ਫਤਿਹਗੜ੍ਹ ਸਾਹਿਬ/ਮਲੇਰਕੋਟਲਾ, 30 ਸਤੰਬਰ (ਬਿਉਰੋ): 13 ਜਨਵਰੀ 2023 ਤੋਂ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ ਮੋਰਚੇ ਵੱਲੋਂ ਲਗਾਏ ਗਏ ਮੋਰਚੇ ਨੂੰ ਹੋਰ ਤਿੱਖਾ ਕਰਨ ਲਈ ਵੱਡੀ ਕਾਲ ਦਿੱਤੀ ਗਈ ਹੈ । ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਬਣਾਉਣ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਲਵਾਉਣ ਸਬੰਧੀ ਭਲਕੇ 01 ਅਕਤੂਬਰ 2024 ਨੂੰ ਕੱਢੇ ਜਾ ਰਹੇ ਖਾਲਸਾ ਮਾਰਚ ਸਬੰਧੀ ਇਕੱਤਰਤਾ ਕੀਤੀ ਗਈ। ਜਿਸ ਵਿੱਚ ਜਸਵੰਤ ਸਿੰਘ ਸਿੱਧੂਪੁਰ ਅਮਰਪ੍ਰੀਤ ਸਿੰਘ ਪੰਜਕੋਹਾ ਅਤੇ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਨੇ ਮਾਰਚ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਸ਼ਹੀਦਾਂ ਦੀ ਇਸ ਧਰਤੀ ਤੋਂ ਜਿਸ ਤੋਂ ਹੱਕ ਸੱਚ ਲਈ ਬੋਲਣ ਦੀ ਸਿੱਖਿਆ ਮਿਲਦੀ ਹੈ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦਵਾਉਣ ਲਈ ਖਾਲਸਾ ਮਾਰਚ ਸਵੇਰੇ 10 ਵਜੇ ਆਰੰਭ ਹੋਵੇਗਾ ਜੋ ਚੰਡੀਗੜ੍ਹ ਗਵਰਨਰ ਹਾਊਸ ਪਹੁੰਚੇਗਾ ।
ਅਮਰਪ੍ਰੀਤ ਸਿੰਘ ਪੰਜਕੋਹਾ ਨੇ ਦੱਸਿਆ ਕਿ ਮਾਰਚ ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ । ਸਵੇਰੇ ਗੁਰਦੁਆਰਾ ਸਾਹਿਬ ਵਿਖੇ ਚਾਹ ਦਾ ਪ੍ਰਬੰਧ ਕੀਤਾ ਗਿਆ ਹੈ । ਚੁੰਨੀ ਪਹੁੰਚਣ ਤੇ ਸੰਗਤ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਲਾਂਡਰਾਂ ਵਿਖੇ ਵੀ ਲੰਗਰ ਦਾ ਪ੍ਰਬੰਧ ਹੈ ਤੇ ਰਸਤੇ ਵਿੱਚ ਪਾਣੀ ਤੇ ਫਲਾਂ ਦਾ ਵੀ ਸੰਗਤ ਵੱਲੋਂ ਪ੍ਰਬੰਧ ਕੀਤਾ ਗਿਆ ਹੈ । ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਨੇ ਦੱਸਿਆ ਕਿ ਮਾਰਚ ਲਈ ਸੰਗਤ ਵਿੱਚ ਭਾਰੀ ਉਤਸਾਹ ਹੈ, ਵੱਡੀ ਗਿਣਤੀ ਵਿੱਚ ਸੰਗਤ ਪਹੁੰਚੇਗੀ । ਅਮਰਪ੍ਰੀਤ ਸਿੰਘ ਪੰਜਕੋਹਾ ਅਤੇ ਜਸਵੰਤ ਸਿੰਘ ਸਿੱਧੂਪੁਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਸਾਰੀ ਕੌਮ ਦਾ ਤੇ ਪੰਜਾਬੀਆਂ ਦਾ ਸਾਂਝਾ ਮਸਲਾ ਹੈ ਇਸ ਲਈ ਸਾਨੂੰ ਪਾਰਟੀਬਾਜੀ ਤੇ ਗੁੱਟਬੰਦੀ ਤੋਂ ਉੱਪਰ ਉੱਠ ਕੇ ਮਾਰਚ ਵਿੱਚ ਸ਼ਾਮਿਲ ਹੋਣਾ ਚਾਹੀਦੈ ।
ਜਸਪਾਲ ਸਿੰਘ ਯੂਥ ਆਗੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਨੌਜਵਾਨਾਂ ਤੇ ਵਿਦਿਆਰਥੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਾਡੇ ਕੌਮੀ ਮਸਲੇ ਹਨ ਤੇ ਇਸ ਲਈ ਸਾਨੂੰ ਸਾਰੇ ਰੁਝੇਵੇ ਛੱਡ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਇਸ ਮੌਕੇ ਕੁਲਜੀਤ ਸਿੰਘ ਜੰਜੂਆ, ਸਰਬਜੀਤ ਸਿੰਘ ਮਾਵੀ, ਰੁਪਿੰਦਰ ਸਿੰਘ, ਰਮਨੀਕ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਆਗੂ ਹਾਜ਼ਰ ਸਨ।



