ਮਾਨ-ਮਾਨ ਵਿੱਚ ਵੀ ਫਰਕ ਹੁੰਦੈ, ਤਿੰਨ ਮਹੀਨੇ ‘ਚ ਪੰਜਾਬੀਆਂ ਨੇ ਇੱਕ ਮਾਨ ਨਕਾਰਿਆ ਅਤੇ ਦੂਜਾ ਅਪਣਾਇਆ
ਮਲੇਰਕੋਟਲਾ, 10 ਮਈ (ਬਿਉਰੋ): ਵਿਧਾਨ ਸਭਾ ਚੋਣਾਂ 2022 ਵਿੱਚ ਮਲੇਰਕੋਟਲਾ ਅਤੇ ਨੇੜਲੇ ਹਲਕਿਆਂ ਵਿੱਚ ਭਗਵੰਤ ਮਾਨ ਦੀ ਤੂਤੀ ਬੋਲਦੀ ਸੀ, ਲੋਕ ਰਾਤਾਂ ਨੂੰ ਜਾ ਕੇ ਚੋਣ ਜਲਸਿਆਂ ਵਿੱਚ ਬਦਲਾਅ ਅਤੇ ਇਨਕਲਾਬ ਦੀਆਂ ਰੌਚਕ ਕਹਾਣੀਆਂ ਸੁਣਦੇ ਸਨ । ਪਰੰਤੂ ਭਗਵੰਤ ਮਾਨ ਦਾ ਇਹ ਜਾਦੂ ਜ਼ਿਆਦਾ ਦੇਰ ਨਾ ਚੱਲ ਸਕਿਆ ਅਤੇ ਤਿੰਨ ਕੁ ਮਹੀਨੇ ਬਾਦ ਹੀ ਹੋਈ ਸੰਗਰੂਰ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਨਕਾਰਦਿਆਂ ਸ੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੂੰ ਜਿਤਾਕੇ ਸੰਸਦ ਵਿੱਚ ਭੇਜਿਆ । 92 ਸੀਟਾਂ ਜਿੱਤੇ ਭਗਵੰਤ ਮਾਨ ਅਤੇ ਪਾਰਟੀ ਦੇ “ਧੌਣ ਦਾ ਕੀਲਾ” ਕੱਢ ਦਿੱਤਾ । ਲੋਕ ਸਭਾ ਹਲਕਾ ਸੰਗਰੂਰ ਵਿੱਚ ਭਾਵੇਂ ਅੱਜ ਵੀ ਮਾਨ-ਮਾਨ ਹੋਈ ਪਈ ਐ ਪਰੰਤੂ ਮਾਨ-ਮਾਨ ਦੀ ਵੀ ਫਰਕ ਹੁੰਦੈ । ਅੱਜ ਹਲਕੇ ਦੀ ਜਨਤਾ ਸਿੱਖ ਕੌਮ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੇ ਪਹਿਰੇਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਮਨ ਬਣਾ ਚੁੱਕੀ ਹੈ । ਇਤਿਹਾਸ ਗਵਾਹ ਹ ੈਕਿ ਸੰਗਰੂਰ ਹਲਕੇ ਦੀ ਜਿੱਤ ਹਾਰ ਦਾ ਫੈਸਲਾ ਮਲੇਰਕੋਟਲਾ ਹਲਕੇ ਤੋਂ ਹੀ ਹੁੰਦਾ ਹੈ, ਇੱਥੋ ਤੱਕ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜੜ੍ਹ ਵੀ ਮਲੇਰਕੋਟਲਾ ਤੋਂ ਹੀ ਲੱਗੀ ਸੀ, ਭਗਵੰਤ ਮਾਨ ਦੇਸ਼ ਦਾ ਇਕਲੌਤਾ ‘ਆਪ’ ਸਾਂਸਦ ਮਲੇਰਕੋਟਲਾ ਨੇ ਹੀ ਦੋ ਵਾਰ ਚੁਣਕੇ ਭੇਜਿਆ । ਪਰੰਤੂ ਅੱਜ ਹਾਲਾਤ ਬਦਲ ਚੁੱਕੇ ਹਨ । ਭਗਵੰਤ ਮਾਨ ਨੇ ਮੁੱਖ ਮੰਤਰੀ ਬਣਕੇ ਮਲੇਰਕੋਟਲਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਣ ਜਨਤਾ ਡਾਹਢੀ ਨਾਰਾਜ਼ ਹੈ । ਐਨਾ ਹੀ ਨਹੀਂ ਪਾਰਟੀ ਵਿੱਚ ਦੋ ਧੜੇ ਤਾਂ ਪਹਿਲਾਂ ਹੀ ਜੱਗ ਜਾਹਰ ਹੋ ਚੁੱਕੇ ਹਨ, ਜੋ ਇੱਕ ਦੂਜੇ ਦੀ ਕਾਟ ਕਰ ਰਹੇ ਹਨ ਅਤੇ ਤੀਜਾ ਧੜਾ ਮੌਕੇ ਦੀ ਤਲਾਸ਼ ਵਿੱਚ ਹੈ ਕਿ ਕੀ ਕਰਨਾ ਹੈ?
