ਅੰਨ੍ਹੀ, ਬੋਲੀ, ਗੂੰਗੀ, ਬਹਿਰੀ ਕੇਂਦਰ ਸਰਕਾਰ ਦੀ ਨੀਂਦ ਖੋਲਣ ਲਈ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ-ਪੰਧੇਰ,ਬਹਿਰੂ
ਸ਼ੰਭੂ/ਮਲੇਰਕੋਟਲਾ, 31 ਅਗਸਤ (ਬਿਉਰੋ): ਕਿਸਾਨ ਅੰਦੋਲਨ 2.0 ਦਾ ਅੱਜ 200ਵਾਂ ਦਿਨ ਸੀ, ਕਿਸਾਨ ਜੱਥੇਬੰਦੀਆਂ ਦੀ ਕਾਲ ‘ਤੇ ਪੰਜਾਬ-ਹਰਿਆਣਾ ਦੇ ਬਾਰਡਰਾਂ ਖਨੌਰੀ ਅਤੇ ਸ਼ੰਭੂ ਉੱਤੇ ਹਜ਼ਾਰਾਂ ਦੀ ਗਿਣਤੀ ‘ਚ ਲੋਕਾਂ ਨੇ ਸ਼ਿਰਕਤ ਕੀਤੀ । ਅੱਜ ਦੇ ਇਸ ਵਿਸ਼ਾਲ ਇਕੱਠ ਵਿੱਚ ਹਿੰਦੂ, ਮੁਸਲਿਮ, ਸਿੱਖ, ਇਸਾਈ ਸਮੇਤ ਸਾਰੇ ਧਰਮਾਂ, ਜਾਤਾਂ, ਨਸਲਾਂ, ਕਿਸਾਨ, ਵਪਾਰੀ, ਦੁਕਾਨਦਾਰ, ਮੁਲਾਜ਼ਮ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ । ਘੱਗਰ ਦੇ ਪੁਲ ‘ਤੇ ਮੋਰਚੇ ਦੀ ਬਣੀ ਵਿਸ਼ਾਲ ਸਟੇਜ ਤੋਂ ਸੰਬੋਧਨ ਕਰਦਿਆਂ ਸਵਰਨ ਸਿੰਘ ਪੰਧੇਰ, ਸਤਨਾਮ ਸਿੰਘ ਬਹਿਰੂ, ਕਾਕਾ ਸਿੰਘ ਕੋਟਲਾ ਸਮੇਤ ਦਰਜਨਾਂ ਕਿਸਾਨ ਆਗੂਆਂ ਨੇ ਲੋਕਾਂ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਅਤੇ ਲੋਕ ਮਾਰੂ ਨੀਤੀਆਂ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਹੋੲਣ ਤੱਕ ਅੰਦੋਲਨ ਜਾਰੀ ਰਹੇਗਾ ਜਿਸਦਾ ਨਮੂਨਾ ਅੱਜ ਸਰਕਾਰ ਨੇ ਦੇਖ ਲਿਆ ਹੈ ਕਿ ਕਿਵੇਂ ਲੱਖਾਂ ਲੋਕਾਂ ਦੇ ਇਕੱਠ ਨੇ ਕਿਲੋਮੀਟਰਾਂ ਤੱਕ ਸੜਕਾਂ ਜਾਮ ਕਰ ਦਿੱਤੀਆਂ ਨੇ । ਅੰਦੋਲਨ ਨੂੰ ਹੋਰ ਤੇਜ ਕਰਨ ਲਈ ਰੇਲਾਂ ਰੋਕਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਤਾਂ ਜੋ ਅੰਨ੍ਹੀ, ਬੋਲੀ, ਗੂੰਗੀ, ਬਹਿਰੀ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਨੀਂਦ ਖੁੱਲ ਸਕੇ ਜੋ 200 ਦਿਨ ਤੋਂ ਸੜਕ ਉੱਤੇ ਬੈਠਾ ਦੇਸ਼ ਦਾ ਕਿਸਾਨ ਨਹੀਂ ਦੇਖ ਸਕੀਆਂ । ਸਮਾਜਸੇਵੀ ਭਾਨਾ ਸਿੱਧੂ ਨੇ ਆਪਣੇ ਸੰਬੋਧਨ ਨਾਲ ਪੰਡਾਲ ‘ਚ ਬੈਠੇ ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਕੀਤਾ, ਉਹਨਾਂ ਕਿਹਾ ਕਿ ਇਹ ਫਸਲਾਂ ਅਤੇ ਨਸਲਾਂ ਬਚਾਉਣ ਦੀ ਲੜਾਈ ਹੈ, ਪੰਜਾਬ ਦੀ ਜਵਾਨੀ ਜੋ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੀ ਹੈ ਉਸਨੂੰ ਰੋਕਣਾ ਬਹੁਤ ਜਰੂਰੀ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਯਤਨ ਕਰਨੇ ਪੈਣਗੇ ।
ਕਿਸਾਨ ਅੰਦੋਲਨ 2.0 ਜਦੋਂ ਤੋਂ ਸ਼ੁਰੂ ਹੋਇਆ ਹੈ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਵਿਸ਼ੇਸ਼ ਤੌਰ ‘ਤੇ ਮਿੱਠੇ ਚੌਲਾਂ ਦਾ ਲੰਗਰ ਲਗਾਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਜਾਂਦਾ ਰਿਹਾ ਹੈ । ਅੱਜ 200ਵੇਂ ਦਿਨ ਵਿਸ਼ਾਲ ਇਕੱਤਰਤਾ ਵਿੱਚ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਹਾਜੀ ਮੁਹੰਮਦ ਬਾਬੂ, ਮੁਹੰਮਦ ਜਮੀਲ ਐਡਵੋਕੇਟ, ਹਾਜੀ ਮੁਹੰਮਦ ਹਬੀਬ ਦੀ ਰਹਿਨੁਮਾਈ ‘ਚ ਜੱਥੇ ਨੇ ਸ਼ਮੂਲੀਅਤ ਕੀਤੀ, ਮੋਰਚਾ ਪ੍ਰਬੰਧਕ ਜਗਰਾਜ ਸਿੰਘ ਪ੍ਰਧਾਨ ਕਿਸਾਨ ਮੁਜ਼ਦੂਰ ਸੰਘਰਸ਼ ਕਮੇਟੀ ਪੱਟੀ ਵੱਲੋੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਹ ਭਾਈਚਾਰਕ ਸਾਂਝ ਹੀ ਸਾਡੇ ਮੋਰਚੇ ਦੀ ਤਾਕਤ ਹੈ ਜੋ ਸਾਨੂੰ ਜਿੱਤ ਵੱਲ ਲਿਜਾ ਰਹੀ ਹੈ । ਇਸ ਤੋਂ ਪਹਿਲਾਂ ਦਿੱਲੀ ਮੋਰਚੇ ਵਿੱਚ ਵੀ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਵੱਲੋਂ 13 ਮਹੀਨੇ ਲਗਾਤਾਰ ਮਿੱਠੇ ਚੌਲਾਂ ਦਾ ਲੰਗਰ ਲਗਾਕੇ ਕਿਸਾਨ ਮੋਰਚੇ ਨਾਲ ਹਿੱਕ ਡਾਹਕੇ ਹਿਮਾਇਤ ਕੀਤੀ ਗਈ ਸੀ ।
ਫੋਟੋ ਕੈਪਸ਼ਨ: ਸ਼ੰਭੂ ਕਿਸਾਨ ਮੋਰਚੇ ਦੇ 200ਵੇਂ ਦਿਨ ਲੋਕਾਂ ਦਾ ਠਾਠਾਂ ਮਾਰਦਾ ਇਕੱਠ ।



