ਦਫਤਰ ਅਧਿਕਾਰੀਆਂ ਦੇ ਰਵੱਈਏ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਆਰ.ਪੀ.ਓ. ਨੂੰ ਕੀਤੀ ਜਾਵੇਗੀ
ਮਲੇਰਕੋਟਲਾ, 21 ਦਸੰਬਰ (ਅਬੂ ਜ਼ੈਦ): ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਸੰਗਰੂਰ ਦੇ ਲੋਕ ਸਭਾ ਮੈਂਬਰ ਰਹਿੰਦਿਆਂ ਅਤੇ ਵਿਧਾਇਕਾ ਰਜ਼ੀਆ ਸੁਲਤਾਨਾ ਦੇ ਸਮੇਂ ਜਦੋਂ 16 ਫਰਵਰੀ 2019 ਨੂੰ ਪਾਸਪੋਰਟ ਦਫਤਰ ਮਲੇਰਕੋਟਲਾ ਵਿਖੇ ਖੁੱਲਿਆ ਤਾਂ ਦੋਵਾਂ ਨੇ ਇਸ ਦਾ ਕਰੈਡਿਟ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ । ਲੋਕਾਂ ਨੇ ਦੋਵਾਂ ਦਾ ਹੀ ਹਾਰਦਿਕ ਸਵਾਗਤ ਕੀਤਾ ਕਿ ਮਲੇਰਕੋਟਲਾ ਲਈ ਬਹੁਤ ਵੱਡਾ ਤੋਹਫਾ ਦਿੱਤਾ ਹੈ ਹੁਣ ਲੁਧਿਆਣਾ, ਚੰਡੀਗੜ੍ਹ ਦੇ ਚੱਕਰ ਨਹੀਂ ਕੱਟਣੇ ਪੈਣਗੇ । ਸ਼ੁਰੂ ਦੇ ਦਿਨਾਂ ਵਿੱਚ ਪਾਸਪੋਰਟ ਅਪਲਾਈ ਕਰਕੇ ਲੰਬੇ ਸਮੇਂ ਤੱਕ ਇੰਤਜਾਰ ਕਰਨਾ ਪੈਂਦਾ ਸੀ ਕਿ ਸਟਾਫ ਦੀ ਕਮੀ ਹੈ । ਪਰੰਤੂ 5 ਸਾਲ ਪੂਰੇ ਹੋਣ ‘ਤੇ ਵੀ ਲੋਕਾਂ ਨੂੰ ਮਲੇਰਕੋਟਲਾ ਵਿੱਚ ਪਾਸਪੋਰਟ ਬਣਾਉਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਲੋਕ ਸਮਾਂ ਲੈ ਕੇ ਸਾਰਾ-ਸਾਰਾ ਦਿਨ ਦਫਤਰ ਵਿੱਚ ਤਰਲੋ-ਮੱਛੀ ਹੋ ਰਹੇ ਹਨ । ਸਿਆਸੀ ਪਹੁੰਚ ਵਾਲੇ ਲੋਕ ਆਪਣੇ ਕੰਮ ਝੱਟਪੱਟ ਕਰਵਾਕੇ ਚਲੇ ਜਾਂਦੇ ਹਨ ਅਤੇ ਆਮ ਲੋਕ ਘੰਟਿਆਂ ਬੱਧੀ ਦਫਤਰ ਵਿੱਚ ਇੰਤਜਾਰ ਕਰਦੇ ਰਹਿੰਦੇ ਹਨ, ਕਈ ਤਾਂ ਬਿਨਾਂ ਸਮਾਂ ਮਿਲੇ ਹੀ ਸ਼ਾਮ ਨੂੰ ਵਾਪਸ ਮੁੜ ਜਾਂਦੇ ਹਨ ਅਤੇ ਫਿਰ ਮਹੀਨਿਆਂ ਬਾਦ ਦੋਬਾਰਾ ਸਮਾਂ ਲੈ ਕੇ ਪਾਸਪੋਰਟ ਬਣਾਉਂਦੇ ਹਨ । ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮਲੇਰਕੋਟਲਾ ਨਿਵਾਸੀ ਮੁਹੰਮਦ ਅਸ਼ਰਫ ਨੇ ਦੱਸਿਆ ਕਿ ਉਸਨੇ ਆਪਣਾ, 5 ਸਾਲ ਦੇ ਬੇਟੇ ਅਤੇ ਪਤਨੀ ਦਾ ਪਾਸਪੋਰਟ ਬਣਾਉਣ ਲਈ 18 ਦਸੰਬਰ ਦਾ ਦੁਪਹਿਰ 1.30 ਦਾ ਸਮਾਂ ਲਿਆ, ਬੇਟੇ ਦੀ ਸਕੂਲੋਂ ਛੁੱਟੀ ਕਰਵਾਈ ਅਤੇ ਉਹ 12 ਵਜੇ ਹੀ ਦਫਤਰ ਚਲੇ ਗਏ । ਉਹਨਾਂ ਦੱਸਿਆ ਕਿ ਉਹਨਾਂ ਦਾ ਮੱਝਾਂ, ਗਾਵਾਂ ਦਾ ਡੇਅਰੀ ਫਾਰਮ ਦਾ ਕੰਮ ਹੈ, ਉਹਨਾਂ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਮੇਰੇ ਬੇਟੇ ਦੀ ਪੜਾਈ ਦਾ ਨੁਕਸਾਨ ਹੋਵੇਗਾ ਸੋ ਕੰਮ ਸਮੇਂ ਉੱਤੇ ਕਰ ਦਿੱਤਾ ਜਾਵੇ ਅਤੇ 4.30 ਤੋਂ ਬਾਦ ਪਸ਼ੂ ਸੰਭਾਲਣ ਦਾ ਕੰਮ ਕਰਨਾ ਹੈ ਪਰੰਤੂ ਅਧਿਕਾਰੀਆਂ ਦੇ ਕੰਨ ਤੇ ਜੂੰਅ ਨਾ ਰੇਂਗੀ ਅਤੇ ਪ੍ਰਭਾਵੀ ਲੋਕਾਂ ਜਾਂ ਚਹੇਤਿਆਂ ਦੇ ਕੰਮ ਕਰਦੇ ਰਹੇ । ਉਹਨਾਂ ਬੇਨਤੀ ਕੀਤੀ ਕਿ ਮੇਰੇ ਬੇਟੇ ਦਾ ਪਾਸਪੋਰਟ ਪਹਿਲਾਂ ਬਣਾ ਦਿੱਤਾ ਜਾਵੇ ਮੈਂ ਫਿਰ ਬਣਵਾ ਲਵਾਂਗਾ ਪਰੰਤੂ ਸ਼ਾਮ ਤੱਕ ਮੈਨੂੰ ਬਿਠਾ ਕੇ ਰੱਖਿਆ ਅਤੇ ਆਪਣੇ ਕੰਮਕਾਜ ਦੇ ਮੁਤਾਬਿਕ ਮੈਨੂੰ ਵਾਪਸ ਆਉਣਾ ਪਿਆ । ਸਿਰਫ ਮੇਰੀ ਪਤਨੀ ਦਾ ਪਾਸਪੋਰਟ ਫਾਰਮ ਸ਼ਾਮ 5 ਤੋਂ ਬਾਦ ਜਮ੍ਹਾ ਹੋਇਆ। ਪਾਸਪੋਰਟ ਦੀ ਡੇਟ ਪਹਿਲਾਂ ਹੀ ਦੋ ਮਹੀਨੇ ਬਾਦ ਦੀ ਮਿਲਦੀ ਹੈ, ਇਹ ਦਫਤਰ ਵਾਲੇ ਸਮੇਂ ਸਿਰ ਕੰਮ ਨਾ ਕਰਕੇ ਫਿਰ ਤੋਂ ਦੋ ਮਹੀਨੇ ਹੋਰ ਪਿੱਛੇ ਕਰ ਦਿੰਦੇ ਨੇ । ਉਹਨਾਂ ਕਿਹਾ ਕਿ ਉਹ ਦਫਤਰ ਅਧਿਕਾਰੀਆਂ ਦੇ ਰਵੱਈਏ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਅਤੇ ਆਰ.ਪੀ.ਓ. ਚੰਡੀਗੜ੍ਹ ਨੂੰ ਵੀ ਕਰਨਗੇ ।
ਮੇਰੀ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ, ਰੀਜ਼ਨਲ ਪਾਸਪੋਰਟ ਅਫਸਰ ਚੰਡੀਗੜ੍ਹ, ਡਿਪਟੀ ਕਮਿਸ਼ਨਰ ਮਲੇਰਕੋਟਲਾ ਅਤੇ ਵਿਧਾਇਕ ਮਲੇਰਕੋਟਲਾ, ਸਾਬਕਾ ਵਿਧਾਇਕਾ ਰਜ਼ੀਆ ਸੁਲਤਾਨਾ ਨੂੰ ਅਪੀਲ ਕੀਤੀ ਕਿ ਪਾਸਪੋਰਟ ਦਫਤਰ ਦੀ ਸਾਰ ਲਈ ਜਾਵੇ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ । ਜਦੋਂ ਦਫਤਰ ਖੁਲਿਆ ਸੀ ਤਾਂ ਕਾਂਗਰਸ ਪਾਰਟੀ ਦੀ ਵਿਧਾਇਕਾ ਸਾਰਾ ਕਰੈਡਿਟ ਆਪਣੇ ਨਾਮ ਕਰ ਰਹੇ ਸਨ ਕਿ ਇਹ ਪ੍ਰੋਜੈਕਟ ਕੇਂਦਰ ਤੋਂ ਅਸੀਂ ਲੈ ਕੇ ਆਏ ਹਾਂ ਅਤੇ ਆਮ ਆਦਮੀ ਪਾਰਟੀ ਦੇ ਤਤਕਾਲੀਨ ਲੋਕ ਸਭਾ ਮੈਂਬਰ ਭਗਵੰਤ ਮਾਨ ਕਹਿ ਰਹੇ ਸੀ ਕਿ ਇਹ ਡਰੀਮ ਪ੍ਰੋਜੈਕਟ ਅਸੀਂ ਲੈ ਕੇ ਆਏ ਹਾਂ । ਪਰੰਤੂ ਜਦੋਂ ਅੱਜ ਦਫਤਰ ਦੀ ਹਾਲਤ ਬਦ ਤੋਂ ਬਦਤਰ ਹੋ ਰਹੀ ਹੈ ਤਾਂ ਕੋਈ ਵੀ ਧਿਆਨ ਨਹੀਂ ਦਿੰਦਾ ।
ਫੋਟੋ ਕੈਪਸ਼ਨ: 16 ਫਰਵਰੀ 2019 ਨੂੰ ਮਲੇਰਕੋਟਲਾ ਵਿਖੇ ਪਾਸਪੋਰਟ ਦਫਤਰ ਦਾ ਉਦਘਾਟਨ ਕਰ ਮੌਕੇ ਲੋਕ ਸਭਾ ਮੈਂਬਰ ਸੰਗਰੂਰ ਭਗਵੰਤ ਮਾਨ, ਸਥਾਨਿਕ ਵਿਧਾਇਕਾ ਰਜ਼ੀਆ ਸੁਲਤਾਨਾ ਅਤੇ ਅਧਿਕਾਰੀ ।