‘ਪ੍ਰਧਾਨ ਮੰਤਰੀ’!!’ਪ੍ਰਧਾਨ ਮੰਤਰੀ’ ‘ਚ ਵੀ ਫਰਕ ਹੁੰਦੈ

author
0 minutes, 5 seconds Read

ਜਿਵੇਂ-ਜਿਵੇਂ ਸਮਾਂ ਬਦਲਿਆ ‘ਪ੍ਰਧਾਨ ਮੰਤਰੀ’ ਦੇ ਕਾਰਜ ਬਦਲੇ, ਅਹੁੱਦੇ ਦਾ ਸਨਮਾਣ ਵੀ ਖੁੱਸਿਆ

ਭਾਰਤੀ ਸੰਵਿਧਾਨ ਨੂੰ ਜੇਕਰ ਵਿਸ਼ਵ ਦਾ ਸਭ ਤੋਂ ਮਹਾਨ ਸੰਵਿਧਾਨ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਇਸ ਦੀ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਦੇਸ਼ ਦੇ ਹਰ ਨਾਗਰਿਕ, ਸੰਸਥਾ ਅਤੇ ਅਹੁੱਦੇ ਦੇ ਕਾਰਜ, ਜ਼ਿੰਮੇਵਾਰੀਆਂ, ਅਧਿਕਾਰ ਬਹੁਤ ਹੀ ਵਿਸਥਾਰ ਨਾਲ ਦਰਜ ਹਨ ।  ਦੇਸ਼ ਦੀ ਅਜ਼ਾਦੀ ਤੋਂ ਬਾਦ ਇਸੇ ਸੰਵਿਧਾਨ ਦੇ ਮੁਤਾਬਿਕ ਚੱਲਦੇ ਦੇਸ਼ ਨੇ ਦੁਨੀਆ ਵਿੱਚ ਇੱਕ ਵਿਸ਼ੇਸ਼ ਮੁਕਾਮ ਹਾਸਲ ਕੀਤਾ ਹੈ । ਜਿਵੇਂ-ਜਿਵੇਂ ਸਮਾਂ ਬਦਲਿਆ ਉਸੇ ਤਰ੍ਹਾਂ ‘ਪ੍ਰਧਾਨ ਮੰਤਰੀ’ ਦੇ ਕਾਰਜ ਅਤੇ ਅਹੁੱਦੇ ਦਾ ਸਨਮਾਣ ਵੀ ਖੁੱਸ ਗਿਆ । ਪਿਛਲੇ ਸਮਿਆਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੰਮ, ਰੁਤਬਾ ਅਤੇ ਅੱਜ ਦੇ ਪ੍ਰਧਾਨ ਮੰਤਰੀ ਦੇ ਮੁਕਾਬਲੇ ਜ਼ਮੀਨ-ਆਸਮਾਨ ਦਾ ਅੰਤਰ ਆ ਚੁੱਕਾ ਹੈ । ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਅਜ਼ਾਦੀ ਤੋਂ ਬਾਦ ਬੰਜਰ ਜ਼ਮੀਨ ਵਰਗਾ ਦੇਸ਼ ਸੰਭਾਲਿਆ, ਆਪਣੀ ਸੂਝਬੂਝ ਅਤੇ ਦੂਰਅੰਦੇਸ਼ੀ ਨਾਲ ਇਸ ਨੂੰ ਖੁਦਮੁਖਤਿਆਰ ਦੇਸ਼ ਬਣਾ ਦਿੱਤਾ । ਦੇਸ਼ ਦਾ ਰੇਲਵੇ, ਹਵਾਈ ਅਤੇ ਸੜਕੀ ਆਵਾਜਾਈ, ਖੇਤੀਬਾੜੀ, ਵਪਾਰ, ਸਿਹਤ, ਸਿੱਖਿਆ ਦੇ ਖੇਤਰ ਵਿੱਚ ਕੰਮ ਕਰਕੇ ਦੇਸ਼ ਨੂੰ ਮੁੜ ਲੀਹਾਂ ਉੱਤੇ ਲਿਆਂਦਾ । ਇਸੇ ਤਰ੍ਹਾਂ ਵਿਸ਼ਵ ਦੇ ਕੁਝ ਮਸ਼ਹੂਰ ਇਤਿਹਾਸਕਾਰ ਅਤੇ ਲੋਕ ਅਕਸਰ ਭਾਰਤ ਦੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ “ਭਾਰਤ ਦੇ ਕਿਸਾਨਾਂ ਦਾ ਚੈਂਪੀਅਨ” ਕਹਿੰਦੇ ਹਨ । ਉਹਨਾਂ ਆਪਣੇ ਕਾਰਜਕਾਲ ਵਿੱਚ ਕੁਝ ਤਾਂ ਕਿਸਾਨਾਂ ਅਤੇ ਕਿਸਾਨੀ ਲਈ ਅਜਿਹਾ ਵਿਸ਼ੇਸ਼ ਕੀਤਾ ਹੋਵੇਗਾ ਕਿ ਦੁਨੀਆ ਉਹਨਾਂ ਨੂੰ ਕਿਸਾਨੀ ਪ੍ਰਧਾਨ ਮੰਤਰੀ ਵਜੋਂ ਦੇਖਣ ਲੱਗ ਪਈ । ਜੇਕਰ ਇਤਿਹਾਸ ਉੱਤੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਖੇਤੀਬਾੜੀ ਖੇਤਰ ਵਿੱਚ ਯੋਗਦਾਨ ਲਈ ਭਾਰਤ ਰਤਨ, ਭਾਰਤ ਦੇ ਗਣਰਾਜ ਦੇ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਜ਼ਮੀਨੀ ਸੁਧਾਰ ਦੇ ਕੱਟੜਪੰਥੀ ਉਪਾਅ ਕਰਨ ਅਤੇ ਖੇਤੀ ਸੈਕਟਰ ਵਿੱਚ ਇਕਸਾਰਤਾ ਲਿਆਉਣ ਦਾ ਸਿਹਰਾ ਜਾਂਦਾ ਹੈ। ਉਸ ਦੀ ਸਭ ਤੋਂ ਵੱਡੀ ਪ੍ਰਾਪਤੀ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿੱਚੋਂ ਬਾਹਰ ਕੱਢਣਾ ਸੀ, ਜਿਸ ਨਾਲ ਸਮਾਜ ਵਿੱਚ ਖੁਦਕੁਸ਼ੀਆਂ ਦੀਆਂ ਦਰਾਂ ਘਟੀਆਂ। ਇਹ ਸੁਧਾਰ ਕਰਜ਼ਾ ਮੁਕਤੀ ਬਿੱਲ, ਲੈਂਡ ਹੋਲਡਿੰਗ ਐਕਟ, ਅਤੇ ਜ਼ਿਮੀਦਾਰੀ ਖਾਤਮੇ ਐਕਟ ਦੁਆਰਾ ਲਾਗੂ ਕੀਤੇ ਗਏ ਸਨ । ਇੱਕ ਵਾਰ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਵੱਡੇ ਹੌਸਲੇ ਨਾਲ ਇਹ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਿਰਫ ਕਾਨੂੰਨ ਵਿੱਚ ਇੱਕ ਮਾਮੂਲੀ ਬਦਲਾਅ ਕਰਨ ਦੀ ਲੋੜ ਹੈ ਫਿਰ ਕਿਸਾਨੀ ਲਾਭਕਾਰੀ ਬਣ ਜਾਵੇਗੀ ਪਰੰਤੂ ਕੋਈ ਵੀ ਸਰਕਾਰ ਇਹ ਨਹੀਂ ਕਰਨਾ ਚਾਹੁੰਦੀ ਕਿ ਦੇਸ਼ ਦਾ ਕਿਸਾਨ ਅਮੀਰ ਹੋਵੇ ।