ਅਜਿਹੇ ਹਾਲਾਤਾਂ ਵਿੱਚ ਸਿਮਰਨਜੀਤ ਸਿੰਘ ਵਰਗੇ ਸੰਘਰਸ਼ੀ ਯੋਧੇ ਨੂੰ ਟੱਕਰ ਦੇਣਾ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ । ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਲੈ ਕੇ ਹਲਕੇ ਦੀ ਜਨਤਾ ਵਿੱਚ ਬਹੁਤ ਉਤਸ਼ਾਹ ਹੈ । ਲੋਕ ਬੇਸਬਰੀ ਨਾਲ ਆਪਣੇ ਹਰਮਨ ਪਿਆਰੇ ਆਗੂ ਦਾ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਉਹਨਾਂ ਦੇ ਇਲਾਕੇ ਵਿੱਚ ਆਉਣ । ਸਿਮਰਨਜੀਤ ਸਿੰਘ ਮਾਨ ਨੂੰ ਥਾਂ-ਥਾਂ ਫਲ, ਲੱਡੂ, ਮਿਠਾਈਆਂ ਨਾਲ ਤੋਲਕੇ ਜਨਤਾ ਆਪਣੇ ਪਿਆਰ ਅਤੇ ਸਤਿਕਾਰ ਦਾ ਇਜ਼ਹਾਰ ਕਰ ਰਹੀ ਹੈ । ਅਦਾਰਾ ਅਬੂ ਜ਼ੈਦ ਨਿਊਜ਼ ਨੂੰ ਜਾਣਕਾਰੀ ਦਿੰਦਿਆਂ ਚੋਣ ਕੰਪੇਨ ਇੰਚਾਰਜ ਉਪਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅੱਜ 10 ਮਈ ਨੂੰ ਦੁਪਹਿਰ ਡੇਢ ਵਜੇ ਪਿੰਡ ਖੁਰਦ, ਢਾਈ ਵਜੇ ਬਾਪਲਾ, 3.30 ਵਜੇ ਸੰਦੌੜ, 4.30 ਵਜੇ ਚੀਮਾ, 5.00 ਵਜੇ ਢੱਡੇਵਾੜਾ, 6.00 ਵਜੇ ਹਥਨ ਅਤੇ ਰਾਤ 7.30 ਵਜੇ ਮਲੇਰਕੋਟਲਾ ਦੇ ਇਲਾਕਾ ਜਮਾਲਪੁਰਾ ਕੱਚਾ ਦਰਵਾਜ਼ਾ ਵਿਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਸੰਗਤ ਦਰਸ਼ਨ ਲਈ ਤਸ਼ਰੀਫ ਲਿਆ ਰਹੇ ਹਨ ਜਿਸ ਦੇ ਲਈ ਮਲੇਰਕੋਟਲਾ ਵਾਸੀਆਂ ਨੇ ਦਿਲ ਖੋਲਕੇ ਤਿਆਾਰੀਆਂ ਕੀਤੀਆਂ ਹਨ ਕਿ ਆਪਣੇ ਆਗੂ ਦਾ ਸ਼ਾਹਾਨਾ ਸਵਾਗਤ ਕੀਤਾ ਜਾਵੇ ।



