ਅਜਿਹੀਆਂ ਹਰਕਤਾਂ ਕਰਕੇ ਹੀ ਵਰਲਡ ਪ੍ਰੈਸ ਫਰੀਡਮ ਇੰਡੈਕਸ ‘ਚ ਭਾਰਤ ਸਭ ਤੋਂ ਨਿਚਲੇ 161ਵੇਂ ਰੈਂਕ ‘ਤੇ
ਮਲੇਰਕੋਟਲਾ, 09 ਮਾਰਚ (ਬਿਉਰੋ): ਪੰਜਾਬ ਦੀ ਜਵਾਨੀ, ਕਿਸਾਨੀ ਜਾਂ ਪਾਣੀਆਂ ਦੀ ਗੱਲ ਕੋਈ ਕਰੇਗਾ ਤਾਂ ਉਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਅਜਿਹਾ ਕੁਝ ਚੱਲ ਰਿਹਾ ਹੈ ਅੱਜਕੱਲ ਦੇਸ਼ ਅਤੇ ਸੂਬੇ ਅੰਦਰ । ਦੁਬਈ ਤੋਂ ਆਪਣਾ ਕਾਰੋਬਾਰ ਛੱਡਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਦੇ ਕੋਹੜ ਤੋਂ ਬਚਾਉਣ ਲਈ ਉਪਰਾਲੇ ਕਰਨ ਵਾਲੇ ਅਤੇ ਨੌਜਵਾਨਾਂ ਨੂੰ ਸਿੱਖੀ ਦੇ ਰੰਗ ‘ਚ ਰੰਗਣ ਵਾਲੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਮੁਖੀ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਨੂੰ ਪੰਜਾਬ ਅਤੇ ਕੇਂਦਰ ਨੇ ਸਾਂਝਾ ਅਪ੍ਰੇਸ਼ਨ ਕਰਕੇ ਗ੍ਰਿਫਤਾਰ ਕਰ ਸਾਥੀਆਂ ਸਮੇਤ ਹਜ਼ਾਰਾਂ ਕਿਲੋੋਮੀਟਰ ਦੂਰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਲਗਾਕੇ ਬੰਦ ਕਰ ਦਿੱਤਾ । ਸਰਕਾਰਾਂ ਨੂੰ ਡਰ ਹੈ ਕਿ ਦੋਬਾਰਾ ਕੋਈ ਵੀ ਆਵਾਜ਼ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਾ ਉੱਠੇ । ਜੇਕਰ ਕੋਈ ਮੀਡੀਆ ਚੈਨਲ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸਨੂੰ ਵੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਜਾਂਦਾ ਹੈ । ਅਜਿਹਾ ਹੀ ਕੁਝ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਚੁੱਕੇ ਚੈਨਲ ‘ਪ੍ਰਥਮ ਪੰਜਾਬ ਟੀਵੀ’ ਨਾਲ ਵੀ ਹੋਇਆ ਹੈ । ਜਨਤਾ ਦੇ ਜ਼ਮੀਨੀ ਪੱਧਰ ਦੇ ਮੁੱਦਿਆਂ ਨੂੰ ਸਰਕਾਰ ਦੇ ਸਾਹਮਣੇ ਰੱਖਣ ਵਾਲੇ ‘ਪ੍ਰਥਮ ਪੰਜਾਬ ਟੀਵੀ’ ਸਰਕਾਰ ਦੀ ਅੱਖ ਵਿੱਚ ਰੜਕ ਰਿਹਾ ਸੀ ਜਿਸਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰ ਨੇ ਬੰਦ ਕਰਵਾ ਦਿੱਤਾ ਹੈ ਜੋ ਕਿ ਪ੍ਰੈਸ ਦੀ ਅਜ਼ਾਦੀ ਉੱਤੇ ਸਿੱਧਾ ਹਮਲਾ ਹੈ । ਅਜਿਹੀਆਂ ਬਚਕਾਨੀਆਂ ਹਰਕਤਾਂ ਕਰਕੇ ਹੀ ਵਰਲਡ ਪ੍ਰੈਸ ਫਰੀਡਮ ਇੰਡੈਕਸ 2023 ਵਿੱਚ ਭਾਰਤ ਦਾ 180 ਦੇਸ਼ਾਂ ਵਿੱਚੋਂ 161ਵਾਂ ਰੈਂਕ ਹੈ ।
