ਗ੍ਰਹਿ ਮੰਤਰੀ ਰਾਜੋਆਣਾ ਦੇ ਪਛਤਾਵੇ ਦਾ ਕਹਿ ਰਹੇ ਨੇ, ਕੀ ਉਹਨਾਂ ਨੂੰ ਗੋਧਰਾ ‘ਚ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਪਛਤਾਵਾ ਹੈ? ਬਾਬਾ ਰਾਜਾ ਰਾਜ ਸਿੰਘ
ਐਸ.ਏ.ਐਸ. ਨਗਰ/ਮਲੇਰਕੋਟਲਾ, 26 ਜਨਵਰੀ (ਬਿਉਰੋ): ਅੱਜ 75ਵੇਂ ਗਣਤੰਤਰ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਉੱਥੇ ਹੀ ਦੇਸ਼ ਦਾ ਇੱਕ ਤਬਕਾ ਅਜਿਹਾ ਵੀ ਹੈ ਜੋ ਇਸ ਨੂੰ ਕਾਲੇ ਦਿਵਸ ਵਜੋਂ ਮਨਾ ਰਿਹਾ ਹੈ । ਕੌਮੀ ਇਨਸਾਫ ਮੋਰਚੇ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀਆਂ ਦੇ ਇਨਸਾਫ, ਬੇਕਸੂਰ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਖਿਲਾਫ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਇਨਸਾਫ ਲਈ ਚੰਡੀਗੜ੍ਹ ਦੀਆਂ ਬਰੂਹਾਂ ‘ਤੇ 7 ਜਨਵਰੀ 2023 ਤੋਂ ਪੱਕਾ ਧਰਨਾ ਲੱਗਾ ਹੋਇਆ ਹੈ । ਕੇਂਦਰ ਅਤੇ ਸੂਬਾ ਸਰਕਾਰਾਂ ਨੇ 385 ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਅਣਗੌਲਿਆਂ ਕੀਤਾ ਹੈ ਜਿਸ ਨਾਲ ਦੇਸ਼ ਅੰਦਰ ਵੱਸਦੀਆਂ ਘੱਟਗਿਣਤੀਆਂ ਦਾ ਵਿਸ਼ਵਾਸ ਅਦਾਲਤਾਂ ਅਤੇ ਸਰਕਾਰਾਂ ਤੋਂ ਉੱਠ ਚੁੱਕਾ ਹੈ । ਇਸੇ ਰੋਸ ਵਜੋਂ ਮੋਰਚੇ ਦੇ ਪ੍ਰਬੰਧਕ ਨਿਹੰਗ ਜੱਥੇਬੰਦੀ ਦੇ ਆਗੂ ਬਾਬਾ ਰਾਜਾ ਰਾਜ ਸਿੰਘ ਅਤੇ ਪਾਲ ਸਿੰਘ ਫਰਾਂਸ ਦੀ ਅਗਵਾਈ ਵਿੱਚ ਕਿਸਾਨ ਜੱਥੇਬੰਦੀਆਂ ਦੇ ਸਹਿਯੋਗ ਨਾਲ ਵਾਈ.ਪੀ.ਐਸ. ਚੌਂਕ ਤੋਂ ਗੁਰਦੁਆਰਾ ਸੁਹਾਨਾ ਤੱਕ ਘੋੜਿਆਂ, ਟਰੈਕਟਰਾਂ, ਕਾਰਾਂ, ਜੀਪਾਂ ਅਤੇ ਵੱਡੀ ਗਿਣਤੀ ‘ਚ ਪੈਦਲ ਸੰਗਤ ਵੱਲੋਂ ਰੋਸ ਮਾਰਚ ਕੱਢਿਆ ਗਿਆ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਾਬਾ ਰਾਜ ਸਿੰਘ ਨੇ ਕਿਹਾ ਕਿ ਅਸੀਂ ਸੰਵਿਧਾਨ ਦੀ ਮਰਿਆਦਾ ਵਿੱਚ ਰਹਿਕੇ 13 ਮਹੀਨਿਆਂ ਤੋਂ ਸ਼ਾਂਤਮਈ ਧਰਨਾ ਲਗਾਕੇ ਬੈਠੇ ਹਾਂ ਅਤੇ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਅਤੇ ਦੂਜੀਆਂ ਘੱਟਗਿਣਤੀਆਂ ਨਾਲ ਧੱਕਾ ਕੀਤਾ ਹੈ । ਖਾਲਸ ਟੀਵੀ ਦੇ ਪੱਤਰਕਾਰ ਦੇ ਸਵਾਲ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਵਿੱਚ ਬਿਆਨ ਦਿੰਦੇ ਹਨ ਕਿ ਜਦੋਂ ਉਹਨਾਂ ਨੂੰ ਆਪਣੇ ਕੀਤੇ ਉੱਤੇ ਪਛਤਾਵਾ ਹੀ ਨਹੀਂ ਤਾਂ ਰਿਹਾਈ ਕਿਵੇਂ ਹੋ ਸਕਦੀ ਹੈ? ਦੇ ਜਵਾਬ ‘ਚ ਬਾਬਾ ਰਾਜ ਸਿੰਘ ਨੇ ਕਿਹਾ ਕਿ 2002 ਵਿੱਚ ਗੁਜਰਾਤ ‘ਚ ਇਹਨਾਂ ਨੇ ਗੋਧਰਾ ਕਾਂਡ ਕਰਵਾ ਕੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਕੀ ਉਹਨਾਂ ਨੇ ਅੱਜ ਤੱਕ ਪਛਤਾਵਾ ਕੀਤਾ? ਉਹਨਾਂ ਕਿਹਾ ਕਿ ਸੱਤਾ ਦੀ ਸਨਕ ਵਿੱਚ ਸਿੱਖਾਂ ਅਤੇ ਘੱਟਗਿਣਤੀਆਂ ਉੱਤੇ ਜ਼ੁਲਮ ਕਰ ਰਹੇ ਹਨ ਪਰੰਤੂ ਸਮਾਂ ਬਦਲੇਗਾ, ਖਾਲਸੇ ਦਾ ਰਾਜ ਆਵੇਗਾ, ਬੰਦੀ ਸਿੰਘ, ਭਾਈ ਅੰਮ੍ਰਿਤਾਪਲ ਸਿੰਘ ਸਮੇਤ ਸਾਰੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚੋਂ ਬਾਹਰ ਕੱਢਿਆ ਜਾਵੇਗਾ ।
ਮੋਰਚੇ ਦੇ ਸਰਪ੍ਰਸਤ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਦੇਸ਼ ਦੀਆਂ ਅੰਨ੍ਹੀਆਂ, ਬੋਲੀਆਂ, ਗੂੰਗੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਜਗਾਉਣ ਲਈ ਅੱਜ ਗਣਤੰਤਰ ਦਿਵਸ ਮੌਕੇ ਰੋਸ਼ ਦਿਵਸ ਵਜੋਂ ਮਨਾਉਣਾ ਪੈ ਰਿਹਾ ਹੈ । ਸਰਕਾਰਾਂ ਅਤੇ ਅਦਾਲਤਾਂ ਨੇ ਅੱਖਾਂ ਉੱਤੇ ਪੱਟੀ ਬੰਨ ਲਈ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਉੱਤੇ ਐਲਾਨ ਕਰਦੇ ਹਨ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇਗਾ ਪਰੰਤੂ ਉਹ ਵੀ ਜੁਮਲਾ ਹੀ ਨਿਕਲਿਆ । ਇੱਕ ਪਾਸੇ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਹੇ ਸੌਦਾ ਸਾਧ ਨੂੰ ਹਰ ਮਹੀਨੇ ਪੈਰੋਲਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਸੰਵਿਧਾਨ ਦੀਆਂ ਧੱਜੀਆਂ ਉਡਾਕੇ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ । ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ ਪਰੰਤੂ ਕਿਸੇ ਵੀ ਪਾਰਟੀ ਨੇ ਸਿੱਖਾਂ ਨਾਲ ਇਨਸਾਫ ਨਹੀਂ ਕੀਤਾ ।