1947 ਤੋਂ 2024 ਤੱਕ ਅਨੇਕਾਂ ਉਤਰਾ-ਚੜਾਅ ਆਏ, ਸਮਾਂ ਬਦਲਿਆ, ਹਾਲਾਤ ਬਦਲੇ, ਦੇਸ਼ ਬਦਲ ਗਿਆ, ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਕੰਮ ਅਤੇ ਰੁਤਬਾ ਵੀ ਬਦਲ ਗਿਆ । 2014 ‘ਚ ਬੀਜੇਪੀ ਸੱਤਾ ‘ਚ ਆਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਇੱਕ ਵਿਸ਼ੇਸ਼ ਤਬਕੇ ਦਾ ਪ੍ਰਧਾਨ ਮੰਤਰੀ ਬਣਕੇ ਰਹਿ ਗਿਆ ਹੈ । ਦੇਸ਼ ਦੀ ਹਰ ਸੰਵਿਧਾਨਕ ਸੰਸਥਾ ਉੱਤੇ ਪੂਰੀ ਤਰ੍ਹਾਂ ਨਿਯੰਤਰਨ ਕੀਤਾ ਜਾ ਚੁੱਕਾ ਹੈ । ਅਦਾਲਤਾਂ ਤੱਕ ਸਰਕਾਰ ਤੋਂ ਥਰ-ਥਰ ਕੰਬਦੀਆਂ ਹਨ । ਮਸਜਿਦਾਂ ਨੂੰ ਤੋੜਕੇ ਸਰਕਾਰ ਖੁਦ ਮੰਦਰ ਬਣਾ ਰਹੀ ਹੈ । ਗਰੀਬ ਦੇ ਮੂੰਹ ਵਿੱਚੋਂ ਨਿਵਾਲਾ ਕੱਢਕੇ ਵੱਡੇ ਪੂੰਜੀਪਤੀਆਂ ਨੂੰ ਦਿੱਤਾ ਜਾ ਰਿਹਾ ਹੈ । ਖੇਤੀਬਾੜੀ ਨੂੰ ਕਿਸਾਨਾਂ ਤੋਂ ਖੋਹਕੇ ਵੱਡੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ । ਕਰੋਨਾ ਕਾਲ ਵਿੱਚ ਚੋਰ ਮੋਰੀ ਰਾਹੀਂ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਉੱਤੇ ਥੋਪ ਦਿੱਤੇ ਗਏ ਜਿਸ ਦੇ ਵਿਰੋਧ ਵਿੱਚ 13 ਮਹੀਨੇ ਤੱਕ ਦਿੱਲੀ ਦੇ ਬਾਰਡਰਾਂ ਉੱਤੇ ਕਿਸਾਨ ਅੰਦੋਲਨ ਚੱਲਿਆ ਜਿਸ ਵਿੱਚ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਬਾਦ ਵਿੱਚ ਵਿਸ਼ਵ ਭਰ ਵਿੱਚ ਥੂਹ-ਥੂਹ ਕਰਵਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੋਂ ਕਾਨੂੰਨ ਰੱਦ ਕਰ ਦਿੱਤੇ ਅਤੇ ਕਿਸਾਨਾਂ ਉੱਤੇ ਹੋਏ ਪਰਚੇ ਰੱਦ ਕਰਨ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਸਮੇਤ ਬਾਕੀ ਮੰਗਾਂ ਵੀ ਪੂਰੀਆਂ ਕਰਨ ਦਾ ਭਰੋਸਾ ਦਿਲਵਾਕੇ ਦਿੱਲੀ ਦੀਆਂ ਸੀਮਾਵਾਂ ਤੋਂ ਧਰਨਾ ਖਤਮ ਕਰਵਾ ਦਿੱਤਾ । ਤਿੰਨ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਦ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ, ਸਰਕਾਰ ਦੀ ਨੀਅਤ ਵਿੱਚ ਖੋਟ ਨੂੰ ਦੇਖਦਿਆਂ 13 ਫਰਵਰੀ 2024 ਤੋਂ ਕਿਸਾਨਾਂ ਨੇ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਪੂਰੀਆਂ ਨਾ ਹੋਣ ਕਾਰਣ “ਦਿੱਲੀ ਕੂਚ” ਦਾ ਐਲਾਨ ਕਰ ਦਿੱਤਾ । ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਤਾਂ ਨਹੀਂ ਜਾਣ ਦਿੱਤਾ । ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹੀ ਰੋਕ ਲਿਆ ਜਿਸ ਕਾਰਣ ਕਿਸਾਨਾਂ ਨੇ ਉੱਥੇ ਹੀ ਧਰਨਾ ਲਗਾਇਆ ਹੋਇਆ ਹੈ ਜਿਸ ਦੌਰਾਨ ਹਰਿਆਣਾ ਪੁਲਸ ਦੀ ਗੋਲੀਬਾਰੀ ਵਿੱਚ ਇੱਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਅਤੇ ਕਈ ਅੱਥਰੂ ਗੈਸ ਦੇ ਗੋਲਿਆਂ ਦੀ ਮਾਰ ਨਾਲ ਵੀ ਸ਼ਹੀਦ ਹੋ ਗਏ, ਸੈਂਕੜੇ ਕਿਸਾਨ ਜ਼ਖਮੀ ਹੋ ਗਏ, ਪੈਲਟਗਨ ਦੀ ਮਾਰ ਨਾਲ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ । ਕਿਸਾਨ 20 ਦਿਨ ਤੋਂ ਦਿੱਲੀ ਜਾਣ ਲਈ ਕੋਸ਼ਿਸ਼ ਕਰ ਰਹੇ ਹਨ ਕਿ ਆਪਣੀ ਰਾਜਧਾਨੀ ਵਿੱਚ ਜਾ ਕੇ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਲਈ ਮਜ਼ਬੂਰ ਕਰ ਸਕਣ ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰਾਂ ਬਲ ਪ੍ਰਯੋਗ ਕਰਕੇ ਕਿਸਾਨਾਂ ਦੇ ਮਨੋਬਲ ਨੂੰ ਤੋੜਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ ।

ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਗੁਲਜਾਰੀ ਲਾਲ ਨੰਦਾ, ਲਾਲ ਬਹਾਦਰ ਸ਼ਾਸ਼ਤਰੀ, ਚੌਧਰੀ ਚਰਨ ਸਿੰਘ ਵਰਗੇ ਨੇਤਾ ਸਨ ਉਹਨਾਂ ਸਮਿਆਂ ਵਿੱਚ ਦੇਸ਼ ਦੀ ਹਰ ਨੀਤੀ ਸਮੁੱਚੀ ਜਨਤਾ ਲਈ ਬਣਦੀ ਸੀ ।ਯੂਨੀਵਰਸਿਟੀਆਂ, ਆਈ.ਆਈ.ਟੀ., ਆਈ.ਆਈ.ਐਮ., ਕਾਲਜ, ਸਕੂਲ, ਏਮਜ, ਹਸਪਤਾਲ, ਰੇਲਵੇ, ਏਅਰ ਪੋਰਟ, ਸਮੁੰਦਰੀ ਬੇੜੇ, ਆਵਾਜਾਈ ਲਈ ਸੜਕੀ ਜਾਲ, ਇਸਰੋ ਵਰਗੇ ਸੰਸਥਾਨ ਬਣਾਏ ਗਏ । ਵਿਸ਼ਵ ਵਿੱਚ ਭਾਰਤੀ ਪ੍ਰਧਾਨ ਮੰਤਰੀ ਦਾ ਇੱਕ ਖਾਸ ਰੁਤਬਾ ਹੁੰਦਾ ਸੀ ਜਿਸ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਸੀ, ਭਾਰਤ ਦੀ ਵਿਦੇਸ਼ ਨੀਤੀ ਦੀ ਸ਼ਲਾਘਾ ਪੂਰੀ ਦੁਨੀਆ ਕਰਦੀ ਸੀ, ਜਦੋਂ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਵਿਦੇਸ਼ ਜਾਂਦਾ ਸੀ ਤਾਂ ਪੂਰਾ ਦੇਸ਼ ਸਵਾਗਤ ਕਰਦਾ ਸੀ, ਪਰੰਤੂ ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਪ੍ਰਧਾਨ ਮੰਤਰੀ ਨੂੰ ਕਈ ਵਾਰ ਕੋਈ ਖਾਸ ਪਰੋਟੋਕਾਲ ਵੀ ਨਹੀਂ ਦਿੱਤਾ ਜਾਂਦਾ । ਸਮੇਂ ਨੇ ਅੱਜ ਹਰ ਚੀਜ਼ ਨੂੰ ਬਦਲ ਦਿੱਤਾ ਹੈ ਜਦੋਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਹਨ ਨਾ ਕੋਈ ਕਾਲਜ ਬਣਿਆ, ਨਾ ਯੂਨੀਵਰਸਿਟੀ ਸਿਰਫ ਬਾਬਰੀ ਮਸਜਿਦ ਨੂੰ ਢਾਹ ਕੇ ਇੱਕ ਰਾਮ ਮੰਦਰ ਬਣਾਇਆ ਗਿਆ ਅਤੇ ਬਾਬਰੀ ਮਸਜਿਦ ਢਾਹੁਣ ਵਾਲਿਆਂ ਨੂੰ ਭਾਰਤ ਰਤਨ ਦੇ ਕੇ ਨਵਾਜ਼ਿਆ ਗਿਆ ਜੋ ਕਿਸੇ ਸਮੇਂ ਦੇਸ਼ ਲਈ ਮਹਾਨ ਕਾਰਜ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਸੀ । ਸਾਰੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਸਬੰਧ ਅੱਜਕੱਲ ਬਹੁਤੇ ਚੰਗੇ ਨਹੀਂ, ਕੈਨੇਡਾ ਹਰਦੀਪ ਸਿੰਘ ਨਿੱਝਰ ਮਾਮਲੇ ‘ਚ, ਅਮਰੀਕਾ ਗੁਰਪਤਵੰਤ ਪੰਨੂ ਅਤੇ ਯੂਕੇ ਅਵਤਾਰ ਸਿੰਘ ਖੰਡਾ ਮਾਮਲੇ ਵਿੱਚ ਭਾਰਤ ਨਾਲ ਤਲਖ ਕਲਾਮੀ ਕਰ ਚੁੱਕਾ ਹੈ ਪਰੰਤੂ ਅਸੀਂ ਅਜੇ ਵੀ ਆਪਣੇ ਆਪ ਨੂੰ ਵਿਸ਼ਵ ਗੁਰੁ ਹੀ ਸਮਝ ਰਹੇ ਹਾਂ । ਦੇਸ਼ ਦੇ ਕਿਸਾਨ ਖੇਤਾਂ ਦੀ ਬਜਾਏ ਸੜਕਾਂ ਉੱਤੇ ਬੈਠੇ ਸਰਕਾਰ ਦਾ ਸਿਆਪਾ ਕਰ ਰਹੇ ਹਨ, ਸੂਬੇ ਆਪਣੇ ਅਧਿਕਾਰਾਂ ਦੇ ਖੁਸਨ ਦੀ ਦੁਹਾਈ ਦੇ ਰਹੇ ਹਨ, ਧਾਰਮਿਕ ਕੱਟੜਵਾਦ ਪੂਰੇ ਚਰਮ ਉੱਤੇ ਹੈ, ਬਿਨਾਂ ਵਜਾਹ ਮੌਲਾਨਾ ਕਲੀਮ ਸਿੱਦੀਕੀ, ਮੌਲਾਨਾ ਉਮਰ ਗੌਤਮ ਨੂੰ ਧਰਮ ਪਰੀਵਰਤਨ ਦੇ ਨਾਂਅ ‘ਤੇ ਸਾਲਾਂ ਤੱਕ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ, ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦੇ ਖਿਲਾਫ ਆਵਾਜ਼ ਉਠਾਉਣ ਲਈ ਉਮਰ ਖਾਲਿਦ ਵਰਗੇ ਸੈਂਕੜੇ ਨੌਜਵਾਨ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ । ਕੋਈ ਕਵਿਤਾ ਜਾਂ ਸ਼ੇਅਰ ਪੜ੍ਹਨ ਲਈ ਮੁਫਤੀ ਸਲਮਾਨ ਅਜ਼ਹਰੀ ਜਿਹੇ ਇਸਲਾਮਿਕ ਸਕਾਲਰ ਨੂੰ ਵੱਖ-ਵੱਖ ਮਾਮਲਿਆਂ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕਿਆ ਜਾਂਦਾ ਹੈ । ਮਨੀਪੁਰ ਦੀ ਘਟਨਾ ਜਿਸ ਵਿੱਚ ਦੋ ਔਰਤਾਂ ਨੂੰ ਭੀੜ ਵੱਲੋਂ ਨਗਨ ਅਵਸਥਾ ਵਿੱਚ ਸੜਕਾਂ ਉੱਤੇ ਘੁਮਾਉਣਾ, ਕਠੂਆਂ ਰੇਪ ਕੇਸ ਵਿੱਚ ਬਲਾਤਕਾਰੀਆਂ ਦੇ ਹੱਕ ‘ਚ ਰਾਸ਼ਟਰੀ ਝੰਡਾ ਲੈ ਕੇ ਬੀਜੇਪੀ ਵਰਕਰਾਂ ਵੱਲੋਂ ਮਾਰਚ ਕੱਢਣਾ, ਬਿਲਕੀਸ ਬਾਨੋ ਕੇਸ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀਆਂ ਨੂੰ ਅਦਾਲਤ ਵੱਲੋਂ ਰਿਹਾਅ ਕਰਨ ‘ਤੇ ਮਿਠਾਈਆਂ ਵੰਡਣਾ ਅਤੇ ਸੰਸਕਾਰੀ ਲੋਕ ਕਹਿਣ ਸਮੇਤ ਅਨੇਕਾਂ ਉਦਾਹਰਣਾ ਹਨ ਜਿਹਨਾਂ ਨੇ ਦੇਸ਼ ਦਾ ਨਾਮ ਦੁਨੀਆ ਵਿੱਚ ਖਰਾਬ ਕੀਤਾ ਹੈ । 1947 ਤੋਂ 2014 ਤੱਕ ਜਿਨ੍ਹਾਂ ਕਰਜ਼ ਦੇਸ਼ ਸਿਰ ਸੀ ਉਸ ਦਾ ਕਈ ਗੁਣਾ ਕਰਜ਼ ਮੋਦੀ ਸਰਕਾਰ ਨੇ 10 ਸਾਲਾਂ ਵਿੱਚ ਹੀ ਚੁੱਕ ਲਿਆ ਹੈ ਜਿਸ ‘ਤੇ ਆਈ.ਐਮ.ਐਫ. ਵੀ ਚੇਤਾਵਨੀ ਦੇ ਚੁੱਕਾ ਹੈ ।ਜੇਕਰ ਹਕੀਕਤ ਵਿੱਚ ਦੇਖਿਆ ਜਾਵੇ ਤਾਂ ਅੱਜ ਦਾ ਭਾਰਤ ਅਤੇ ਪ੍ਰਧਾਨ ਮੰਤਰੀ ਸਿਰਫ ਗੋਦੀ ਮੀਡੀਆ ਦੁਆਰਾ ਫੁਲਾਇਆ ਹੋਇਆ ਇੱਕ ਗੁਬਾਰਾ ਹੈ ਜੋ ਕਿ ਮਾਮੂਲੀ ਪਿੰਨ ਦੇ ਲਗਣ ਦਾ ਇੰਤਜ਼ਾਰ ਕਰ ਰਿਹੈ ।

ਪੇਸ਼ਕਸ਼:

ਮੁਹੰਮਦ ਜਮੀਲ ਐਡਵੋਕੇਟ (ਐਮ.ਏ.ਜਰਨਾਲਿਜ਼ਮ)

ਗਰੀਨ ਟਾਊਨ, ਕਿਲਾ ਰਹਿਮਤਗੜ੍ਹ

ਤਹਿਸੀਲ ਵਾ ਜ਼ਿਲ੍ਹਾ ਮਲੇਰਕੋਟਲਾ

ਮੋਬ. 9417969547

Similar Posts

Leave a Reply

Your email address will not be published. Required fields are marked *