ਪੰਜਾਬੀਆਂ ਦੇ ਮਨਾਂ ‘ਚ ਖਟਕ ਰਹੇ ਅਨੇਕਾਂ ਸਵਾਲ ! ਹੜ੍ਹਾਂ ਦੇ ਪਾਣੀ ‘ਚ ਡੁੱਬਿਆ ਪੰਜਾਬ ਜਾਂ ਡੋਬਿਆ??

author
0 minutes, 9 seconds Read

ਪਿਛਲੇ ਇੱਕ ਮਹੀਨੇ ਤੋਂ ਪੰਜਾਬ ਦੇ ਹਜ਼ਾਰਾਂ ਪਿੰਡ ਬੁਰੀ ਤਰ੍ਹਾਂ ਹੜ੍ਹਾਂ ਦੀ ਚਪੇਟ ‘ਚ ਆ ਚੁੱਕੇ ਹਨ, ਪੜ੍ਹਨ ਲਈ ਭਾਵੇਂ 1500 ਇੱਕ ਅੰਕੜ੍ਹਾ ਹੈ ਪਰੰਤੂ ਜੇਕਰ ਅਸੀਂ ਜ਼ਮੀਨੀ ਪੱਧਰ ਤੇ ਜਾ ਕੇ ਦੇਖੀਏ ਤਾਂ ਕਈ ਦਿਨਾਂ ਤੱਕ ਹੋਸ਼ ਠਿਕਾਣੇ ਨਹੀਂ ਆਉਂਦੇ । ਪੰਜਾਬ ਅੰਦਰ ਮੁੱਖ ਕਿੱਤੇ ਖੇਤੀਬਾੜੀ, ਪਸ਼ੂ ਪਾਲਣ, ਪੋਲਟਰੀ ਆਦਿ ਹਨ ਜੋ ਕਿ ਹੜ੍ਹਾਂ ਨਾਲ ਬਿਲਕੁਲ ਤਬਾਹ ਹੋ ਚੁੱਕੇ ਹਨ । ਵਿਸ਼ਵ ਦੇ ਵੱਡੇ-ਵੱਡੇ ਅਰਥ ਸ਼ਾਸ਼ਤਰੀ ਵੀ ਇਸ ਨੁਕਸਾਨ ਦਾ ਅੰਦਾਜ਼ਾ ਲਗਾਉਣ ‘ਚ ਬੇਬਸ ਨਜ਼ਰ ਆ ਰਹੇ ਹਨ । ਦੇਸ਼ ਅਤੇ ਦੁਨੀਆ ਵਿੱਚ ਜਦੋਂ ਵੀ ਕੋਈ ਆਫਤ ਆਈ ਤਾਂ ਪੰਜਾਬੀ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ‘ਚ ਜੁੱਟ ਗਏ, ਖਾਣਾ, ਦਵਾਈਆਂ ਆਦਿ ਦੇ ਲੰਗਰ ਲਗਾਏ, ਜ਼ਰੂਰਤ ਦਾ ਸਾਮਾਨ ਤਕਸੀਮ ਕੀਤਾ । ਪਰੰਤੂ ਅੱਜ ਜਦੋਂ ਪੰਜਾਬ ਖੁਦ ਵੱਡੇ ਸੰਕਟ ਵਿੱਚ ਘਿਰਿਆ ਹੋਇਆ ਹੈ ਤਾਂ ਪਹਿਲੇ ਹਫਤੇ ਕਿਸੇ ਨੇ ਵੀ ਅਜਿਹੀ ਪਹਿਲ ਨਹੀਂ ਕੀਤੀ, ਸਿਰਫ ਪੰਜਾਬੀਆਂ ਨੇ ਖੁਦ ਹੀ ਆਪਣੇ ਪੀੜਿਤ ਭਰਾਵਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ ਗਲੇ ਲਗਾਇਆ ਅਤੇ ਹੁਣ ਦੂਜੇ ਹਫਤੇ ਰਾਜਸਥਾਨ, ਜੰਮੂ ਅਤੇ ਹਰਿਆਣਾ ਤੋਂ ਲੋਕਾਂ ਨੇ ਰਾਹਤ ਕਾਰਜ ‘ਚ ਹਿੱਸਾ ਪਾਇਆ ਹੈ । ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ‘ਚ ਟਰਾਲੀਆਂ, ਟੈਂਪੂ, ਦੁੱਧ ਦੀਆਂ ਗੱਡੀਆਂ, ਆਟਾ, ਛੋਲੇ, ਦਾਲਾਂ, ਬਰੈਡ, ਪਾਣੀ ਸਮੇਤ ਹੋਰ ਖਾਣ-ਪੀਣ ਦੀਆਂ ਵਸਤਾਂ ਅਤੇ ਪਸ਼ੂਆਂ ਲਈ ਹਰਾ ਚਾਰਾ ਭਰ ਕੇ ਵੰਡੀਆਂ ਜਾ ਰਹੀਆਂ ਹਨ । ਭਾਵੇਂਕਿ ਪੰਜਾਬੀਆਂ ਦੀ ਹੜ੍ਹਾਂ ਦੇ ਪਾਣੀ ਨਾਲ ਹੋਏ ਨੁਕਸਾਨ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਪਰੰਤੂ ਜਦੋਂ ਕੋਈ ਦੁੱਖ ਦੀ ਘੜੀ ‘ਚ ਨਾਲ ਖੜ੍ਹ ਜਾਵੇ ਤਾਂ ਮੁੜ ਵਸੇਬੇ ਲਈ ਹਿੰਮਤ ਮਿਲ ਜਾਂਦੀ ਹੈ । ਦੂਜੇ ਪਾਸੇ ਸਰਕਾਰ ਦੇ ਜ਼ਿਆਦਾਤਰ ਵਿਧਾਇਕਾਂ ਨੇ ਤਾਂ ਇਸ ਆਫਤ ਨੂੰ ਸੰਜੀਦਗੀ ਨਾਲ ਲਿਆ ਹੀ ਨਹੀਂ ਹੈ ਬਲਿਕ ਸਿਰਫ ਹੜ੍ਹ ਪੀੜ੍ਹਿਤਾਂ ਦੀ ਮਦਦ ਕਰਨ ਦੀ ਬਜਾਏ ਸੈਲਫੀਆਂ ਲੈਣ ‘ਚ ਹੀ ਮਗਨ ਹਨ, ਜਿੱਥੇ ਵੀ ਮੰਤਰੀਆਂ ਦਾ ਦੌਰਾ ਹੁੰਦਾ ਹੈ ਉੱਥੇ ਪਹਿਲਾਂ ਹੀ ਕਿਸ਼ਤੀਆਂ ਅਤੇ ਐਨਡੀਆਰਐਫ ਦੀਆਂ ਟੀਮਾਂ ਤੈਨਾਤ ਕਰ ਦਿੱਤੀਆਂ ਜਾਂਦੀਆਂ ਹਨ ਪਰੰਤੂ ਮੰਤਰੀ ਸਾਹਿਬ ਦੇ ਫੋਟੋ ਸ਼ੈਸ਼ਨ ਤੋਂ ਬਾਦ ਸਭ ਕੁਝ ਫਿਲਮ ਦੀ ਸ਼ੂਟਿੰਗ ਦੀ ਤਰ੍ਹਾਂ ਚੁੱਕ ਲਿਆ ਜਾਂਦਾ ਹੈ । ਮੁੱਖ ਮੰਤਰੀ ਸਾਹਿਬ ਹੜ੍ਹਾਂ ਦੇ ਪਾਣੀ ‘ਚ ਡੁੱਬ ਰਹੇ ‘ਰੰਗਲੇ ਪੰਜਾਬ’ ਨੂੰ ਛੱਡਕੇ ਬੰਗਲੁਰੂ ‘ਚ 26 ਪਾਰਟੀਆਂ ਦੇ ਸੰਯੁਕਤ ਗਠਜੋੜ ਦੀ ਗੰਢ ਮਜ਼ਬੂਤ ਕਰਨ ‘ਚ ਲੱਗੇ ਹੋਏ ਨੇ, ਜਦੋਂ ਪੰਜਾਬ ਦੇ ਲੋਕ ਹੜ੍ਹਾਂ ਦੀ ਆਫਤ ਨਾਲ ਮਰ ਰਹੇ ਸਨ, ਫਸਲਾਂ ਤਬਾਹ ਹੋ ਗਈਆਂ, ਪਸ਼ੂ ਅਤੇ ਹੋਰ ਕਾਰੋਬਾਰ, ਘਰ ਤੱਕ ਤਹਿਸ-ਨਹਿਸ ਹੋ ਰਹੇ ਹਨ ਤਾਂ ਇੱਕ ਵਿਧਾਇਕ ਫੌਜੀ ਬੈਂਡ ਦੀ ਤਾਲ ‘ਤੇ ਹਾਰ ਪਾ ਕੇ ਨੋਟਾਂ ਦੀ ਬਾਰਿਸ਼ ‘ਚ ਝੂਮਦੇ ਵੀ ਦੇਖੇ ਗਏ, ਜਿਸ ਨਾਲ ਪੰਜਾਬੀਆਂ ਦੇ ਮਨ ਨੂੰ ਡੂੰਘੀ ਠੇਸ ਲੱਗੀ ਹੈ ।

ਪੰਜਾਬ ਅੰਦਰ ਹੜ੍ਹਾਂ ਕਾਰਣ ਹੋਈ ਤਬਾਹੀ ਦਾ ਕਾਰਣ ਭਾਵੇਂਕਿ ਵਿਰੋਧੀ ਧਿਰਾਂ ‘ਆਪ’ ਸਰਕਾਰ ਦੀ ਨਾਲਾਇਕੀ ਅਤੇ ਅਨੁਭਵਹੀਨਤਾ ਦੱਸ ਰਹੀਆਂ ਹਨ ਪਰੰਤੂ ਸਰਕਾਰ ਕੁਦਰਤੀ ਕਰੋਪੀ ਕਹਿ ਕੇ ਪੱਲਾ ਝਾੜ  ਰਹੀ ਹੈ । ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੂੰ ਚਾਹੀਦਾ ਸੀ ਕਿ ਜਦੋਂ ਮੌਸਮ ਵਿਭਾਗ ਨਿਰੰਤਰ ਬਾਰਿਸ਼ ਦੀ ਸੂਚਨਾ ਦੇ ਰਿਹਾ ਸੀ ਅਤੇ ਹੋਰ ਪਾਣੀ ਵੱਧਣ ਦੀ ਸੰਭਾਵਨਾ ਵੱਧਦੀ ਜਾ ਰਹੀ ਸੀ ਤਾਂ ਪਹਿਲੋਂ ਹੀ ਥੋੜ੍ਹੀ ਮਾਤਰਾ ‘ਚ ਭਾਖੜਾ ਡੈਮ ਦੇ ਗੇਟਾਂ ਰਾਹੀਂ ਰੋਜ਼ਾਨਾ ਨਿਕਾਸੀ ਹੋਣ ਵਾਲੇ ਪਾਣੀ ਦੇ ਨਾਲ ਕੱਢਦੇ ਰਹਿਣਾ ਚਾਹੀਦਾ ਸੀ ਤਾਂ ਕਿ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੂੰ 1988 ਜਾਂ 1993 ਦੀ ਤਰ੍ਹਾਂ ਭਾਖੜਾ ਡੈਮ ਦੇ ਗੇਟਾਂ ਨੂੰ ਖੋਲ੍ਹਕੇ ਸਮੁੱਚੇ ਪੰਜਾਬ ਵਿੱਚ ਭਾਰੀ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ ਅਤੇ ਫਸਲੀ, ਜਾਨੀ, ਮਾਲੀ ਨੁਕਸਾਨ ਨਾ ਹੁੰਦਾ ਪਰ ਬੋਰਡ ਦੇ ਅਧਿਕਾਰੀਆਂ ਨੇ ਆਪਣੀ ਇਸ ਜ਼ਿੰਮੇਵਾਰੀ ਵਿੱਚ ਅਣਗਹਿਲੀ ਕਰਕੇ ਸਮੁੱਚੇ ਪੰਜਾਬ ਨਿਵਾਸੀਆਂ ਨੂੰ ਵੱਡੀ ਮੁਸ਼ਕਿਲ ਅਤੇ ਸੰਕਟ ਵਿੱਚ ਪਾ ਦਿੱਤਾ ਹੈ ।

