ਮਲੇਰਕੋਟਲਾ, 03 ਨਵੰਬਰ (ਅਬੂ ਜ਼ੈਦ): ਅੱਜ ਕਿਲਾ ਰਹਿਮਤਗੜ੍ਹ ਦੇ ਨੇੜਲੇ ਇਲਾਕਾ ਵਰਿਆਮ ਵਿਖੇ ਪੰਜਾਬ ਵਕਫ ਬੋਰਡ ਦੇ ਮੈਂਬਰ ਐਡਵੋਕੇਟ ਸ਼ਮਸ਼ਾਦ ਅਲੀ ਵੱਲੋਂ ਇੱਕ ਸਾਦੇ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ । ਇਸ ਮੌਕੇ ਕੌਂਸਲਰ ਮੁਹੰਮਦ ਹਬੀਬ, ਮੁਹੰਮਦ ਅਸਲਮ ਕਾਲਾ, ਮੁਹੰਮਦ ਅਕਰਮ ਬੱਗਾ, ਜਾਨੀ ਸਰਪੰਚ ਅਤੇ ਇਲਾਕਾ ਨਿਵਾਸੀਆਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ । ਅਬਦੁਲ ਸ਼ਕੂਰ ਪ੍ਰਧਾਨ ਨੇ ਮੰਗ ਪੱਤਰ ਪੜ੍ਹਕੇ ਸੁਣਾਇਆ ।
ਜ਼ਿਕਰਯੋਗ ਹੈ ਕਿ ਕਿਲਾ ਰਹਿਮਤਗੜ੍ਹ, ਅਬਾਸਪੁਰਾ ਅਤੇ ਹਥੋਆ ਰੋਡ ਦੇ ਨੇੜਲੇ ਨਵੇਂ ਬਣੇ ਇਲਾਕੇ ਵੱਡੀ ਅਬਾਦੀ ਹੋਣ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਤੋਂ ਬਿਲਕੁਲ ਵਾਂਝੇ ਹਨ । ਹਜ਼ਾਰਾਂ ਦੀ ਆਬਾਦੇ ਵਾਲੇ ਇਲਾਕੇ ਵਿੱਚ ਕੋਈ ਸਰਕਾਰੀ ਸਕੂਲ, ਡਿਸਪੈਂਸਰੀ, ਖੇਡ ਮੈਦਾਨ ਨਹੀਂ ਹੈ । ਸਭ ਤੋਂ ਵੱਡੀ ਸਮੱਸਿਆ ਮੁਸਲਿਮ ਬਹੁਲ ਇਲਾਕੇ ਹੋਣ ਕਾਰਣ ਕਬਰਿਸਤਾਨ ਦੀ ਵੱਡੀ ਸਮੱਸਿਆ ਸੀ । ਇਹਨਾਂ ਸਾਰੇ ਇਲਾਕਿਆਂ ਲਈ ਕਿਲਾ ਰਹਿਮਤਗੜ੍ਹ ਵਾਲਾ ਹੀ ਕਬਰਿਸਤਾਨ ਹੀ ਹੈ ਜੋ ਕਿ ਬਹੁਤ ਛੋਟਾ ਹੈ ।
ਐਡਵੋਕੇਟ ਸ਼ਮਸ਼ਾਦ ਅਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪ ਸਭ ਦੀਆਂ ਦੁਆਵਾਂ ਸਦਕਾ ਅੱਲ੍ਹਾ ਪਾਕ ਨੇ ਮੈਨੂੰ ਮੌਕਾ ਦਿਤਾ ਕਿ ਪੰਜਾਬ ਵਕਫ ਬੋਰਡ ਦਾ ਮੈਂਬਰ ਬਣਾਇਆ । ਮੈਂ ਆਪਣੀ ਸਮਰੱਥਾ ਮੁਤਾਬਿਕ ਆਪਣੇ ਲੋਕਾਂ ਦਾ ਹਰ ਕੰਮ ਪਹਿਲ ਦੇ ਅਧਾਰ ਤੇ ਕਰਾਂਗਾ । ਉਹਨਾਂ ਕਿਹਾ ਕਿ ਕਿਲਾ ਰਹਿਮਤਗੜ੍ਹ ਦੇ ਚੜ੍ਹਦੇ ਪਾਸੇ ਲੱਗਦੀ ਵਰਿਆਮੋ ਵਾਲੀ ਜਮੀਨ ਵਿੱਚੋਂ ਅਗਾਮੀ ਮੀਟਿੰਗ ਵਿੱਚ ਕਬਰਿਸਤਾਨ ਲਈ 20 ਬਿੱਘੇ ਜਮੀਨ, ਸ਼ਾਨਦਾਰ ਸੀਬੀਐਸਸੀ ਸਕੂਲ, ਖੇਡ ਮੈਦਾਨ ਅਤੇ ਡਿਸਪੈਂਸਰੀ ਲਈ ਜਮੀਨ ਅਲਾਟ ਕਰਾਂਗੇ । ਉਹਨਾਂ ਕਿਹਾ ਕਿ ਮੌਜੂਦਾ ਵਕਫ ਬੋਰਡ ਦੇ ਚੇਅਰਮੈਨ, ਸਾਰੇ ਮੈਂਬਰ ਅਤੇ ਸੀਈਓ ਕੌਮ ਦਾ ਦਰਦ ਰੱਖਣ ਵਾਲੇ ਹਨ । ਉਹਨਾਂ ਭਰੋਸਾ ਦਿਲਵਾਇਆ ਕਿ ਬਹੁਤ ਜਲਦ ਇਸ ਸਬੰਧੀ ਮਤਾ ਪਾ ਕੇ ਜਮੀਨ ਅਲਾਟ ਕਰ ਦਿਤੀ ਜਾਵੇਗੀ । ਇਸ ਮੌਕੇ ਸੰਬੋਧਨ ਕਰਦੇ ਹੋਏ ਕੌਂਸਲਰ ਮੁਹੰਮਦ ਹਬੀਬ ਨੇ ਐਡਵੋਕੇਟ ਸ਼ਮਸ਼ਾਦ ਅਲੀ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਕਬਰਿਸਤਾਨ ਲਈ ਜਮੀਨ ਅਲਾਟ ਹੋਣ ‘ਤੇ 100 ਟਰਾਲੀ ਮਿਟੀ ਦੀ ਭਰਤ ਪਾਉਣ ਲਈ ਦਿਤੀ ਜਾਵੇਗੀ ।


