ਸ਼ੰਭੂ/ਮਲੇਰਕੋਟਲਾ, 27 ਮਈ (ਬਿਉਰੋ): ਕਿਸਾਨਾਂ ਦੇ “ਦਿੱਲੀ ਕੂਚ” ਦੇ ਪ੍ਰੋਗਰਾਮ ਤੋਂ ਬਾਅਦ 13 ਫਰਵਰੀ ਤੋਂ ਪੰਜਾਬ-ਹਰਿਆਣਾ ਦੇ ਬਾਰਡਰਾਂ ਖਨੌਰੀ, ਸ਼ੰਭੂ, ਡੱਬਵਾਲੀ ਉੱਤੇ ਕਿਸਾਨਾਂ ਨੇ ਪੱਕੇ ਮੋਰਚੇ ਲਗਾਏ ਹੋਏ ਹਨ । ਪਿਛਲੇ 104 ਦਿਨਾਂ ਤੋਂ ਕਿਸਾਨ ਆਪਣੀਆਂ ਪੁਰਾਣੀਆਂ ਮੰਗਾਂ ਜੋ ਕਿ ਦਿੱਲੀ ਦੇ ਸਿੰਘੂ-ਟਿਕਰੀ ਵਾਲੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਮੰਨ ਲਈਆਂ ਸਨ ਨੂੰ ਪੂਰੀਆਂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰੰਤੂ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਦੇ ਅੰਦੋਲਨ ਨੂੰ ਅਣਗੌਲਿਆ ਕਰ ਰਹੀਆਂ ਹਨ । ਲੋਕ ਸਭਾ ਚੋਣਾਂ 2024 ਵਿੱਚ ਇਸੇ ਲਈ ਕਿਸਾਨ ਬੀਜੇਪੀ ਦੇ ਉਮੀਦਵਾਰਾਂ ਦਾ ਦੇਸ਼ ਭਰ ਵਿੱਚ ਵਿਰੋਧ ਕਰ ਰਹੇ ਹਨ । ਇਸੇ ਲੜੀ ਤਹਿਤ ਐਮ ਐਮ ਅਤੇ ਐਸ ਕੇ ਐਮ (ਗੈਰ ਰਾਜਨੀਤਿਕ) ਦੋਨਾਂ ਫੋਰਮਾਂ ਵਲੋਂ ਮੀਟਿੰਗ ਵਿੱਚ ਪਾਸ ਕੀਤਾ ਗਿਆ ਕਿ ਬੀਜੇਪੀ ਦੇ ਪੰਜਾਬ ਚ ਸਾਰੇ 13 ਉਮੀਦਵਾਰਾਂ ਦੇ ਘਰਾਂ ਮੂਹਰੇ ਧਰਨੇ ਲਗਾਏ ਜਾਣਗੇ । ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਨੇ ਦੇ ਦੱਸਿਆ ਕਿ ਲਗਣਗੇ ਧਰਨੇ 28 ਮਈ ਨੂੰ 12 ਵਜੇ ਤੋਂ 4 ਵਜੇ ਤੱਕ ਸਮੁੱਚੇ ਪੰਜਾਬ ਵਿੱਚ ਬੀਜੇਪੀ ਦੇ ਸਾਰੇ ਉਮੀਦਵਾਰਾਂ ਦੇ ਘਰਾਂ ਦੇ ਸਾਹਮਣੇ ਕਿਸਾਨ ਯੂਨੀਅਨਾਂ ਵੱਲੋਂ ਧਰਨੇ ਲਗਾਕੇ ਵਿਰੋਧ ਕੀਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਹਰਿਆਣੇ ਦੇ ਬੇਕਸੂਰ ਜੇਲ੍ਹ ਵਿੱਚ ਡੱਕੇ ਨੌਜਵਾਨ ਨਵਦੀਪ ਸਿੰਘ ਅਤੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ । ਉਹਨਾਂ ਦੱਸਿਆ ਕਿ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ, ਬਠਿੰਡਾ ਤੋਂ ਧਰਮਪਾਲ ਕੌਰ ਮਲੂਕਾ, ਫਰੀਦਕੋਟ ਤੋਂ ਹੰਸ ਰਾਜ ਹੰਸ, ਅਮ੍ਰਿੰਤਸਰ ਤੋਂ ਤਰਨਜੀਤ ਸੰਧੂ, ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ, ਪਠਾਨਕੋਟ ਤੋਂ ਦਿਨੇਸ਼ ਬੱਬੂ, ਜਲੰਧਰ ਤੋਂ ਸੁਸ਼ੀਲ ਰਿੰਕੂ, ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਸੰਗਰੂਰ ਤੋਂ ਅਰਵਿੰਦ ਖੰਨਾ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਫਿਰੋਜ਼ਪੁਰ ਤੋਂ ਰਾਣਾ ਸੋਢੀ, ਫਤਿਹਗੜ੍ਹ ਸਾਹਿਬ ਤੋਂ ਗੇਜਾ ਰਾਮ ਬਾਲਮੀਕੀ, ਅਨੰਦਪੁਰ ਸਾਹਿਬ ਤੋਂ ਸੁਭਾਸ਼ ਸ਼ਰਮਾ ਦੇ ਘਰ ਦੇ ਮੂਹਰੇ ਧਰਨੇ ਲਗਾਕੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ।ਇਸ ਤੋਂ ਇਲਾਵਾ ਦਾਦੂ ਜੋਧ ਪਿੰਡ (ਅਮ੍ਰਿਤਸਰ), ਫਾਜਲਿਕਾ ‘ਚ ਸੁਨੀਲ ਜਾਖੜ, ਮਮਦੋਟ ਸਮੇਤ ਬੀਜੇਪੀ ਦੇ ਵੱਡੇ ਆਗੂਆਂ ਦੇ ਘਰਾਂ ਬਾਹਰ ਵੀ ਧਰਨੇ ਲਗਾਏ ਜਾਣਗੇ । ਇਸੇ ਤਰ੍ਹਾਂ ਹਰਿਆਣਾ ਸਟੇਟ ਵਿੱਚ ਵੀ ਵੱਡੀ ਗਿਣਤੀ ਵਿੱਚ ਕਿਸਾਨ ਬੀਜੇਪੀ ਉਮੀਦਵਾਰਾਂ ਦੇ ਘਰਾਂ ਦਾ ਘੇਰਾਓ ਕਰਨਗੇ ।



