ ਸਿੰਘ ਜੱਥੇਬੰਦੀਆਂ ਦੇ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਅਪੀਲਾਂ ਕੀਤੀਆਂ ।

ਫੋਟੋ ਕੈਪਸ਼ਨ: ਕੌਮੀ ਇਨਸਾਫ ਮੋਰਚੇ ਦੇ ਸੱਦੇ ‘ਤੇ ਮਲੇਰਕੋਟਲਾ ਦੇ ਗਰੇਵਾਲ ਚੌਂਕ ‘ਚ ਧਰਨੇ ਦੀਆਂ ਤਸਵੀਰਾਂ ।

Similar Posts

Leave a Reply

Your email address will not be published. Required fields are marked *