ਅਦਾਰਾ ਅਬੂ ਜ਼ੈਦ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਥਮ ਪੰਜਾਬ ਦੇ ਬਿਉਰੋ ਚੀਫ ਸੰਸਾਰਦੀਪ ਸਿੰਘ ਨੇ ਦੱਸਿਆ ਕਿ ਥੋੜੇ ਸਮੇਂ ਵਿੱਚ ਹੀ ਪ੍ਰਥਮ ਪੰਜਾਬ ਨੇ ਵਿਸ਼ਵ ਭਰ ‘ਚ ਵੱਸਦੇ ਪੰਜਾਬੀਆਂ ਦੇ ਦਿਲਾਂ ‘ਚ ਵਿਸ਼ੇਸ਼ ਮੁਕਾਮ ਬਣਾ ਲਿਆ ਹੈ । ਪੰਜਾਬ ਦੀ ਕਿਸਾਨੀ, ਪਾਣੀਆਂ, ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਡਿਬਰੂਗੜ੍ਹ ਨਜ਼ਰਬੰਦ ਕੀਤੇ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਆਗੂਆਂ ਨਾਲ ਮਾਨਸਿਕ ਤਸ਼ੱਦਦ ਬੰਦ ਕਰਨ ਅਤੇ ਉਹਨਾਂ ਨੂੰ ਪੰਜਾਬ ਤਬਦੀਲ ਕਰਨ ਦੀ ਵਕਾਲਤ, ਪੰਜਾਬ ਛੱਡ ਵਿਦੇਸ਼ ਨੂੰ ਪ੍ਰਵਾਸ ਕਰ ਰਹੀ ਜਵਾਨੀ ਦਾ ਸਵਾਲ, ਵੱਧ ਰਹੀ ਬੇਰੋਜਗਾਰੀ, ਸਿੱਖਿਆ ਦਾ ਘੱਟ ਰਿਹਾ ਮਿਆਰ, ਪੰਜਾਬ ਨੂੰ ਛੱਡ ਦੂਜੇ ਸੂਬਿਆਂ ਨੂੰ ਜਾ ਰਿਹਾ ਵਪਾਰੀ ਵਰਗ ਜਿਹੇ ਮੁੱਦਿਆਂ ਨੂੰ ਬੇਬਾਕੀ ਨਾਲ ਉਠਾਉਣ ਕਾਰਣ ਚੈਨਲ ਬੰਦ ਕਰਵਾਇਆ ਗਿਆ ਹੈ । ਹੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਸਰਕਾਰਾਂ ਇਸ ਤਰ੍ਹਾਂ ਸੱਚ ਨੂੰ ਦਬਾਅ ਨਹੀ ਸਕਦੀ, ਸਾਡੀ ਟੀਮ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਦੀ ਰਹੇਗੀ । ਸੰਸਾਰਦੀਪ ਨੇ ਮੁਖ ਮੰਤਰੀ ਭਗਵੰਤ ਮਾਨ ਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕੀਤੀ ਕਿ ਉਹ ਮੀਡੀਆ ਦੀ ਆਵਾਜ਼ ਬੰਦ ਕਰਨ ਦੀ ਬਜਾਏ ਪੰਜਾਬ ਲਈ ਕੰਮ ਕਰਨ । ਸਮਾਂ ਬੀਤਦੇ ਸਮਾਂ ਨਹੀਂ ਲੱਗਦਾ । ਪੰਜਾਬ ਦੀ ਜਨਤਾ ਨੇ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਰਿਵਾਇਤੀ ਪਾਰਟੀਆਂ ਤੋਂ ਹੱਟਕੇ ਆਮ ਆਦਮੀ ਪਾਰਟੀ ਸੂਬੇ ਅੰਦਰ ਸਿੱਖਿਆ, ਸਿਹਤ ਅਤੇ ਰੋਜਗਾਰ ਲਈ ਕੰਮ ਕਰੇਗੀ ।