ਮਲੇਰਕੋਟਲਾ ਅੰਦਰ ਐਂਟਰੀ ਤੇ ਟੁੱਟੀਆਂ ਸੜਕਾਂ ਕਰਦੀਆਂ ਨੇ ‘ਡੂੰਘਾ’ ਸਵਾਗਤ

author
0 minutes, 3 seconds Read

ਮਲੇਰਕੋਟਲਾ ਦੇ ਵਿਕਾਸ ਦੀ 14 ਮਹੀਨੇ ਦੀ ਕਹਾਣੀ

ਮਲੇਰਕੋਟਲਾ, 16 ਮਈ (ਬਿਉਰੋ): ਪੰਜਾਬੀ ਦੀ ਪੁਰਾਤਨ ਕਹਾਵਤ ਹੈ “ਪਿੰਡ ਦੇ ਭਾਗ ਪਿੰਡ ਦੀਆਂ ਰੂੜੀਆਂ ਤੋਂ ਦਿਖ ਜਾਂਦੇ ਨੇ”। ਪੁਰਾਣੇ ਸਮੇਂ ‘ਚ ਪੰਜਾਬ ਦੇ ਪਿੰਡਾਂ ‘ਚ ਅਕਸਰ ਬਾਹਰ ਵਾਲੀ ਫਿਰਨੀ ਤੇ ਹੀ ਰੂੜੀਆਂ ਲੱਗੀਆਂ ਹੁੰਦੀਆਂ ਸਨ ਜਿਸ ਤੋਂ ਇਹ ਕਹਾਵਤ ਪ੍ਰਚਿੱਲਤ ਹੋ ਗਈ । ਕੁਝ ਅਜਿਹਾ ਹੀ ਪੰਜਾਬ ਦੇ ਇਕਲੌਤੇ ਮੁਸਲਿਮ ਬਹੁਲ ਅਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਦਾ ਹੈ । ਇੱਕ ਸਮਾਂ ਸੀ ਜਦੋਂ ਮਲੇਰਕੋਟਲਾ ਦੁਆਲੇ ਬਣੇ ਦਿੱਲੀ ਗੇਟ, ਸਰਹਿੰਦੀ ਗੇਟ, ਸ਼ੇਰਵਾਨੀ ਗੇਟ, ਸੁਨਾਮੀ ਗੇਟ  ਆਦਿ ਦੀ ਖੂਬਸੂਰਤੀ ਨਾਲ ਪਛਾਣਿਆ ਜਾਂਦਾ ਸੀ । ਜਦੋਂਕਿ ਅੱਜ ਸਥਾਨਕ ਸਰੌਦ ਰੋਡ ਤੋਂ ਲੁਧਿਆਣਾ ਬਾਈਪਾਸ, ਨਾਭਾ ਰੋਡ ਆਈ.ਟੀ.ਆਈ. ਚੌਂਕ ਤੋਂ ਡਰੇਨ ਕਿਲ੍ਹਾ ਰਹਿਮਤਗੜ੍ਹ ਤੱਕ ਪਿਛਲੀ ਕਾਂਗਰਸ ਸਰਕਾਰ ਮੌਕੇ ਸੀਵਰੇਜ਼ ਦੀ ਲਾਈਨ ਪਾਈ ਗਈ ਸੀ ਜਿਸਨੂੰ ਮੁਕੰਮਲ ਕਰਕੇ ਅੱਜ ਤੱਕ ਸੜਕ ਨਹੀਂ ਬਣ ਸਕੀ, ਰਾਏਕੋਟ ਰੋਡ ਤੋਂ ਮਲੇਰਕੋਟਲਾ ‘ਚ ਐਂਟਰ ਹੋਣ ਲਈ ਕੇ.ਐਸ. ਕੰਬਾਈਨ ਦੇ ਸਾਹਮਣੇ ਵੱਡੇ ਖੱਡਿਆਂ ਨਾਲ ਦੋ ਚਾਰ ਹੋਣਾ ਪੈਂਦਾ ਹੈ, ਧੂਰੀ ਰੋਡ ਤੋਂ ਮਲੇਰੋਕਟਲਾ ਅੰਦਰ ਐਂਟਰ ਕਰਨ ਤੇ ਲਸਾਡਾ ਡਰੇਨ ਸਵਾਗਤ ਕਰਦੀ ਹੈ, ਹਾਈਵੇਅ ਤੇ ਵੱਡੇ ਖੱਡਿਆਂ ਕਾਰਣ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ।

ਦੇਸ਼ ਦੀ ਅਜ਼ਾਦੀ ਤੋਂ ਬਾਦ ਮਲੇਰਕੋਟਲਾ ਦਾ ਵਿਧਾਇਕ ਹਮੇਸ਼ਾਂ ਮੁਸਲਿਮ ਵਰਗ ਵਿੱਚੋਂ ਹੀ ਚੁਣਿਆ ਜਾਂਦਾ ਹੈ । ਭਾਵੇਂਕਿ ਪਹਿਲਾਂ ਮਲੇਰਕੋਟਲਾ ਰਿਆਸਤ ਵੀ ਰਹੀ ਹੈ ਅਤੇ ਅਜ਼ਾਦੀ ਤੋਂ ਬਾਦ ਸਰਕਾਰਾਂ ਬਦਲਦੀਆਂ ਰਹੀਆਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿਧਾਇਕ ਆਪਣੀ ਪੰਜ ਸਾਲ ਦੀ ਪਾਰੀ ਖੇਡਦੇ ਰਹੇ । ਪਰੰਤੂ ਮਲੇਰਕੋਟਲਾ ਦੀਆਂ ਸੜਕਾਂ, ਗਲੀਆਂ, ਨਾਲੀਆਂ, ਫਰਸ਼, ਉਦਯੋਗ, ਸਿੱਖਿਆ, ਸਿਹਤ ਸਹੂਲਤਾਂ, ਰੋਜ਼ਗਾਰ, ਖੇਤੀਬਾੜੀ, ਲਘੂ ਉਦਯੋਗਾਂ ਲਈ ਜ਼ਮੀਨੀ ਪੱਧਰ ਤੇ ਕਿਸੇ ਨੇ ਵੀ ਕੋਈ ਕੰਮ ਨਹੀਂ ਕੀਤਾ । ਵੋਟਾਂ ਦੇ ਸਮੇਂ ਹਰ ਪਾਰਟੀ ਵੱਲੋਂ ਆਪਣਾ ਨਵਾਂ ਏਜੰਡਾ ਅਤੇ ਲੱਛੇਦਾਰ ਭਾਸ਼ਣਾਂ ਰਾਹੀਂ ਭੋਲੀ-ਭਾਲੀ ਜਨਤਾ ਨੂੰ ਵਰਗਲਾ ਕੇ ਬੁੱਧੂ ਬਣਾਉਂਦੀ ਰਹੀ, ਸਮਾਂ ਆਪਣੀ ਚਾਲ ਚਲਦਾ ਰਿਹਾ, ਸਿਰਫ ਚਿਹਰੇ ਬਦਲਦੇ ਰਹੇ ਕੋਈ ਬਦਲਾਅ ਨਹੀਂ ਆਇਆ । ਪੰਜਾਬ ਵਿੱਚ ਮਾਰਚ 2022 ਵਿੱਚ ਤੀਜੀ ਧਿਰ ਵਜੋਂ ਅਮਰਵੇਲ੍ਹ ਵਾਂਗ ਉਭਰੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਦਲਾਅ ਦੇ ਨਾਅਰੇ ਨਾਲ 92 ਸੀਟਾਂ ਤੇ ਸਪਸ਼ਟ ਬਹੁਮਤ ਦਿੱਤਾ । ਮਲੇਰਕੋਟਲਾ ਤੋਂ ਵੀ ਲੋਕਾਂ ਨੇ ਚਾਈਂ-ਚਾਈਂ 20 ਸਾਲਾਂ ਤੋਂ ਸੱਤਾ ਤੇ ਕਾਬਜ਼ ਪ੍ਰਵਾਸੀ ਵਿਧਾਇਕਾਂ ਦਾ ਬਿਸਤਰਾ ਗੋਲ ਕਰ ਤਖਤਾ ਪਲਟ ਕੇ ‘ਆਪ’ ਦੇ ਮੁਕਾਮੀ ਅਨੁਭਵੀ ਉਮੀਦਵਾਰ ਡਾ. ਮੁਹੰਮਦ ਜਮੀਲ ਉਰ ਰਹਿਮਾਨ ਅਤੇ ਅਮਰਗੜ੍ਹ ਤੋਂ ਜਸਵੰਤ ਸਿੰਘ ਗੱਜਣਮਾਜਰਾ ਨੂੰ ਵਿਧਾਇਕ ਚੁਣਿਆ ਅਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਦੀ ਉਡੀਕ !!!!!! ਕਰਨ ਲੱਗੇ।

