ਜ਼ਿਲ੍ਹਾ ਮਲੇਰਕੋਟਲਾ ਅਥਲੈਟਿਕਸ ‘ਚ 20 ਗੋਲਡ ਮੈਡਲ ਫੁੰਡੇ
ਮਾਲੇਰਕੋਟਲਾ, 10 ਅਕਤੂਬਰ (ਅਬੂ ਜ਼ੈਦ): ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮਾਲੇਰਕੋਟਲਾ ਸ੍ਰੀਮਤੀ ਤਰਵਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡੀ.ਐਮ. ਸਪੋਰਟਸ ਸ੍ਰੀ ਰਘੂਨੰਦਨ ਦੀ ਯੋਗ ਅਗਵਾਈ ਅਧੀਨ ਜ਼ਿਲ੍ਹਾ ਮਲੇਰਕੋਟਲੇ ਦੀ (14, 17, 19 ਸਾਲ) ਲੜਕੇ ਅਤੇ ਲੜਕੀਆਂ ਦੀ ਐਥਲੈਟਿਕਸ ਪ੍ਰਤੀਯੋਗਤਾ ਦ ਟਾਊਨ ਸਕੂਲ ਦੇ ਸ਼ਾਨਦਾਰ ਟਰੈਕ ਵਿੱਚ ਸੰਪਨ ਹੋਈ। ਇਸ ਐਥਲੈਟਿਕਸ ਮੀਟ ਨੂੰ ਕਨਵੀਨਰ, ਲੈਕਚਰਾਰ ਸ੍ਰੀ ਪ੍ਰਗਟ ਸਿੰਘ ਅਤੇ ਲੈਕ. ਸ੍ਰੀ ਮਨਦੀਪ ਸਿੰਘ ਨੇ ਆਪਣੇ ਡੀ.ਪੀ.ਈ. ਸਾਹਿਬਾਨ ਦੇ ਸਹਿਯੋਗ ਨਾਲ ਬਹੁਤ ਅਨੁਸ਼ਾਸ਼ਿਤ ਢੰਗ ਨਾਲ ਨੇਪਰੇ ਚੜਾਇਆ। ਇਸ ਮੀਟ ਦੀ ਸ਼ੁਰੂਆਤ ਦ ਟਾਊਨ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮੁਜਾਹਿਦ ਅਲੀ ਅਤੇ ਸਪੋਰਟਸ ਕਨਵੀਨਰ ਸ਼੍ਰੀ ਮੁਹੰਮਦ ਰਫੀਕ ਨੇ 100 ਮੀਟਰ ਰੇਸ ਦਾ ਸਟਾਰਟ ਦੇ ਕੇ ਕੀਤੀ। ਇਸ ਮੀਟ ਦੇ ਓਵਰਆਲ ਇੰਚਾਰਜ ਸ੍ਰੀ ਮੁਹੰਮਦ ਰਫੀਕ ਅਤੇ ਸ਼੍ਰੀ ਗੁਰਜੰਟ ਸਿੰਘ ਡੀ.ਪੀ.ਈ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ 14 ਸਾਲ ਵਰਗ (ਮੁੰਡੇ) ਵਿੱਚ ਟਾਊਨ ਸਕੂਲ ਦੇ ਗੁਰਸਿਮਰਨ ਸਿੰਘ, ਰਿਹਾਨ ਅਹਿਮਦ, ਮੁਹੰਮਦ ਉਸਮਾਨ, ਜਸਜੋਤ ਸਿੰਘ, ਫਰਹਾਨ ਅਮਜਦ, ਹਰਸਪ੍ਰੀਤ ਸਿੰਘ ਨੇ ਟਰੈਕ ਅਤੇ ਫੀਲਡ ਈਵੈਂਟਸ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। 17 ਸਾਲ ਵਰਗ (ਮੁੰਡੇ) ਵਿੱਚ ਮੁਹੰਮਦ ਸ਼ਾਕਿਰ, ਗੁਰਲਵਲੀਨ, ਸਮਰ ਮੁਸ਼ਤਾਕ, ਮੁਹੰਮਦ ਜ਼ੈਦ ਅਤੇ ਸਾਹਿਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 19 ਸਾਲ ਵਰਗ (ਮੁੰਡੇ) ਵਿੱਚ ਰਿਹਾਨ ਅਲੀ, ਮੁਹੰਮਦ ਮੂਸਾ, ਉਸਮਾਨ ਗਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਅਲੀਨਾ ਪ੍ਰਵੀਨ, ਹਰਪ੍ਰੀਤ ਕੌਰ, ਸਾਨੀਆ, ਅਲੀਸ਼ਾ, ਆਫੀਆ ਇਕਬਾਲ, ਭਵਜੀਤ ਕੌਰ, ਨਗਮਾ ਨੇ ਵੱਖ ਵੱਖ ਈਵੈਂਟਸ ਵਿੱਚ ਗੋਲਡ ਅਤੇ ਸਿਲਵਰ ਮੈਡਲ ਪੱਕੇ ਕੀਤੇ। ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਚੈਅਰਮੇਨ ਜਨਾਬ ਮੁਹੰਮਦ ਉਵੈਸ ਨੇ ਜੈਤੂ ਐਥਲੀਟਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਦ ਟਾਊਨ ਸਕੂਲ ਦੇ ਐਥਲੀਟਾਂ ਦੀ ਸ਼ਾਨਾਮੱਤੀ ਪ੍ਰਾਪਤੀ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਯੋਗ ਅਗਵਾਈ ਸਦਕਾ ਸੰਭਵ ਹੋਈ ਹੈ। ਪ੍ਰਿੰਸੀਪਲ ਦ ਟਾਊਨ ਸਕੂਲ ਸ਼੍ਰੀ ਮੁਜਾਹਿਦ ਅਲੀ ਅਤੇ ਸਪੋਰਟਸ ਕੋਆਰਡੀਨੇਟਰ ਸ਼੍ਰੀ ਮੁਹੰਮਦ ਰਫੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਦ ਹੀ ਜ਼ਿਲ੍ਹਾ ਪੱਧਰੀ ਪੋਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਐਥਲੀਟਾਂ ਨੂੰ ਸਕੂਲ ਦੇ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ।ਇਸ ਮੀਟ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਸ. ਦਰਸ਼ਨ ਸਿੰਘ, ਸ. ਜਸਵਿੰਦਰ ਸਿੰਘ, ਸ. ਸੁਖਜੀਤ ਸਿੰਘ ਅਤੇ ਮੁਹੰਮਦ ਆਰਿਫ਼ ਸਰੀਰਕ ਸਿੱਖਿਆ ਅਧਿਆਪਕਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ।