ਹੱਜ ਦਾ ਖਰਚ ਘਟਾਉਣ ਅਤੇ ਉਡਾਨ ਸਥਾਨਕ ਏਅਰਪੋਰਟ ਤੋਂ ਕਰਵਾਉਣ ਦੀ ਮੰਗ ਜ਼ੋਰ ਫੜਣ ਲੱਗੀ
ਮਾਲੇਰਕੋਟਲਾ 24 ਮਈ (ਅਬੂ ਜ਼ੈਦ): ਹੱਜ ਯਾਤਰਾ-2025 ਦਾ ਪੰਜਾਬ ਤੋਂ ਪਹਿਲਾ 272 ਹਾਜੀਆਂ ਦੇ ਗਰੁੱਪ ਨੇ ਹੱਜ ਯਾਤਰਾ ਲਈ ਦਿੱਲੀ ਏਅਰਪੋਰਟ ਦੇ ਹੱਜ ਟਰਮੀਨਲ ਤੋਂ ਉਡਾਨ ਭਰੀ ਅਤੇ ਸਾਊਦੀ ਅਰਬ ਲਈ ਰਵਾਨਾ ਹੋ ਗਿਆ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦਹਾਕਿਆਂ ਤੋਂ ਹੱਜ ਯਾਤਰਾ ਲਈ ਸੇਵਾਵਾਂ ਨਿਭਾ ਰਹੇ ਸਮਾਜਸੇਵੀ ਮਾਸਟਰ ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਇਨ੍ਹਾਂ ਸਾਰੇ ਹਾਜੀਆਂ ਦੀ ਵਾਪਸੀ 04 ਅਤੇ 09 ਜੁਲਾਈ 2025 ਨੂੰ ਹੋਵੇਗੀ । ਉਨ੍ਹਾਂ ਦੱਸਿਆ ਕਿ ਪੰਜਾਬ ਭਰ ਤੋਂ ਇਸ ਵਾਰ ਜਾ ਰਹੇ ਕੁੱਲ 310 ਹੱਜ ਯਾਤਰੀ (164 ਮਰਦ, 146 ਔਰਤਾਂ) ਸਫਰ ਕਰ ਰਹੇ ਹਨ । ਹਾਜੀਆਂ ਦੀ ਅਗਵਾਈ ਅਤੇ ਦੇਖਰੇਖ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਹੱਜ ਕਮੇਟੀ ਦੀ ਰਹਿਨੁਮਾਈ ਹੇਠ ਮਾਸਟਰ ਮੁਹੰਮਦ ਸ਼਼ਫੀਕ ਅਤੇ ਡਾਕਟਰ ਮੁਹੰਮਦ ਮਸ਼ਰੂਫ ਭੇਜੇ ਗਏ ਹਨ । ਉਨ੍ਹਾਂ ਦੱਸਿਆ ਕਿ ਕਈ ਸਾਲਾਂ ਬਾਅਦ ਇਨੀ ਵੱਡੀ ਗਿਣਤੀ ‘ਚ ਹੱਜ ਯਾਤਰੀ ਹੱਜ ਕਰਨ ਲਈ ਰਵਾਨਾ ਹੋਏ ਹਨ । ਇਨ੍ਹਾਂ ਹੱਜ ਯਾਤਰੀਆਂ ਦੀ ਦਿੱਲੀ ਵਿਖੇ ਸੇਵਾ ਕਰਨ ਲਈ ਮਾਲੇਰਕੋਟਲਾ ਤੋਂ ਸਮਾਜਸੇਵੀ ਟੀਮਾਂ ਵੀ ਪਹੁੰਚੀਆਂ ਹੋਈਆਂ ਸਨ ।
ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚੋਂ ਕਰੀਬ 1,75,000 ਵਿਅਕਤੀ ਹੱਜ ਯਾਤਰਾ ਲਈ ਜਾ ਰਹੇ ਹਨ ਜਿਹਨਾਂ ਵਿੱਚੋਂ ਪੰਜਾਬ ਦਾ ਕੋਟਾ 349 ਹਾਜੀਆਂ ਦਾ ਹੈ ਪਰੰਤੂ ਪੰਜਾਬ ਤੋਂ ਸਿਰਫ 310 ਵਿਅਕਤੀ ਹੀ ਹੱਜ ਲਈ ਜਾ ਰਹੇ ਹਨ । ਜਿਸਦਾ ਵੱਡਾ ਕਾਰਣ ਹੱਜ ਯਾਤਰਾ ਦਾ ਵੱਧ ਚੁੱਕਾ ਖਰਚ ਹੈ । ਡੇਢ-ਦੋ ਲੱਖ ਵਿੱਚ ਹੋਣ ਵਾਲੀ ਹੱਜ ਯਾਤਰਾ ਦਾ ਖਰਚ ਔਚਕ ਹੀ 4 ਲੱਖ ਦੇ ਨੇੜੇ ਜਾ ਪੁੱਜਾ ਹੈ । ਕਰੋਨਾ ਦਾ ਸਹਾਰਾ ਲੈ ਕੇ 2021 ‘ਚ ਖਰਚ ਤਿੰਨ ਗੁਣਾ ਕਰ ਦਿੱਤਾ ਗਿਆ, ਕਰੋਨਾ ਆਇਆ ਅਤੇ ਚਲਾ ਗਿਆ ਪਰੰਤੂ ਕੇਂਦਰੀ ਹੱਜ ਕਮੇਟੀ ਖਰਚ ਘਟਾਉਣਾ ਭੁੱਲ ਗਈ ਹੈ । ਕੇਂਦਰੀ ਹੱਜ ਕਮੇਟੀ ਅਤੇ ਸੂਬਾ ਹੱਜ ਕਮੇਟੀਆਂ ਖਿਲਾਫ ਮੁਸਲਿਮ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਕਮੇਟੀਆਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਜਾਂ ਕਿਸੇ ਜਗ੍ਹਾ ਭ੍ਰਿਸ਼ਟਾਚਾਰ ਵਰਗੀ ਲੀਕੇਜ ਹੋ ਸਕਦੀ ਹੈ ਪਿਛਲੇ 4 ਸਾਲ ਤੋਂ ਮੁਸਲਿਮ ਭਾਈਚਾਰੇ ਦੇ ਲੋਕ ਸ਼ਰਧਾ ਦੇ ਨਾਮ ‘ਤੇ ਚੁੱਪ ਵੱਟਕੇ ਕਰੋੜਾਂ ਰੁਪਏ ਦਾ ਚੂਨਾ ਲਗਵਾ ਚੁੱਕੇ ਹਨ ਪਰੰਤੂ ਹੁਣ ਕੁਝ ਸਮਾਜਸੇਵੀ ਪਤਵੰਤਿਆਂ ਵੱਲੋਂ ਇਸ ਧੱਕੇਸ਼ਾਹੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਸਲਿਮ ਸਮਾਜਸੇਵੀ ਮੁਹੰਮਦ ਅਸ਼ਰਫ ਮੰਤਰੀ, ਮੁਹੰਮਦ ਸ਼ਰੀਫ ਸਾਬਕਾ ਏਅਰਫੋਰਸ ਅਧਿਕਾਰੀ, ਚੌਧਰੀ ਲਿਆਕਤ ਅਲੀ ਬਨਭੌਰਾ, ਮੁਹੰਮਦ ਜਮੀਲ ਐਡਵੋਕੇਟ ਨੇ ਪ੍ਰੈਸ ਦੇ ਮਾਧਿਅਮ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਘੱਟਗਿਣਤੀਆਂ ਮਹਿਕਮੇ ਦੇ ਮੰਤਰੀ ਕਿਰਨ ਰਿਜਿਜੂ ਨੂੰ ਅਪੀਲ ਹੈ ਕਿ ਪਵਿੱਤਰ ਹੱਜ ਯਾਤਰਾ ਲਈ ਵਸੂਲੇ ਜਾ ਰਹੇ ਪੈਸੇ ਦੀ ਜਾਂਚ ਕਰਵਾਈ ਜਾਵੇ ਅਤੇ ਖਰਚ ਨੂੰ ਘੱਟ ਕੀਤਾ ਜਾਵੇ । ਇਸ ਤੋਂ ਇਲਾਵਾ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਹਾਜੀਆਂ ਲਈ ਮੋਹਾਲੀ, ਹਲਵਾਰਾ ਅਤੇ ਅਮ੍ਰਿਤਸਰ ਤੋਂ ਵਿਸ਼ੇਸ਼ ਉਡਾਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਰੋੜਾਂ ਦੇ ਵਾਧੂ ਖਰਚ ਅਤੇ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ । ਉਹਨਾਂ ਕਿਹਾ ਕਿ ਇਸ ਸਬੰਧੀ ਪਿਛਲੇ ਸਾਲ ਵੀ ਚੇਅਰਮੈਨ ਕੇਂਦਰੀ ਹੱਜ ਕਮੇਟੀ, ਮਿਨੀਸਟਰ ਫਾਰ ਮਿਨੋਰਟੀ ਅਫੇਅਰਜ਼, ਚੇਅਰਮੈਨ ਪੰਜਾਬ ਹੱਜ ਕਮੇਟੀ ਨੂੰ ਇਸ ਸਬੰਧੀ ਮੇਲ ਰਾਹੀਂ ਮੰਗ ਪੱਤਰ ਭੇਜੇ ਸਨ । ਜਲਦ ਹੀ ਮੁਸਲਿਮ ਪਤਵੰਤਿਆਂ ਦਾ ਇੱਕ ਵਫਦ ਮਿਨੋਰਟੀ ਮੰਤਰਾਲੇ ਤੱਕ ਪਹੁੰਚ ਕਰੇਗਾ ਅਤੇ ਇਸ ਸਮੱਸਿਆ ਦੇ ਹੱਲ ਲਈ ਗੁਹਾਰ ਲਗਾਏਗਾ ।
ਫੋਟੋ ਕੈਪਸ਼ਨ: ਦਿੱਲੀ ਏਅਰਪੋਰਟ ਤੋਂ ਰਵਾਨਾ ਹੋਣ ਮੌਕੇ ਪੰਜਾਬ ਦੇ ਹਾਜੀ ਸਾਹਿਬਾਨ ਅਤੇ ਦੁਆਵਾਂ ਦੀ ਦਰਖਾਸਤ ਕਰਦੇ ਸਾਥੀ ।