ਅੱਜ ਜਦੋਂ ਵਿਧਾਇਕ ਮਲੇਰਕੋਟਲਾ ਨੂੰ ਹਲਕੇ ਦੀ ਸੇਵਾ ਕਰਦਿਆਂ 14 ਮਹੀਨੇ ਬੀਤ ਚੁੱਕੇ ਹਨ । ਵਿਕਾਸ ਦੀ ਜ਼ਮੀਨੀ ਸਮੀਖਿਆ ਲਈ ਸਾਡੇ ਪੱਤਰਕਾਰ ਨੇ ਸ਼ਹਿਰ ਦੇ ਪਤਵੰਤਿਆਂ ਦੇ ਵਿਚਾਰ ਲਏ । ਲੋਕਾਂ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਮਾੜੀ ਹੈ । ਮਲੇਰਕੋਟਲਾ ਸ਼ਹਿਰ ਅੰਦਰ ਦਾਖਲ ਹੁੰਦਿਆਂ ਹੀ ਸੜਕਾਂ ਦੀ ਖਸਤਾ ਹਾਲਤ ਸ਼ਹਿਰ ਦਾ ਹਾਲ ਬਿਆਨ ਕਰ ਦਿੰਦੀ ਹੈ । 14 ਮਹੀਨੇ ਬੀਤ ਜਾਣ ਤੇ ਵੀ ਸ਼ਹਿਰ ਦੀ ਹਾਲਤ ਜਿਉਂ ਦੀ ਤਿਉਂ ਹੈ ।ਇਸ ਤੋਂ ਇਲਾਵਾ ਸ਼ਹਿਰ ਅੰਦਰ ਦਿੱਲੀ ਗੇਟ, ਕਮਲ ਸਿਨੇਮਾ ਰੋਡ, ਕੇਲੋਂ ਗੇਟ, ਕੱਚਾ ਕੋਟ, ਸਰਹਿੰਦੀ ਗੇਟ ਸੜਕਾਂ ਦੀ ਹਾਲਤ ਤੋਂ ਪੂਰਾ ਸ਼ਹਿਰ ਜਾਣੂ ਹੈ । ਸ਼ਹਿਰ ਅੰਦਰ ਸਿਹਤ ਸਹੂਲਤਾਂ ਦਾ ਹਾਲ ਬੇਹੱਦ ਬੁਰਾ ਹੈ । ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਡਾਕਟਰ, ਨਰਸ, ਦਵਾਈਆਂ, ਸਕੈਨ, ਟੈਸਟ ਸਮੇਤ ਸਟਾਫ ਦੀ ਕਮੀ ਹਮੇਸ਼ਾ ਵਾਂਗ ਹੀ ਬਰਕਰਾਰ ਹੈ, ਹਲਕੇ ਨੂੰ ਮੈਡੀਕਲ ਕਾਲਜ ਦਾ ਵੱਡਾ ਤੋਹਫਾ ਦੇਣ ਤੋਂ ਪਹਿਲਾਂ ਸਿਵਲ ਹਸਪਤਾਲ ਅੰਦਰ 24 ਘੰਟੇ ਮੁਕੰਮਲ ਇਲਾਜ ਦੀ ਸਹੂਲਤ ਚਾਲੂ ਕਰਨੀ ਚਾਹੀਦੀ ਹੈ ਤਾਂ ਕਿ ਗਰੀਬ ਲੋਕਾਂ ਨੂੰ ਮਰੀਜ਼ਾਂ ਦਾ ਇਲਾਜ ਕਰਵਾਉਣ ਲਈ ਪਟਿਆਲਾ ਜਾਂ ਲੁਧਿਆਣਾ ਰੈਫਰ ਨਾ ਕੀਤਾ ਜਾਵੇ।  ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦੂਰ ਕਰਨ ਲਈ ਲੰਬੇ ਸਮੇਂ ਤੋਂ ਇਲਾਕਾ ਨਿਵਾਸੀ ਕੁਰਲਾ ਰਹੇ ਹਨ, ਕਈ ਵਾਰ ਸਿੱਖਿਆ ਮੰਤਰੀ ਨੂੰ ਲਿਖਤੀ ਮੰਗ ਪੱਤਰ ਵੀ ਦੇ ਚੁੱਕੇ ਹਨ ਜੋ ਅੱਜ ਤੱਕ ਪੂਰੀ ਨਹੀਂ ਹੋ ਸਕੀ । ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਸਕੂਲ ਆਫ ਐਮੀਨੈਂਸ ਵਰਗੇ ਲੱਛੇਦਾਰ ਵਾਅਦੇ ਕਰਨ ਤੋਂ ਬਿਹਤਰ ਹੈ ਕਿ ਸਕੂਲਾਂ ਵਿੱਚ ਸਟਾਫ ਅਤੇ ਇਨਫਰਾ ਸਟ੍ਰਕਚਰ ਪੂਰਾ ਕੀਤਾ ਜਾਵੇ । ਜ਼ਿਕਰਯੋਗ ਹੈ ਕਿ ਉਰਦੂ ਦੇ ਅਧਿਆਪਕਾਂ ਦੀ ਕਮੀ ਕਾਰਣ ਉਰਦੂ ਭਾਸ਼ਾ ਸਰਕਾਰੀ ਸਕੂਲਾਂ ਵਿੱਚੋਂ ਬਿਲਕੁਲ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਈ ਹੈ । ਉਪਰੋਕਤ ਸਾਰੀਆਂ ਸਮੱਸਿਆਵਾਂ ਬਾਰੇ ਮਲੇਰਕੋਟਲਾ ਦਾ ਹਰ ਨਾਗਰਿਕ ਜਾਣਦਾ ਹੈ ਪਰੰਤੂ ਆਕਾ ਦੀ ਨਰਾਜ਼ਗੀ ਕਾਰਣ ਕੋਈ ਮੂੰਹ ਨਹੀਂ ਖੋਲਣਾ ਚਾਹੁੰਦਾ । ਪ੍ਰੈਸ ਦੇ ਮਾਧਿਅਮ ਰਾਹੀਂ ਮਲੇਰਕੋਟਲਾ ਦੇ ਪਤਵੰਤਿਆਂ ਦੀ ਮੁੱਖ ਮੰਤਰੀ ਪੰਜਾਬ ਸਰਕਾਰ ਵਿਧਾਇਕ ਮਲੇਰਕੋਟਲਾ ਅਤੇ ਅਮਰਗੜ੍ਹ ਨੂੰ ਪੁਰਜ਼ੋਗ ਅਪੀਲ ਹੈ ਕਿ ਉਪਰੋਕਤ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇ, ਸ਼ਹਿਰ ਅੰਦਰ ਦਾਖਲੇ ਦੀਆਂ ਸੜਕਾਂ ਬਣਾਈਆਂ ਜਾਣ ਜਦੋਂ ਤੱਕ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਘੱਟੋ-ਘੱਟ ਉਨਾਂ ਦੀ ਮੁਰੰਮਤ ਤਾਂ ਕੀਤੀ ਜਾਵੇ ਤਾਂ ਜੋ ਰਾਹਗੀਰਾਂ ਨੂੰ ਸਮੱਸਿਆ ਨਾ ਆਵੇ ।

ਫੋਟੋ ਕੈਪਸ਼ਨ: ਨਾਭਾ ਰੋਡ ਕਿਲ੍ਹਾ ਰਹਿਮਤਗੜ੍ਹ ‘ਤੇ ਮਲੇਰਕੋਟਲਾ ‘ਚ ਐਂਟਰੀ ਪੁਆਂਇੰਟ ਤੇ ਮਹੀਨਿਆਂ ਤੋਂ ਟੁੱਟੀ ਸੜਕ ।

Similar Posts

Leave a Reply

Your email address will not be published. Required fields are marked *