ਮਲੇਰਕੋਟਲਾ, 17 ਫਰਵਰੀ (ਅਬੂ ਜ਼ੈਦ): “ਹਾਅ ਦਾ ਨਾਅਰਾ” ਦੀ ਸਰ-ਜ਼ਮੀਨ-ਏ ਮਾਲੇਰਕੋਟਲਾ ਵਿਚੋਂ ਇਕ ਵਾਰ ਫਿਰ ਹੱਕ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਲਾਘਾਯੋਗ ਉੱਦਮ ਕੀਤਾ ਗਿਆ ਹੈ । ਸਾਂਈ ਮੀਆਂ ਮੀਰ ਸਾਂਝਾ ਵਿਰਸਾ ਵਰਲਡ ਫਾਂਉਡੇਸ਼ਨ (ਰਜਿ) ਮਲੇਰਕੋਟਲਾ ਇੰਡੀਆ ਵੱਲੋਂ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਗਰੇਵਾਲ ਨੂੰ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਦਸਤਖਤ ਮੁਹਿੰਮ ਦੇ ਮੁਕੰਮਲ ਦਸਤਾਵੇਜ਼ ਸੌਂਪੇ । ਇਸ ਸਬੰਧੀ ਪ੍ਰੈਸ ਨਾਲ ਗਲੱਬਾਤ ਕਰਦਿਆਂ ਚੇਅਰਮੈਨ ਅਬਦੁਲ ਰਸ਼ੀਦ ਮਲਿਕ ਨੇ ਕਿਹਾ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਅਤੇ ਵੱਖ-ਵੱਖ ਵਰਗਾਂ ਦੇ ਜੇਲ੍ਹਾਂ ‘ਚ ਡੱਕੇ ਨਿਰਦੋਸ਼ ਲੋਕਾਂ ਦੀ ਰਿਹਾਈ ਲਈ ਸੰਸਥਾ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ।ਇਸੇ ਤਹਿਤ ਦਸਤਖਤ ਮੁਹਿੰਮ ਤਹਿਤ ਹਜ਼ਾਰਾਂ ਲੋਕਾਂ ਦਾ ਸਮਰਥਨ ਇਸ ਉਪਰਾਲੇ ਲਈ ਲਿਆ ਗਿਆ । ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਘੱਟ ਗਿਣਤੀਆਂ ਤੇ ਹੋ ਰਹੇ ਜ਼ੁਲਮ ਦੇ ਖਿਲਾਫ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਭਾਰਤ ਦੇ ਸੰਵਿਧਾਨ ਵੱਲੋਂ ਦਿੱਤੇ ਹੋਏ ਸਮਾਨਤਾ ਦੇ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਬੰਦੀ ਸਿੰਘਾਂ ਅਤੇ ਹੋਰ ਨਿਰਦੋਸ਼ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤਾਂ ਕਿ ਵਿਵਸਥਾ ਕਾਇਮ ਰਹਿ ਸਕੇ । ਇਸ ਮੌਕੇ ਮੈਡਮ ਜਸਵਿੰਦਰ ਕੌਰ ਸੋਹਲ ਸੂਬਾ ਪ੍ਰਧਾਨ ਹਿਊਮਨ ਰਾਇਟਸ, ਸੀਨੀਅਰ ਪੱਤਰਕਾਰ ਜ਼ਾਹਿਦਾ ਸੁਲੇਮਾਨ, ਕਾਰੀ ਅਨਵਾਰ ਅਹਿਮਦ ਕਾਸਮੀ, ਲਿਆਕਤ ਅਲੀ ਫੌਜੀ, ਮਨਦੀਪ ਸਿੰਘ ਖੁਰਦ, ਸ਼ਫੀਕ ਖਾਨ, ਮੁਹੰਮਦ ਜਮੀਲ, ਮੁਹੰਮਦ ਰਿਜ਼ਵਾਨ ਤੋਂ ਇਲਾਵਾ ਵੱਡੀ ਗਿਣਤੀ ‘ਚ ਪਤਵੰਤੇ ਹਾਜ਼ਰ ਸਨ ।