1988 ਅਤੇ 1993 ਦੇ ਹੜ੍ਹਾਂ ਦੀ ਤਬਾਹੀ ਦੇਖ ਚੁੱਕੇ ਪੰਜਾਬ ਨੂੰ ਬਚਾਉਣ ਲਈ ਦਹਾਕਿਆਂ ਤੋਂ ਸੱਤਾ ਭੋਗ ਰਹੀਆਂ ਸ੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਹੜ੍ਹਾਂ ਤੋਂ ਬਚਾਅ ਲਈ ਕੋਈ ਤਿਆਰੀ ਨਹੀਂ ਕੀਤੀ । ਭਾਖੜਾ-ਬਿਆਸ ਬੋਰਡ ਨੇ ਇਨ੍ਹਾਂ ਦਿਨਾਂ ਵਿੱਚ ਗੈਰ-ਜ਼ਿੰਮੇਵਾਰਾਨਾਂ ਤੌਰ ਤੇ ਕੀਤੀਆਂ ਗਈਆਂ ਕਾਰਵਾਈਆਂ ਤੇ ਪੰਜਾਬ ਨਿਵਾਸੀਆਂ ਨੂੰ ਭਾਖੜਾ ਡੈਮ ਦੇ ਗੇਟ ਖੋਲ੍ਹਣ ਸਬੰਧੀ ਸੂਚਨਾ ਨਹੀਂ ਦਿੱਤੀ ਗਈ, ਦੂਸਰਾ ਭਾਰੀ ਬਾਰਿਸ਼ ਦੇ ਪਾਣੀ ਦੀ ਨਿਕਾਸੀ ਲਈ ਪੰਜਾਬ ਦੇ ਦਰਿਆਵਾਂ, ਨਦੀਆਂ, ਨਾਲਿਆਂ, ਚੋਇਆਂ, ਕੱਸੀਆਂ ਦੀ ਮੁਰੱਮਤ ਅਤੇ ਬੰਨ੍ਹਾਂ ਨੂੰ ਮਜ਼ਬੂਤ ਨਹੀਂ ਕੀਤਾ । ਲਹਿੰਦੇ ਪੰਜਾਬ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਜਦੋਂ ਪਾਕਿਸਤਾਨ ਦੇ ਸਾਡੇ ਗੁਆਂਢੀ ਮੁਲਕ ਦੀ ਹਕੂਮਤ ਨੇ ਸਮੁੱਚੇ ਪੰਜਾਬੀਆਂ ਦੇ ਜਾਨ-ਮਾਲ ਦੇ ਹੜ੍ਹਾ ਨਾਲ ਹੋਣ ਵਾਲੇ ਨੁਕਸਾਨ ਤੇ ਬਚਾਉਣ ਦੀ ਮਨੁੱਖਤਾ ਪੱਖੀ ਭਾਵਨਾ ਨੂੰ ਲੈ ਕੇ ਆਪਣੇ ਵਾਲੇ ਪਾਸੇ ਦੇ ਗੇਟ ਇਸ ਲਈ ਖੋਲ੍ਹ ਦਿੱਤੇ ਕਿ ਪੰਜਾਬੀਆਂ ਦਾ ਨੁਕਸਾਨ ਨਾ ਹੋਵੇ ਜਦੋਂ ਪਾਕਿਸਤਾਨ ਆਪਣੇ ਇਨ੍ਹਾਂ ਫਰਜ਼ਾਂ ਨੂੰ ਪੂਰਨ ਕਰ ਸਕਦਾ ਹੈ, ਫਿਰ ਹਰਿਆਣਾ ਅਤੇ ਰਾਜਸਥਾਨ ਦੀਆਂ ਨਹਿਰਾਂ ਅਤੇ ਫੀਡਰਾਂ ਵਿੱਚ ਜਾਣ ਵਾਲੇ ਪਾਣੀ ਨੂੰ ਇਨ੍ਹਾਂ ਸਰਕਾਰਾਂ ਨੇ ਕਿਉਂ ਰੋਕਿਆ ਅਤੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੂੰ ਆਪਣੇ ਖੇਤਰਾਂ ਵਿੱਚ ਪਾਣੀ ਨਾ ਭੇਜਣ ਸਬੰਧੀ ਕਿਉ ਕਿਹਾ? ਇਸ ਵਰਤਾਰੇ ਤੋਂ ਪ੍ਰਤੱਖ ਹੋ ਰਿਹਾ ਹੈ ਕਿ ਕੇਂਦਰ ਸਰਕਾਰ ਆਪਣੇ ਅਧੀਨ ਕੰਮ ਕਰ ਰਹੇ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਦੋਂ ਚਾਹੁਣ ਪੰਜਾਬੀਆਂ ਦਾ ਵੱਡਾ ਨੁਕਸਾਨ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਭਾਖੜਾ ਡੈਮ ਦੇ ਪਾਣੀਆਂ ਨੂੰ ਬਤੌਰ ਜੰਗੀ ਹਥਿਆਰ ਦੇ ਵਰਤੋਂ ਕਰ ਸਕਦੇ ਹਨ ਜਿਵੇਂਕਿ 1988 ਅਤੇ 1993 ਵਿੱਚ ਮੰਦਭਾਵਨਾ ਅਧੀਨ ਰਾਤੋ ਰਾਤ ਬਿਨ੍ਹਾ ਸੂਚਿਤ ਕੀਤੇ ਭਾਖੜਾ ਡੈਮ ਦੇ ਗੇਟ ਖੋਲ੍ਹਕੇ ਸਮੁੱਚੇ ਪੰਜਾਬ ਨੂੰ ਡੋਬ ਦਿੱਤਾ ਗਿਆ ਸੀ । ਪੰਜਾਬ ਅੰਦਰ ਅਣਕਿਆਸੇ ਹੜ੍ਹਾਂ ਨਾਲ ਹੋਈ ਤਬਾਹੀ ਮਾਹਿਰਾਂ, ਬੁੱਧੀਜੀਵੀਆਂ ਅਤੇ ਵਿਚਾਰਕਾਂ ਦੇ ਹਜ਼ਮ ਨਹੀਂ ਆ ਰਹੀ ਹੈ ਉਨਾਂ ਦੇ ਮਨ੍ਹਾਂ ‘ਚ ਅਨੇਕਾਂ ਸਵਾਲ ਅਤੇ ਸ਼ੰਕੇ ਖਟਕ ਰਹੇ ਹਨ ਜਿਨ੍ਹਾਂ ਦਾ ਜਵਾਬ ਮੁੱਖ ਮੰਤਰੀ ਪੰਜਾਬ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੈਤਿਕਤਾ ਦੇ ਅਧਾਰ ‘ਤੇ ਦੇਣਾ ਚਾਹੀਦਾ ਹੈ ।

  • ਬੀਬੀਐਮਬੀ ਦਾ ਕੰਟਰੋਲ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਤੋਂ ਕਿਉਂ ਖੋਹ ਲਿਆ ਗਿਆ?
  • ਕੇਂਦਰ ਨੇ ਬੀਬੀਐਮਬੀ ਰਾਹੀਂ ਪੰਜਾਬ ਲਈ ਮਾਰੂ ਹਥਿਆਰ ਤਾਂ ਨਹੀਂ ਲੱਭ ਲਿਆ?
  • ਬੀਬੀਐਮਬੀ ਨੇ ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਪੰਜਾਬ ਨੂੰ ਆਗਾਹ ਕਿਉਂ ਨਹੀਂ ਕੀਤਾ?
  • ਬੀਬੀਐਮਬੀ ਵੱਲੋਂ ਪਾਣੀ ਸਿਰਫ ਅਤੇ ਸਿਰਫ ਪੰਜਾਬ ਵਿੱਚ ਹੀ ਕਿਉਂ ਛੱਡਿਆ ਗਿਆ?
  • ਹੜ੍ਹਾਂ ਦੀ ਸਥਿਤੀ ਵਿੱਚ ਹਰਿਆਣਾ ਅਤੇ ਰਾਜਸਥਾਨ ਜਾਣ ਵਾਲੀਆਂ ਨਹਿਰਾਂ ਬੰਦ ਕਿਉਂ ਕਰ ਦਿੱਤੀਆਂ ਗਈਆਂ?
  • ਭਾਖੜਾ ਅਤੇ ਬਾਕੀ ਨਹਿਰਾਂ ਵਿੱਚ ਪਾਣੀ ਦਾ ਪੱਧਰ ਕਿਉਂ ਘਟਾ ਦਿੱਤਾ ਗਿਆ?
  • ਪਹਿਲੀ ਵਾਰ ਹਰਿਆਣਾ ਦੇ ਕੌਸ਼ੱਲਿਆ ਡੈਮ ਵਿੱਚੋਂ ਘੱਗਰ ਦਰਿਆ ਵਿੱਚ ਪਾਣੀ ਕਿਉਂ ਛੱਡਿਆ ਗਿਆ?
  • ਪਿਛਲੇ ਦਿਨੀਂ ਪੰਜਾਬ ਅੰਦਰ ਸਹਿਮ ਦਾ ਮਾਹੌਲ ਪੈਦਾ ਕਰਨ ਅਤੇ ਇੱਕ ਨੌਜਵਾਨ ਅਮ੍ਰਿੰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ 80 ਹਜ਼ਾਰ ਦੀ ਭਾਰੀ ਨਫਰੀ ਬੁਲਾਈ ਗਈ ਪਰੰਤੂ ਜਦੋਂ ਪੂਰਾ ਪੰਜਾਬ ਡੁੱਬ ਰਿਹੈ ਤਾਂ ਕੋਈ ਨਫਰੀ ਕਿਉਂ ਨਹੀਂ?
  • ਐਨ.ਡੀ.ਆਰ.ਐਫ. ਦੀਆਂ ਰਾਹਤ ਟੀਮਾਂ ਕਿੱਥੇ ਨੇ?
  • ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਪੰਜਾਬ ਨੂੰ ਬਚਾਉਣ ਲਈ ਅੱਗੇ ਕਿਉਂ ਨਹੀਂ ਆਏ?
  • ਪੰਜਾਬ ਸਰਕਾਰ ਵੱਲੋਂ ਕੀ ਰਾਹਤ ਕਾਰਜ ਕੀਤੇ ਗਏ?

ਪੇਸ਼ਕਸ਼:

ਮੁਹੰਮਦ ਜਮੀਲ ਐਡਵੋਕੇਟ

ਐਮ.ਏ. ਜਰਨਾਲਿਜ਼ਮ

ਗਰੀਨ ਟਾਊਨ, ਕਿਲਾ ਰਹਿਮਤਗੜ੍ਹ

ਮਲੇਰਕੋਟਲਾ-148023

ਸੰਪਰਕ: 9417969547

Similar Posts

Leave a Reply

Your email address will not be published. Required fields are marked *