ਸਿੱਖ ਸੰਗਤ ਚ 30-30 ਸਾਲਾਂ ਤੋਂ ਜੇਲਾਂ ਚ ਡੱਕੇ ਬੰਦੀ ਸਿੰਘਾਂ ਦੀ ਕੇਂਦਰ ਵੱਲੋਂ ਰਿਹਾਈ ਨਾ ਕਰਨ ਦਾ ਹੈ ਰੋਸ- ਤਾਲਮੇਲ ਕਮੇਟੀ
ਚੰਡੀਗੜ੍ਹ/ਮਲੇਰਕੋਟਲਾ, 01 ਦਸੰਬਰ (ਬਿਉਰੋ): ਭਲਕੇ 03 ਦਿਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੌਰਾਨ ਕੌਮੀ ਇਨਸਾਫ ਮੋਰਚੇ ਵੱਲੋਂ ਡੱਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ । ਮੋਰਚਾ ਤਾਲਮੇਲ ਕਮੇਟੀ ਦੇ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 22 ਮਹੀਨਿਆਂ ਤੋਂ ਮੋਹਾਲੀ ਚੰਡੀਗੜ੍ਹ ਦੇ 52 ਸੈਕਟਰ ਨੇੜੇ ਵਾਈ,ਪੀ,ਐਸ ਚੌਕ ਤੇ ਲਗਾਏ ਕੌਮੀ ਇਨਸਾਫ ਮੋਰਚੇ ਵੱਲੋਂ ਪੱਕੇ ਧਰਨੇ ਵਿੱਚ ਲਗਾਤਾਰ ਰਹਿੰਦੀਆਂ, ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਵਿੱਚ ਇਸ ਗੱਲ ਦਾ ਰੋਸ ਪਾਇਆ ਜਾ ਰਿਹਾ ਕਿ ਇੱਕ ਦੇਸ਼ ਵਿੱਚ ਦੋ ਕਾਨੂੰਨ ਕਿਉਂ ਹਨ ਹਮੇਸ਼ਾਂ ਸਿੱਖਾਂ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਹੈ, 30-30 ਸਾਲਾਂ ਦੇ ਜੇਲਾਂ ਚ ਬੰਦ ਸਾਡੇ ਬੰਦੀ ਸਿੰਘ ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ, ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਜਥੇਦਾਰ ਗੁਰਨਾਮ ਸਿੰਘ ਚੰਡੀਗੜ, ਕਾਲਾ ਝਾੜ ਸਾਹਬ, ਟੋਨੀ ਘੜੂੰਆਂ, ਪਾਲ ਘੜੂੰਆਂ, ਕਰਮਾਂ ਨੰਬਰਦਾਰ, ਸੇਵਾ ਸਿੰਘ ਚੰਡੀਗੜ੍ਹ ਅਤੇ ਸੁੱਖ ਗਿਲ਼ ਮੋਗਾ ਨੇ ਕੀਤਾ । ਆਗੂਆਂ ਨੇ ਕਿਹਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ ਹਨ ਪਰੰਤੂ 11 ਸਾਲਾਂ ਚ ਇੱਕ ਵਾਰ ਵੀ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ । ਆਗੂਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਮੇਂ-ਸਮੇਂ ਤੇ ਪੰਜਾਬ ਸਰਕਾਰ ਖਿਲਾਫ ਵੀ ਪ੍ਰਦਰਸ਼ਨ ਕੀਤੇ ਗਏ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਸਿੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਨੇ ਅੱਜ ਤੱਕ ਬੰਦੀ ਸਿੰਘ ਦੀ ਰਿਹਾਈ ਲਈ ਇੱਕ ਵੀ ਮੀਟਿੰਗ ਤਾਲ-ਮੇਲ ਕਮੇਟੀ ਕੌਮੀ ਇਨਸਾਫ ਮੋਰਚੇ ਦੀ ਨਹੀਂ ਬੁਲਾਈ ਅਤੇ ਨਾ ਹੀ ਕਦੇ ਬੰਦੀ ਸਿੰਘਾਂ ਲਈ ਹਾਅ ਦਾ ਨਾਅਰਾ ਮਾਰਿਆ ਹੈ, ਪੰਜਾਬ ਦੇ ਲੋਕਾਂ ਨੂੰ ਬੜੀ ਆਸ ਸੀ ਕੇ ਜੇ ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਆਵੇਗੀ ਤਾਂ ਸਾਡੇ ਗੁਰੂ ਗ੍ਰੰਥ ਸਾਹਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ ਅਤੇ ਸਿੱਖ ਕੌਮ ਦੇ ਹੋਰ ਮਸਲੇ ਹਨ ਜੋ ਹੱਲ ਹੋਣਗੇ ਪਰ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਪਛਤਾਅ ਰਹੇ ਹਨ ਕੇ ਅਸੀਂ 92 ਐਮ ਐਲ ਏ ਨਹੀਂ ਬਲਕਿ ਮੂਰਤੀਆਂ ਚੁਣ ਲਈਆਂ ਹਨ,ਆਗੂਆਂ ਨੇ ਪ੍ਰੈਸ ਨੂੰ ਜਾਣੀਕਾਰੀ ਦਿੱਤੀ ਕੇ 3 ਦਿਸੰਬਰ ਨੂੰ ਪ੍ਰਧਾਨ ਮੰਤਰੀ ਦੀ ਚੰਡੀਗੜ ਫੇਰੀ ਤੇ “ਮੋਦੀ ਗੋ ਬੈਕ” ਦੇ ਪੰਪਲੇਟ ਛਪਵਾਕੇ ਸ਼ਾਂਤ ਮਈ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਮੀਟਿੰਗ ਵਿੱਚ ਦਲਜੀਤ ਸਿੰਘ ਭਾਊ ਲੱਖੋਵਾਲ ਯੂਨੀਅਨ, ਬਾਬਾ ਰਾਜਾ ਰਾਜ ਸਿੰਘ, ਬਾਬਾ ਕੁਲਵਿੰਦਰ ਸਿੰਘ, ਪੀ ਐਸ ਗਿੱਲ, ਚਰਨਜੀਤ ਚੰਨੀ, ਬਲਜੀਤ ਸਿੰਘ ਰੁੜਕੀ, ਮੇਵਾ ਘੜੂੰਆਂ, ਜਗਤਾਰ ਕੁੰਬੜਾਂ, ਲਖਮੀਰ ਨਿਹੰਗ ਕੁੰਬੜਾਂ, ਕਰਨੈਲ ਸਿੰਘ ਪਾਤੜਾਂ, ਜੀਤ ਸਿੰਘ, ਸਾਹਬ ਆਈ ਟੀ ਸੈਲ, ਬਿੱਲਾ ਨਿਹੰਗ ਸਿੰਘ, ਬਾਬਾ ਪਵਨਦੀਪ ਸਿੰਘ, ਗੁੱਜਰ ਤੋਤੇਵਾਲ, ਗੋਰਾ ਤਖਾਨਬੱਦ, ਮੱਖਣ ਸਿੰਘ, ਬਾਪੂ ਲਾਭ ਸਿੰਘ ਹਾਜਰ ਸਨ ।



