“ਡਿੱਗੀ ਖੋਤੇ ਤੋਂ, ਗੁੱਸਾ ਘੁਮਾਰ ਤੇ” ਦਿੱਲੀ ਦੀ ਹਾਰ ਦਾ ਬਦਲਾ ਪੰਜਾਬ ਤੋਂ ਲਵੇਗੀ ‘ਆਪ’
ਮਲੇਰਕੋਟਲਾ, 10 ਫਰਵਰੀ (ਬਿਉਰੋ): ਆਮ ਆਦਮੀ ਪਾਰਟੀ ਨੂੰ ਪੰਜਾਬ ਨੇ ਜਵਾਨ ਕੀਤਾ, ਜਦੋਂ ਸਮੁੱਚੇ ਦੇਸ਼ ਵਿੱਚੋਂ ‘ਆਪ’ ਦੇ ਸਾਰੇ ਲੋਕ ਸਭਾ ਉਮੀਦਵਾਰ ਹਾਰ ਗਏ ਸਨ ਤਾਂ ਸਿਰਫ ਪੰਜਾਬ ਦੇ ਸੰਗਰੂਰ ਲੋਕ ਸਭਾ ਹਲਕੇ ਨੇ ਆਕਸੀਜਨ ਦੇ ਕੇ ਹੀ ਪਾਰਟੀ ਨੂੰ ਜ਼ਿੰਦਾ ਰੱਖਿਆ ਸੀ । 2017 ‘ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਕੇ ਵਿਰੋਧੀ ਧਿਰ ‘ਚ ਸਥਾਨ ਦਿੱਤਾ ਅਤੇ 2022 ‘ਚ 92 ਸੀਟਾਂ ਦਾ ਮਜ਼ਬੂਤ ਬਹੁਮਤ ਦੇ ਕੇ ਸਰਕਾਰ ਬਣਾਈ । ਪਰੰਤੂ ਪਾਰਟੀ ਨੇ ਪੰਜਾਬ ਨੂੰ ਹਰ ਪੱਖੋਂ ਇਸਤੇਮਾਲ ਹੀ ਕੀਤਾ, ਭਾਵੇਂ ਉਹ ਪੰਜਾਬ ਦਾ ਪੈਸਾ ਦੂਜੇ ਸੂਬਿਆਂ ਦੇ ਚੋਣ ਪ੍ਰਚਾਰ ਲਈ ਵਰਤੋਂ ਦਾ ਮਾਮਲਾ ਹੋਵੇ, ਪੰਜਾਬ ਪੁਲਸ ਦੀ ਸੁਰੱਖਿਆ ਦੂਜੇ ਸੂਬੇ ਦੇ ਆਗੂਆਂ ਨੂੰ ਦੇਣ ਦਾ ਮਾਮਲਾ ਹੋਵੇ ਜਾਂ ਸਰਕਾਰੀ ਗੱਡੀਆਂ, ਹੈਲੀਕਾਪਟਰ ਆਦਿ ਦੇ ਮਾਮਲੇ ਹੋਣ । ਪੰਜਾਬ ਨੇ ਦੇਸ਼ ਭਰ ਵਿੱਚ ਪਾਰਟੀ ਦੀ ਸ਼ਾਖ ਜ਼ਿੰਦਾ ਰੱਖੀ ਪਰੰਤੂ ਪਾਰਟੀ ਨੇ ਹਮੇਸ਼ਾ ਹੀ ਪੰਜਾਬ ਨੂੰ ਆਪਣੇ ਹਿੱਤਾਂ ਲਈ ਵਰਤਿਆ । 8 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਜਿਸ ਵਿੱਚ ਆਮ ਆਦਮੀ ਪਾਰਟੀ ਦੀ ਸ਼ਰਮਾਨਾਕ ਹਾਰ ਹੋਈ । ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਅਤੇ ਕਈ ਮੰਤਰੀ ਵੀ ਚੋਣ ਹਾਰ ਗਏ ਹਨ । ਪੰਜਾਬ ਦੀ ‘ਆਪ’ ਸਰਕਾਰ ਦਿੱਲੀ ਦੀ ਹਾਰ ਦਾ ਬਦਲਾ ਪੰਜਾਬ ਦੇ ਲੋਕਾਂ ਤੋਂ ਲੈਣ ਜਾ ਰਹੀ ਹੈ ਭਾਵ “ਡਿੱਗੀ ਖੋਤੇ ਤੋਂ, ਗੁੱਸਾ ਘੁਮਾਰ ਤੇ” । ਕੰਗਾਲੀ ਦੀ ਕਗਾਰ ਤੇ ਪਹੁੰਚ ਚੁੱਕੀ ਪੰਜਾਬ ਸਰਕਾਰ ਨੇ ਯੋਜਨਾ ਬਣਾਈ ਹੈ ਕਿ ਖੂਨ ਦੇ ਰਿਸ਼ਤੇ ਵਿੱਚ ਹੁਣ ਪ੍ਰਾਪਰਟੀ ਟਰਾਂਸਫਰ ਕਰਨ ‘ਤੇ 2.5 ਫੀਸਦੀ ਤੱਕ ਦੀ ਸਟੈਂਪ ਡਿਊਟੀ ਦੇਣੀ ਪੈ ਸਕਦੀ ਹੈ । 10 ਫਰਵਰੀ ਨੂੰ ਹੋਣ ਵਾਲੀ ਕੈਬਿਨਟ ਮੀਟਿੰਗ ਵਿੱਚ ਇਸ ਦੀ ਚਰਚਾ ਕਰਕੇ ਮਨਜ਼ੂਰੀ ਦੇਣ ਦੀ ਸੰਭਾਵਨਾ ਸੀ ਪਰੰਤੂ ਦਿੱਲੀ ਚੋਣਾਂ ਦੀ ਹਾਰ ਕਾਰਣ ਕੈਬਿਨਟ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ । ਅਗਲੀ ਮੀਟਿੰਗ ਵਿੱਚ ਜੇਕਰ ਖੂਨ ਦੇ ਰਿਸ਼ਤੇ ‘ਚ ਪ੍ਰਾਪਰਟੀ ਟਰਾਂਸਫਰ ਹੋਣ ਵਾਲੀ ਮੁਫਤ ਦੀ ਸਹੂਲਤ ਬੰਦ ਕਰਨ ਸਬੰਧੀ ਫੈਸਲਾ ਲਿਆ ਜਾ ਸਕਦਾ ਹੈ । ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਦੇ ਮਾਲ ਅਤੇ ਪੁਨਰਵਾਸ ਵਿਭਾਗ ਨੇ ਇਹ ਸਹੂਲਤ ਆਮ ਲੋਕਾਂ ਨੂੰ ਰਾਹਤ ਦੇਣ ਲਈ ਸ਼ੁਰੂ ਕੀਤੀ ਸੀ ਕਿ ਆਪਣੀ ਹੀ ਸਰਕਾਰ ਨੂੰ ਟੈਕਸ ਦੇ ਕੇ ਖਰੀਦੀ ਹੋਈ ਜਾਂ ਜੱਦੀ ਜਾਇਦਾਦ ਨੂੰ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਤਬਦੀਲ ਕਰਨ ਲਈ ਅਸ਼ਟਾਮ ਡਿਊਟੀ ਲੈਣਾ ਠੀਕ ਨਹੀਂ ਹੈ ਸਿਰਫ ਮਾਮੂਲੀ ਫੀਸ ਅਦਾ ਕਰਕੇ ਹੀ ਰਜਿਸਟਰੀ ਕੀਤੀ ਜਾਵੇ ਜੋ ਹੁਣ ਤੱਕ ਚੱਲ ਰਹੀ ਸੀ ।
ਭਾਰਤ ਦੇ ਮਸ਼ਹੂਰ ਮੀਡੀਆ ਅਦਾਰੇ ‘ਦਾ ਇੰਡੀਅਨ ਐਕਸਪ੍ਰੈਸ’ ‘ਚ ਛਪੀ ਕੰਚਨ ਵਾਸਦੇਵ ਦੀ ਰਿਪੋਰਟ ਅਨੁਸਾਰ ਸੂਬੇ ਦੇ ਵਿੱਤੀ ਸੰਕਟ ਨਾਲ ਜੂਝ ਰਹੀ ਸੂਬਾ ਸਰਕਾਰ ਨੂੰ ਨਿਸ਼ਚਿਤ ਰੂਪ ਨਾਲ ਇਸ ਫੈਸਲੇ ਨਾਲ ਹੋਰ ਆਮਦਨ ਹੋਵੇਗੀ । ਵਿਭਾਗ ਪਿਛਲੀਆਂ ਰਜਿਸਟਰੀਆਂ ਨੂੰ ਅਧਾਰ ਬਣਾਕੇ ਇਸ ਦੀ ਸਮੀਖਿਆ ਕਰ ਰਿਹੈ । ਜ਼ਿਕਰਯੋਗ ਹੈ ਕਿ ਹੁਣ ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਆਪਣੇ ਪੁੱਤਰ, ਪੁੱਤਰੀ, ਪੋਤਾ, ਪੋਤੀ, ਪਤਨੀ, ਪਿਤਾ, ਮਾਤਾ ਆਦਿ ਨੂੰ ਤਬਦੀਲ ਕਰਦਾ ਹੈ ਤਾਂ ਮਾਮੂਲੀ ਫੀਸ ਅਦਾ ਕਰਕੇ ਬਿਨਾਂ ਅਸ਼ਟਾਮ ਡਿਊਟੀ ਤੋਂ ਰਜਿਸਟਰੀ ਹੋ ਜਾਂਦੀ ਹੈ । ਨਕਦੀ ਦੀ ਤੰਗੀ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਪਰਿਵਾਰਾਂ ਵਿੱਚ ਜਾਇਦਾਦ ਦੇ ਤਬਾਦਲੇ ‘ਤੇ ਸਟੈਂਪ ਡਿਊਟੀ ਵਾਪਸ ਲਿਆਉਣ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਿ ਮਾਪਿਆਂ ਤੋਂ ਬੱਚਿਆਂ (ਪੁੱਤਰਾਂ ਅਤੇ ਧੀਆਂ) ਅਤੇ ਦਾਦਾ-ਦਾਦੀ ਤੋਂ ਪੋਤੇ-ਪੋਤੀਆਂ ਨੂੰ ਸਿੱਧੇ ਤਬਾਦਲੇ ‘ਤੇ ਇੱਕ ਪ੍ਰਤੀਸ਼ਤ ਸਟੈਂਪ ਡਿਊਟੀ ਲੱਗੇਗੀ, ਜਦੋਂ ਕਿ ਭਰਾਵਾਂ, ਭੈਣਾਂ, ਪਤੀ-ਪਤਨੀ ਵਿਚਕਾਰ ਸਮੇਤ ਹੋਰ ਸਾਰੇ ਤਬਾਦਲਿਆਂ ਲਈ ਇਹ 2.5 ਪ੍ਰਤੀਸ਼ਤ ਹੋਵੇਗਾ ।
ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਜਾਇਦਾਦ ਦੇ ਤਬਾਦਲੇ (ਪੰਜਾਬ ਸੋਧ) ਐਕਟ, 2023 ਨੂੰ ਸੂਚਿਤ ਕਰਕੇ ਜਨਰਲ ਪਾਵਰ ਆਫ਼ ਅਟਾਰਨੀ (GPA) ਰਾਹੀਂ ਤਬਦੀਲ ਕੀਤੀ ਗਈ ਜਾਇਦਾਦ ‘ਤੇ 2 ਪ੍ਰਤੀਸ਼ਤ ਸਟੈਂਪ ਡਿਊਟੀ ਲਗਾਉਣ ਦਾ ਵੀ ਨੋਟੀਫਿਕੇਸ਼ਨ ਜਾਰੀ ਕਰਕੇ ਦੇਖਿਆ ਸੀ ਤਾਂ ਪੰਜਾਬ ਦੇ ਲੋਕਾਂ ਵੱਲੋਂ ਜ਼ਿਆਦਾ ਵਿਰੋਧ ਨਾ ਹੁੰਦਾ ਦੇਖ ਸਰਕਾਰ ਦੇ ਹੌਸਲੇ ਵਧ ਗਏ ਅਤੇ ਹੁਣ ਪਰਿਵਾਰਕ ਤਬਦੀਲ ਮਲਕੀਅਤ ਉੱਤੇ ਵੀ ਸਟੈਂਪ ਡਿਊਟੀ ਲਗਾਉਣ ਜਾ ਰਹੀ ਹੈ ਜਿਸ ਨਾਲ ਪੰਜਾਬ ਦੀ ਜਨਤਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਆਪਣੇ ਹੀ ਪਰਿਵਾਰ ਵਿੱਚ ਆਪਣੀ ਹੀ ਜਾਇਦਾਦ ਤਬਦੀਲ ਕਰਨ ਲਈ ਸਰਕਾਰ ਨੂੰ ਬੇਵਜ੍ਹਾ ਅਸ਼ਟਾਮ ਡਿਊਟੀ ਦੇ ਨਾਮ ‘ਤੇ ਗੁੰਡਾ ਟੈਕਸ ਦੇਣਾ ਹੋਵੇਗਾ । ਸੂਬੇ ਦੇ ਲੋਕਾਂ ਵਿੱਚ ਜਨਰਲ ਪਾਵਰ ਆਫ਼ ਅਟਾਰਨੀ ਅਤੇ ਪਰਿਵਾਰਕ ਤਬਦੀਲ ਮਲਕੀਅਤ ਉੱਤੇ ਲਗਾਈ ਜਾ ਰਹੀ ਸਟੈਂਪ ਡਿਊਟੀ ਕਾਰਣ ਰੋਸ ਵਧਦਾ ਜਾ ਰਿਹਾ ਹੈ ਜੋ ਪੰਜਾਬ ‘ਚ ‘ਆਪ’ ਨੂੰ 2027 ਤੱਕ ਦਿੱਲੀ ਵਿਧਾਨ ਸਭਾ ਚੋਣਾਂ 2025 ਵਾਲੇ ਪੱਧਰ ਤੋਂ ਵੀ ਥੱਲੇ ਲੈ ਆਵੇਗਾ ।



