ਸਿਵਲ ਹਸਪਤਾਲ ਵਿਖੇ ਡਾਕਟਰਾਂ ਦੀ ਤੈਨਾਤੀ ਲਈ ‘ਕਰੈਡਿਟ ਵਾਰ’ ਜ਼ੋਰਾਂ ‘ਤੇ

author
0 minutes, 2 seconds Read

ਡਾਕਟਰਾਂ ਦੀ ਤੈਨਾਤੀ ਦੀਆਂ ਖਬਰਾਂ ਨੇ ਵਿਧਾਇਕ ਅਤੇ ਪੱਤਰਕਾਰਤਾ ਉੱਤੇ ਖੜੇ ਕੀਤੇ ਅਨੇਕਾਂ ਸਵਾਲ

ਮਲੇਰਕੋਟਲਾ, 06 ਫਰਵਰੀ (ਬਿਉਰੋ): ਲੱਖਾਂ ਦੀ ਅਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਜੋ ਹੁਣ ਜ਼ਿਲ੍ਹਾ ਬਣ ਚੁੱਕਾ ਹੈ ਦਾ ਸਿਵਲ ਹਸਪਤਾਲ ਲੰਬੇ ਸਮੇਂ ਤੋਂ ਡਾਕਟਰਾਂ ਅਤੇ ਸਟਾਫ ਦੀ ਘਾਟ ਨਾਲ ਜੂਝ ਰਿਹਾ ਹੈ ਜਿਸ ਕਾਰਣ ਗਰੀਬ-ਮਜ਼ਦੂਰ ਲੋਕਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ । ਇਸ ਨੂੰ ਲੈਕੇ ਮਲੇਰਕੋਟਲਾ ਦੇ ਸਮਾਜਸੇਵੀ ਸੰਗਠਨਾਂ ਵੱਲੋਂ 40 ਦਿਨਾਂ ਤੱਕ ਹਸਪਤਾਲ ਵਿਖੇ ਧਰਨਾ ਵੀ ਲਗਾਇਆ ਗਿਆ ਸੀ ਅਤੇ ਇਲਾਕੇ ਦੇ ਸੁਹਿਰਦ ਲੋਕਾਂ ਵੱਲੋਂ ਸਮੇਂ-ਸਮੇਂ ‘ਤੇ ਵਿਧਾਇਕ ਮਲੇਰਕੋਟਲਾ, ਡਿਪਟੀ ਕਮਿਸ਼ਨਰ, ਸੀਐਮਓ ਅਤੇ ਮੁੱਖ ਮੰਤਰੀ ਨੂੰ ਲਿਖਤੀ ਮੰਗ ਪੱਤਰ ਵੀ ਦਿੱਤੇ ਗਏ ਪਰੰਤੂ ਕੋਈ ਵੀ ਸੁਣਵਾਈ ਨਾ ਹੋਈ । ਲੰਬੇ ਅਰਸੇ ਦੇ ਇੰਤਜ਼ਾਰ ਤੋਂ ਬਾਦ ਸਿਵਲ ਹਸਪਤਾਲ ਮਲੇਰਕੋਟਲਾ ਨੂੰ ਪਹਿਲੀ ਵਾਰ ਇਕੱਠੇ 7 ਵੱਖ-ਵੱਖ ਮਰਜ਼ਾਂ ਦੇ ਡਾਕਟਰ ਮਿਲੇ ਹਨ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਰਾਹੁਲ ਆਈਏਐਸ ਵੱਲੋ ਇੱਕ ਪੱਤਰ ਜਾਰੀ ਕਰਕੇ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਾ. ਠਾਕੁਰ ਵੀਰ ਸਿੰਘ ਮੈਡੀਕਲ ਅਫਸਰ, ਡਾ. ਪ੍ਰਿਯੰਕਾ ਵਸ਼ਿਸ਼ਟ ਮੈਡੀਕਲ ਅਫਸਰ ਗਾਇਨੀ, ਡਾ. ਸ਼ਮਸ਼ੇਰ ਸਿੰਘ ਮੈਡੀਕਲ ਅਫਸਰ, ਡਾ. ਅਮਰਿੰਦਰ ਸਿੰਘ ਮੈਡੀਕਲ ਅਫਸਰ (ਸਰਜਰੀ), ਜੈਦੀਪ ਸਿੰਘ ਮੈਡੀਕਲ ਅਫਸਰ ਜਨਰਲ, ਡਾ. ਸੀਨਾ ਚੋਪੜਾ ਮੈਡੀਕਲ ਅਫਸਰ ਗਾਇਨੀ ਅਤੇ ਡਾ. ਜਸਜੋਤ ਸਿੰਘ ਮੈਡੀਕਲ ਅਫਸਰ ਜਨਰਲ ਦੀ ਨਿਯੁਕਤੀ ਕੀਤੀ ।

