ਪਹਿਲਵਾਨ ਸਾਕਸ਼ੀ ਨੇ ਦਿੱਤਾ ਅਲਟੀਮੇਟਮ, ‘ਜਦੋਂ ਸਾਰੇ ਮਸਲੇ ਹੱਲ ਹੋਣਗੇ, ਅਸੀਂ ਉਦੋਂ ਖੇਡਾਂਗੇ ਏਸ਼ੀਅਨ ਗੇਮਸ’
ਨਵੀਂ ਦਿੱਲੀ/ਮਲੇਰਕੋਟਲਾ, 11 ਜੂਨ (ਬਿਉਰੋ): ਪਹਿਲਵਾਨਾਂ ਦੇ ਸਮਰਥਨ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਸਮੇਤ ਹਰਿਆਣਾ ਦੇ ਸੋਨੀਪਤ ਵਿਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਗੇਮਸ ਉਦੋਂ ਖੇਡਾਂਗੇ ਜਦੋਂ ਇਹ ਸਾਰਾ ਮੁੱਦਾ ਸੁਲਝ ਜਾਵੇਗਾ। ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਕੁਸ਼ਤੀ ਮਹਾਸੰਘ ਦੇ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ।
ਮਹਾਪੰਚਾਇਤ ਵਿਚ ਫੈਸਲਾ ਲਿਆ ਗਿਆ ਕਿ ਸਰਕਾਰ 15 ਜੂਨ ਤੱਕ ਕੋਈ ਫੈਸਲਾ ਨਹੀਂ ਲੈਂਦੀ ਤਾਂ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ । ਸਾਕਸ਼ੀ ਨੇ ਕਿਹਾ ਕਿ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਉਹ ਬਾਹਰ ਰਹੇਗਾ ਤਾਂ ਡਰ ਦਾ ਮਾਹੌਲ ਰਹੇਗਾ। ਪਹਿਲਾਂ ਗ੍ਰਿਫਤਾਰ ਕਰੋ, ਫਿਰ ਜਾਂਚ ਕਰੋ । ਸਾਨੂੰ ਸਮਰਥਨ ਮਿਲ ਰਿਹਾ ਹੈ । ਅਸੀਂ ਸੱਚਾਈ ਦੀ ਲੜਾਈ ਲੜ ਰਹੇ ਹਾਂ । ਕੁਝ ਫੇਕ ਖਬਰਾਂ ਚਲਾਈਆਂ ਜਾ ਰਹੀਆਂ ਹਨ ਜੋ ਕਿ ਮਨ ਨੂੰ ਬਹੁਤ ਠੇਸ ਪਹੁੰਚਾਉਂਦੀਆਂ ਹਨ ।
ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨਾਲ ਜੋ ਗੱਲਬਾਤ ਅਸੀਂ ਕਰਕੇ ਆਏ ਹਾਂ, ਉਸ ਨੂੰ ਅਸੀਂ ਤੁਹਾਡੇ ਵਿਚ ਹੀ ਰੱਖਾਂਗੇ । ਜੋ ਸਾਡੇ ਸਮਰਥਨ ਵਿਚ ਖੜ੍ਹੀ ਹੈ ਭਾਵੇਂ ਉਹ ਕੋਈ ਸੰਗਠਨ ਹੋਵੇ ਜਾਂ ਖਾਪ ਪੰਚਾਇਤ ਹੋਵੇ, ਉਨ੍ਹਾਂ ਦੇ ਸਾਹਮਣੇ ਇਹ ਗੱਲਬਾਤ ਰੱਖਾਂਗੇ । ਖਿਡਾਰੀ ਖਾਪ ਪੰਚਾਇਤਾਂ ਨਾਲ ਚਰਚਾ ਦੇ ਬਾਅਦ ਅੱਗੇ ਦੀ ਰਣਨੀਤੀ ਬਣਾਉਣਗੇ।