ਮੋਦੀ ਦੀ ਇੱਕ ਅੱਖ ਵਿੱਚ ਕਿਸਾਨ ਅਤੇ ਦੂਜੀ ਵਿੱਚ ਮਜ਼ਬੂਤ ਵਿਰੋਧੀ ਧਿਰ ਰੜਕਣ ਲੱਗੀ-ਸ. ਬਹਿਰੂ
ਰਾਜਪੁਰਾ/ਮਲੇਰਕੋਟਲਾ, 12 ਅਗਸਤ (ਬਿਉਰੋ): ਅੱਜ ਇੱਥੇ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਰਾਜਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਰਣਜੀਤ ਸਿੰਘ ਆਕੜ ਦੀ ਅਗਵਾਈ ਹੇਠ ਕਿਸਾਨਾਂ ਦੇ ਵਿਸਫੋਟਕ ਮਸਲਿਆ ਤੇ ਮੀਟਿੰਗ ਹੋਈ । ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਸੀਨੀਅਰ ਆਗੂ ਗੋਬਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜੱਥੇਬੰਦੀ ਦੇ ਕੌਮੀ ਪ੍ਰਧਾਨ ਸ੍ਰ ਸਤਨਾਮ ਸਿੰਘ ਬਹਿਰੂ ਪੁੱਜੇ ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ 13 ਫਰਵਰੀ ਤੋਂ ਦੇਸ਼ ਵਿਆਪਕ ਕਿਸਾਨ ਮੋਰਚਾ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਚੜਦੀਕਲਾ ਵਿੱਚ ਚੱਲ ਰਿਹਾ ਹੈ ਉਹਨਾਂ ਕਿਸਾਨ ਦੋਵੇਂ ਫੋਰਮਾਂ ਦੀ ਕਾਲ ਤੋਂ ਜਾਣੂ ਕਰਵਾਉਦੇ ਹੋਏ ਕਿਹਾ ਕਿ 15 ਅਗਸਤ ਨੂੰ ਪੂਰੇ ਦੇਸ਼ ਵਿੱਚ ਜ਼ਿਲ੍ਹਾ ਪੱਧਰੀ ਰੋਸ ਟਰੈਕਟਰ ਮਾਰਚ ਕਰਕੇ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ । ਜਿਸ ਵਿੱਚ ਕਿਸਾਨ ਆਪੋਂ-ਆਪਣੇ ਟਰੈਕਟਰਾਂ ਤੇ ਝੰਡੇ ਲਾਕੇ ਸ਼ਾਮਿਲ ਹੋਣਗੇ । ਉਨ੍ਹਾਂ ਇਹ ਵੀ ਦੱਸਿਆ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਪਿਛਲੇ ਲੰਮੇ ਸਮੇਂ ਤੋਂ ਵਿਰੋਧੀ ਧਿਰ ਨਹੀਂ ਸੀ ਅਤੇ ਇਸ ਕਿਸਾਨ ਅੰਦੋਲਨ ਕਾਰਨ ਪਹਿਲੀ ਵਾਰ ਹੈ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ 234 ਪਾਰਲੀਮੈਂਟ ਮੈਂਬਰਾਂ ਦੀ ਮਜ਼ਬੂਤ ਵਿਰੋਧੀ ਧਿਰ ਉੱਭਰ ਕੇ ਸਾਹਮਣੇ ਆਈ ਹੈ ਅਤੇ ਚੱਲ ਰਹੇ ਪਾਰਲੀਮੈਂਟ ਇਜਲਾਸ ਵਿੱਚ ਕਿਸਾਨ ਮਸਲਿਆਂ ਦੀ ਗੂੰਜ ਪੈਣ ਲੱਗੀ ਅਤੇ ਜਿਸ ਤਰ੍ਹਾਂ ਅੰਦੋਲਨਕਾਰੀ ਕਿਸਾਨ ਮੋਦੀ ਦੀ ਅੱਖ ਵਿੱਚ ਰੜਕਦੇ ਸਨ ਉਹ ਹੁਣ ਮੋਦੀ ਦੂਜੀ ਅੱਖ ਵਿੱਚ ਵਿਰੋਧੀ ਧਿਰ ਰੜਕਣ ਲੱਗੀ ਤੇ ਹੁਣ ਸ੍ਰੀ ਨਰਿੰਦਰ ਮੋਦੀ ਦੀ ਨੀਂਦ ਉੱਡਣ ਲੱਗੀ ਹੈ । ਸ੍ਰ ਬਹਿਰੂ ਨੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਅਤੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਤੇ ਲਕੀਰ ਮਰਵਾਉਣ ਤੇ ਜਿਨ੍ਹਾਂ ਚਿਰ 14 ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ।ਸ. ਬਹਿਰੂ ਨੇ ਇਸ ਦੇ ਨਾਲ ਨਾਲ ਮੀਟਿੰਗ ਵਿੱਚ ਹਾਜ਼ਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸ੍ਰ ਜਸਪਾਲ ਸਿੰਘ ਨੰਡਾਆਲੀ ਦੀ ਵੀ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦੀ ਡਿਊਟੀ ਲਗਾਈ ਜਿਸ ਤੇ ਮੀਟਿੰਗ ਵਿੱਚ ਹਾਜ਼ਰ ਸਮੂਹ ਕਿਸਾਨਾਂ ਤੇ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ 15 ਅਗਸਤ ਨੂੰ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ । ਅੱਜ ਦੀ ਮੀਟਿੰਗ ਵਿੱਚ ਗੁਰਮੇਲ ਸਿੰਘ ਬੋਸਰ, ਬਲਿਹਾਰ ਸਿੰਘ ਰੁੜਕੀ, ਗੋਬਿੰਦਰ ਸਿੰਘ ਰਾਜਪੁਰਾ, ਹਰਿੰਦਰ ਸਿੰਘ ਨੰਡਾਆਲੀ, ਬਲਦੇਵ ਸਿੰਘ ਪੰਬਰੀ, ਜਗਦੀਪ ਸਿੰਘ ਪ੍ਰੈਸ ਸਕੱਤਰ ਰਾਜਪੁਰਾ, ਨਿਵਾਬ ਸਿੰਘ ਨੀਲਪੁਰ, ਅਵਤਾਰ ਸਿੰਘ ਪਮੋਰ, ਗਿਆਨ ਸਿੰਘ ਨੀਲਪੁਰ, ਹਰਭਜਨ ਸਿੰਘ ਨੀਲਪੁਰ, ਸੁਖਵਿੰਦਰ ਸਿੰਘ ਸੋਰੂ, ਜਸਮੇਰ ਸਿੰਘ ਫੋਜੀ, ਅਜੈਬ ਸਿੰਘ, ਮੁਖਤਿਆਰ ਸਿੰਘ ਸੰਧੂ, ਯੂਥ ਪ੍ਰਧਾਨ ਦਲਜੀਤ ਸਿੰਘ ਸੰਧੂ ਅਤੇ ਵੱਡੀ ਗਿਣਤੀ ‘ਚ ਸਰਗਰਮ ਵਰਕਰ ਸ਼ਾਮਿਲ ਹੋਏ।