ਜ਼ਿਕਰਯੋਗ ਹੈ ਕਿ ਇਲਾਕਾ ਨਿਵਾਸੀਆਂ ਦੀਆਂ ਤਕਲੀਫਾਂ ਅਤੇ ਇਲਾਜ ਕਰਵਾਉਣ ਲਈ ਬੇਬਸ ਹੋਏ ਲੋਕਾਂ ਨੂੰ ਦੇਖਦੇ ਹੋਏ ਸਾਬਕਾ ਕੌਂਸਲਰ ਅਤੇ ਪ੍ਰਸਿੱਧ ਸਮਾਜਸੇਵੀ ਬੇਅੰਤ ਕਿੰਗਰ ਅਤੇ ਉਹਨਾਂ ਦੇ ਹੋਣਹਾਰ ਸਪੁੱਤਰ ਐਡਵੋਕੇਟ ਭੀਸ਼ਮ ਕਿੰਗਰ ਨੇ ਬੀੜਾ ਚੁੱਕਿਆ । ਉਹਨਾਂ ਆਪਣੇ ਸ਼ਹਿਰ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਅਦਾਲਤ ਦਾ ਸਹਾਰਾ ਲੈ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਇੱਕ ਪੀਆਈਐਲ ਦਾਇਰ ਕੀਤੀ ਅਤੇ ਉਹਨਾਂ ਦੀ ਮਿਹਨਤ ਰੰਗ ਲਿਆਈ। ਜਿਸ ‘ਤੇ ਮਾਣਯੋਗ ਅਦਾਲਤ ਨੇ ਕਾਰਵਾਈ ਕਰਦਿਆਂ ਪ੍ਰਮੁੱਖ ਸਕੱਤਰ ਨੂੰ ਉਕਤ ਨਿਯੁੱਕਤੀਆਂ ਸਬੰਧੀ ਹਦਾਇਤ ਕੀਤੀ । ਐਡਵੋਕੇਟ ਕਿੰਗਰ ਨੇ ਅਦਾਰਾ ਅਬੂ ਜ਼ੈਦ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 27 ਜਨਵਰੀ 2025 ਨੂੰ ਐਸਐਮਓ ਮਲੇਰਕੋਟਲਾ ਅਦਾਲਤ ਵਿੱਚ ਪੇਸ਼ ਹੋਏ ਸਨ ਜਿਹਨਾਂ ਦੇ ਬਿਆਨ ਤੋਂ ਅਸੰਤੁਸ਼ਟ ਅਦਾਲਤ ਵੱਲੋਂ ਪ੍ਰਮੁੱਖ ਸਕੱਤਰ ਨੂੰ ਉਕਤ ਹਦਾਇਤ ਜਾਰੀ ਕੀਤੀ ਗਈ । ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਾਕਟਰਾਂ ਦੀ ਤੈਨਾਤੀ ਦੇ ਹੁਕਮ ਜਾਰੀ ਹੁੰਦਿਆਂ ਹੀ ‘ਕਰੈਡਿਟ ਵਾਰ’ ਸ਼ੁਰੂ ਹੋ ਗਈ । ਕੁਝ ਅਖਬਾਰਾਂ ਨੇ ਇਹਨਾਂ ਤੈਨਾਤੀਆਂ ਦਾ ਸਿਹਰਾ ਵਿਧਾਇਕ ਮਲੇਰਕੋਟਲਾ ਦੇ ਸਿਰ ਬੰਨ ਦਿੱਤਾ ਪਰੰਤੂ ਉਹਨਾਂ ਹੀ ਅਖਬਾਰਾਂ ਨੇ ਅਗਲੇ ਦਿਨ ਖਬਰ ਪਲਟਾਕੇ ਲਗਾ ਦਿੱਤੀ ਕਿ ਇਹ ਸਭ ਤਾਂ ਐਡਵੋਕੇਟ ਸ੍ਰੀ ਭੀਸ਼ਮ ਕਿੰਗਰ ਦੀ ਪੀਆਈਐਲ ਦਾ ਨਤੀਜਾ ਹੈ ਇਸ ਤੋਂ ਬਾਦ ਉਹਨਾਂ ਦੀ ਸ਼ਹਿਰ ਵਿੱਚ ਖੂਬ ਪ੍ਰਸ਼ੰਸਾ ਹੋ ਰਹੀ ਹੈ ਅਤੇ ਨਾਮੀ ਮੀਡੀਆ ਅਦਾਰੇ ਐਡਵੋਕੇਟ ਸ੍ਰੀ ਕਿੰਗਰ ਦੇ ਇੰਟਰਵਿਊ ਲੈਣ ਲਈ ਆ ਰਹੇ ਹਨ । ਇਸ ਸਾਰੇ ਐਪੀਸੋਡ ਨੇ ਮਲੇਰਕੋਟਲਾ ਦੀ ਪੱਤਰਕਾਰਤਾ ਨੂੰ ਵੀ ਕਟਿਹਰੇ ਵਿੱਚ ਖੜੇ ਕਰ ਦਿੱਤਾ ਹੈ । ਦੂਜੇ ਪਾਸੇ ਵਿਧਾਇਕ ਮਲੇਰਕੋਟਲਾ ਉੱਤੇ ਵੀ ਅਨੇਕਾਂ ਸਵਾਲ ਖੜੇ ਹੋ ਰਹੇ ਹਨ ਕਿ ਜੇਕਰ ਇਹ ਐਨਾ ਹੀ ਸੰਜੀਦਾ ਮੁੱਦਾ ਸੀ ਤਾਂ ਸਰਕਾਰ ਦਾ ਹਿੱਸਾ ਹੁੰਦਿਆਂ ਵੀ ਤਿੰਨ ਸਾਲ ਤੋਂ ਇਸ ਦਾ ਹੱਲ ਕਿਉਂ ਨਹੀਂ ਕੀਤਾ ਗਿਆ, ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦਾ ਵੀ ਮਾਮਲਾ ਗੰਭੀਰ ਹੈ ਉਸਨੂੰ ਵੀ ਸੰਜੀਦਗੀ ਨਾਲ ਲੈਣਾ ਬਣਦਾ ਹੈ । ਨੌਜਵਾਨ ਐਡਵੋਕੇਟ ਕਿੰਗਰ ਨੇ ਮਲੇਰਕੋਟਲਾ ਦੇ ਲੋਕਾਂ ਵਿੱਚ ਵੀ ਜਾਗਰੂਕਤਾ ਲਿਆ ਦਿੱਤੀ ਹੈ ਕਿ ਕਿਵੇਂ ਅਸੀਂ ਆਪਣੇ ਹੱਕਾਂ ਅਤੇ ਅਧਿਕਾਰਾਂ ਲਈ ਸਿਸਟਮ ਨਾਲ ਲੜ ਸਕਦੇ ਹਾਂ ।

ਫੋਟੋ ਕੈਪਸ਼ਨ: ਸਾਬਕਾ ਕੌਂਸਲਰ ਬੇਅੰਤ ਕਿੰਗਰ ਅਤੇ ਐਡਵੋਕੇਟ ਭੀਸ਼ਮ ਕਿੰਗਰ ।

Similar Posts

Leave a Reply

Your email address will not be published. Required fields are marked *